ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਦਿੱਤਾ ਅਸਤੀਫ਼ਾ

ਕੋਵਿਡ ਮਹਾਮਾਰੀ ਦੌਰਾਨ ਦੋ ਅਫ਼ਸਰਾਂ ਨੇ 75 ਲੱਖ ਦਾ ਗਬਨ ਕੀਤਾ, ਡਾ. ਮਨਜੀਤ ਸਿੰਘ ਨੇ ਰਿਪੋਰਟ ’ਚ ਕੀਤਾ ਖੁਲਾਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਪੰਜਾਬ ਦੇ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਦੇ ਪੰਜਾਬ ਕੈਬਨਿਟ ਤੋਂ ਬਾਹਰ ਹੋਣ ਮਗਰੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀਐਚਐਸਸੀ) ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੇਵਾਮੁਕਤ ਤੋਂ ਬਾਅਦ ਵੀ ਉਨ੍ਹਾਂ ਨੂੰ ਅਹਿਮ ਅਹੁਦੇ ਕੇ ਨਿਵਾਜਿਆ ਗਿਆ। ਮਨਜੀਤ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਭੇਜੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣਾ ਤਿਆਗ ਪੱਤਰ ਦੇ ਰਹੇ ਹਨ।
ਮੁਹਾਲੀ ਦੇ ਸਿਵਲ ਸਰਜਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਤਤਕਾਲੀ ਸਿਹਤ ਮੰਤਰੀ ਦੀ ਸਿਫ਼ਾਰਸ਼ ’ਤੇ ਡਾ. ਮਨਜੀਤ ਸਿੰਘ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦਾ ਡਾਇਰੈਕਟਰ ਲਗਾਇਆ ਗਿਆ ਸੀ ਅਤੇ ਉਨ੍ਹਾਂ ਨੇ 11 ਜਨਵਰੀ 2021 ਨੂੰ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਉਹ 12 ਫਰਵਰੀ 1985 ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਏ ਸਨ। ਅੱਖ ਰੋਗਾਂ ਦੇ ਮਾਹਰ ਡਾ. ਮਨਜੀਤ ਸਿੰਘ ਨੇ ਸਾਢੇ 36 ਸਾਲ ਦੇ ਕਾਰਜਕਾਲ ਦੌਰਾਨ ਇਮਾਨਦਾਰੀ ਅਤੇ ਬੇਦਾਗ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ 21 ਜੂਨ 2019 ਤੋਂ 8 ਅਕਤੂਬਰ 2020 ਤੱਕ ਮੁਹਾਲੀ ਦੇ ਸਿਵਲ ਸਰਜਨ ਵਜੋਂ ਬੇਮਿਸਾਲ ਸੇਵਾਵਾਂ ਨਿਭਾਈਆਂ।
ਇਸ ਤੋਂ ਬਾਅਦ ਉਹ 8 ਅਕਤੂਬਰ 2020 ਤੋਂ 31 ਦਸੰਬਰ 2020 ਤੱਕ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਰਹੇ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੌਰਾਨ ਬੇਮਿਸਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਉਣ ਬਦਲੇ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ’ਤੇ ਸਟੇਟ ਐਵਾਰਡ ਦੇ ਕੇ ਨਿਵਾਜਿਆ ਸੀ। ਡਾ. ਮਨਜੀਤ ਸਿੰਘ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ। ਕਾਰਪੋਰੇਸ਼ਨ ਡਾਇਰੈਕਟਰ ਵਜੋਂ ਹੋਰਨਾਂ ਪ੍ਰਾਪਤੀਆਂ ਤੋਂ ਇਲਾਵਾ ਉਨ੍ਹਾਂ ਨੇ ਇਕ ਤਾਜ਼ਾ ਮਾਮਲੇ ਵਿੱਚ ਪਾਰਦਰਸ਼ਤਾ ਢੰਗ ਨਾਲ ਜਾਂਚ ਕਰਕੇ ਆਪਣੀ ਰਿਪੋਰਟ ਵਿੱਚ ਦੋ ਅਧਿਕਾਰੀਆਂ ਨੂੰ 75 ਲੱਖ ਰੁਪਏ ਦੇ ਗਬਨ ਦਾ ਦੋਸ਼ੀ ਕਰਾਰ ਦਿੱਤਾ। ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰ ਰਹੇ ਇਨ੍ਹਾਂ ਅਧਿਕਾਰੀਆਂ ਨੇ ਕੋਵਿਡ ਮਹਾਮਾਰੀ ਦੌਰਾਨ ਉਕਤ ਰਾਸ਼ੀ ਆਪਣੇ ਖਾਤਿਆਂ ਵਿੱਚ ਤਬਦੀਲ ਕਰ ਲਈ ਸੀ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…