
ਤਿੰਨ ਸਾਲਾਂ ਵਿੱਚ ਪੰਜਾਬ ਦੇ ਸਿਰ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ: ਸੰਜੀਵ ਵਸ਼ਿਸ਼ਟ
ਪੰਜਾਬ ਸਰਕਾਰ ਦਾ ਬਜਟ ਖੋਖਲਾ, ਖ਼ਜ਼ਾਨਾ ਖਾਲੀ, ਸੜਕਾਂ ਦੀ ਹਾਲਤ ਮਾੜੀ: ਸੰਜੀਵ ਵਸ਼ਿਸ਼ਟ
ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ:
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਪੂਰੀ ਤਰ੍ਹਾਂ ਖੋਖਲਾ ਦੱਸਦਿਆਂ ਕਿਹਾ ਕਿ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਦਰਅਸਲ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ। ਸਰਕਾਰ ਵਿਦੇਸ਼ਾਂ ਦੀ ਤਰਜ਼ ’ਤੇ ਸੜਕਾਂ ਬਣਾਉਣ ਦੀ ਗੱਲ ਕਰ ਰਹੀ ਹੈ ਪਰ ਮੁਹਾਲੀ ਦੀਆਂ ਜ਼ਿਆਦਾਤਰ ਸੜਕਾਂ ਦੀ ਹਾਲਤ ਖਸਤਾ ਹੈ। ਚੱਪੜਚਿੜੀ ਸੜਕ ਤੋਂ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਟੈਕਨਾਲੋਜੀ ਐਕਸਟੈਨਸ਼ਨ ਸੈਂਟਰ ਬਣਾਉਣ ਦਾ ਐਲਾਨ ਕੀਤਾ ਹੈ ਜਦੋਂਕਿ ਇਹ ਯੋਜਨਾ ਕੇਂਦਰ ਸਰਕਾਰ ਦੀ ਹੈ। ਕੇਂਦਰੀ ਯੋਜਨਾ ਦੇ ਤਹਿਤ ਰਾਜ ਸਰਕਾਰਾਂ ਤੋਂ ਜ਼ਮੀਨ ਲੀਜ਼ ’ਤੇ ਲਈ ਜਾਵੇਗੀ ਅਤੇ ਪੈਸਾ ਕੇਂਦਰ ਸਰਕਾਰ ਵੱਲੋਂ ਖ਼ਰਚਿਆਂ ਜਾਣਾ ਹੈ।
ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਕਿਸੇ ਵੀ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਪਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸ ਕੇ ਫੌਕੀ ਟੌਅਰ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਕਾਫ਼ੀ ਥਾਵਾਂ ’ਤੇ ਡੂੰਘੇ ਖੱਡਿਆਂ ਕਾਰਨ ਹਾਦਸੇ ਵਾਪਰ ਰਹੇ ਹਨ। ਸਰਕਾਰ ਕੋਲ ਫੰਡਾਂ ਦੀ ਘਾਟ ਹੈ, ਫਿਰ ਵੀ ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਪੰਜਾਬ ਦਾ ਕਰਜ਼ਾ ਲਗਾਤਾਰ ਵਧ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਵਧਿਆ ਹੈ। ਸਰਕਾਰ ਕੋਲ ਮਾਲੀਆ ਵਧਾਉਣ ਦੀ ਕੋਈ ਠੋਸ ਯੋਜਨਾ ਨਹੀਂ ਹੈ। ਉਦਯੋਗਾਂ ਦੀ ਹਾਲਤ ਮਾੜੀ ਹੈ, ਬੇਰੁਜ਼ਗਾਰੀ ਵਧ ਰਹੀ ਹੈ। ਸਰਕਾਰ ਨੇ ਕਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਪਰ ਇਨ੍ਹਾਂ ਨੂੰ ਫੰਡ ਦੇਣ ਲਈ ਕੋਈ ਸਪੱਸ਼ਟ ਰੋਡਮੈਪ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਮੁਫ਼ਤ ਸਕੀਮਾਂ ਚਲਾ ਕੇ ਪੰਜਾਬ ਦੀ ਹਾਲਤ ਹੋਰ ਵੀ ਬਦਤਰ ਕਰ ਦਿੱਤੀ ਹੈ ਅਤੇ ਸੂਬੇ ਨੂੰ ਕਰਜ਼ੇ ਵਿੱਚ ਡੋਬ ਕੇ ਰੱਖ ਦਿੱਤਾ ਹੈ। ਕਈ ਵਿਭਾਗ ਘਾਟੇ ਵਿੱਚ ਚੱਲ ਰਹੇ ਹਨ ਅਤੇ ਜਿਨ੍ਹਾਂ ਨੂੰ ਘਾਟੇ ’ਚੋਂ ਕੱਢਣ ਲਈ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ।