Nabaz-e-punjab.com

ਪੰਜਾਬ ਵਿੱਚ ਸਿਰਫ਼ ਢਾਈ ਸਾਲਾਂ ਦੇ ਅਰਸੇ ਵਿੱਚ 50 ਹਜ਼ਾਰ ਕਰੋੜ ਦਾ ਨਿਵੇਸ਼ ਕਰਵਾਇਆ: ਮਨਪ੍ਰੀਤ ਬਾਦਲ

ਉੱਘੇ ਸਨਅਤੀ ਘਰਾਣਿਆਂ ਨੂੰ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2019 ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਦਿੱਤਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਮਾਲੀਆ ਵੰਡ ਅਨੁਪਾਤ ਵਿੱਚ ਪੰਜਾਬ ਨਾਲ ਪੱਖਪਾਤ ਕਰਨ ਦੀ ਆਲੋਚਨਾ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜੀਐਸਟੀ ’ਚੋਂ ਰਾਜ ਦਾ ਹਿੱਸਾ ਤੁਰੰਤ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ ਤਾਂ ਕਿ ਅਦਾਇਗੀ ਵਿੱਚ ਦੇਰੀ ਹੋਣ ਨਾਲ ਪੰਜਾਬ ਨੂੰ ਵਾਰ ਵਾਰ ਨੁਕਸਾਨ ਨਾ ਝੱਲਣਾ ਪਵੇ। ਅੱਜ ਸ਼ਾਮ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਉਨ੍ਹਾਂ ਆਰਥਿਕਤਾ ਸਬੰਧੀ ਮਾੜੀਆਂ ਨੀਤੀਆਂ ਲਈ ਜ਼ਿੰਮੇਵਾਰ ਮੋਦੀ ਸਰਕਾਰ ਨੂੰ ਰੱਜ ਕੇ ਕੋਸਿਆ।
ਮੁਹਾਲੀ ਵਿੱਚ 5 ਅਤੇ 6 ਦਸੰਬਰ ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2019 ਸਬੰਧੀ ਇਨਵੈਸਟ ਪੰਜਾਬ ਵੱਲੋਂ ਸਨਅਤਕਾਰਾਂ ਦੀਆਂ ਮੁਸ਼ਕਲਾਂ ਜਾਣਨ ਲਈ ਕਰਵਾਏ ਸੰਮੇਲਨ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਫਲਤਾ ਨਾਲ ਇੰਸਪੈਕਟਰ ਰਾਜ ਦਾ ਖ਼ਾਤਮਾ ਕੀਤਾ ਹੈ, ਜੋ ਸਨਅਤ ਨੂੰ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਇਆ ਹੈ ਅਤੇ ਇਸ ਨਾਲ ਪੰਜਾਬ ਵਿੱਚ ਪਿਛਲੇ ਢਾਈ ਸਾਲਾਂ ਦੌਰਾਨ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ।
ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਵਚਨਬੱਧਤਾ ਦੁਹਰਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਮਰੱਥਾ ਹੈ ਕਿ ਉਹ ਸਨਅਤ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣ ਸਕਦਾ ਹੈ। ਉਨ੍ਹਾਂ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਕਰਨ ਲਈ ਕੀਤੀਆਂ ਨੀਤੀਗਤ ਪਹਿਲਾਂ ਵੀ ਗਿਣਾਈਆਂ। ਉਨ੍ਹਾਂ ਵੱਡੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਹੋਰ ਨਿਵੇਸ਼ ਕਰਨ ਤਾਂ ਕਿ ਸੂਬੇ ਨੂੰ ਨਿਵੇਸ਼ ਪੱਖੋਂ ਉਚਾਈਆਂ ਉੱਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਵਿਸ਼ਵ ਪੱਧਰ ਦੇ ਇੰਜੀਨੀਅਰ ਤੇ ਤਕਨੀਸ਼ੀਅਨ ਹਨ, ਜੋ ਉੱਭਰਦੇ ਉੱਦਮੀਆਂ ਲਈ ਲਾਭਕਾਰੀ ਸਾਬਤ ਹੋ ਸਕਦੇ ਹਨ। ਸਨਅਤਕਾਰ ਤੇ ਇਹ ਤਕਨੀਸ਼ੀਅਨ ਮਿਲ ਕੇ ਰਾਜ ਦੇ ਆਰਥਿਕ ਪੱਖੋਂ ਸੁਨਹਿਰੀ ਦੌਰ ਨੂੰ ਵਾਪਸ ਲਿਆ ਸਕਦੇ ਹਨ। ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2019 ਲਈ ਉੱਦਮੀਆਂ ਨੂੰ ਨਿੱਜੀ ਤੌਰ ਉੱਤੇ ਸੱਦਾ ਦਿੰਦਿਆਂ ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਵਿੱਚ ਵਪਾਰ ਦੀ ਸਮਰੱਥਾ ਨੂੰ ਹੋਰ ਸਿਖਰ ਉੱਤੇ ਪਹੁੰਚਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।
ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨਾਲ ਵਿੱਤੀ ਸੰਸਥਾਵਾਂ ਵਿੱਚ ਲੋਕਾਂ ਦਾ ਸਮੁੱਚਾ ਵਿਸ਼ਵਾਸ ਡਾਵਾਂਡੋਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਆਪਣੀ ਗਤੀਸ਼ੀਲ ਲੀਡਰਸ਼ਿਪ ਦੀ ਅਗਵਾਈ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਉਸਾਰੂ ਮਾਹੌਲ ਸਿਰਜਿਆ ਹੈ।
ਇਸ ਤੋਂ ਪਹਿਲਾਂ ਇੰਡਸਟਰੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਨਅਤਕਾਰਾਂ ਨਾਲ ਵਿਚਾਰ ਚਰਚਾ ਸੈਸ਼ਨ ਦੀ ਅਗਵਾਈ ਕੀਤੀ ਅਤੇ ਸਨਅਤਕਾਰਾਂ ਦੇ ਮਸਲਿਆਂ ਦਾ ਹੱਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੇ ਵਧੀਆ ਰਿਆਇਤਾਂ ਵਾਲੀ ਬਿਹਤਰੀਨ ਸਨਅਤੀ ਨੀਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਨੌਕਰਸ਼ਾਹੀ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਪੈਦਾ ਕਰਨ ਲਈ ਕੰਮ ਕਰੇਗੀ। ਇਸ ਸਮੇਂ ਸਨਅਤਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਮੁਕਤ ਮਾਹੌਲ, ਸਸਤੀ ਬਿਜਲੀ ਤੇ ਹੋਰ ਰਿਆਇਤਾਂ ਦੀ ਗੱਲ ਕੀਤੀ।
ਇਸ ਮੌਕੇ ਪੰਜਾਬ ਬਿਉਰੋ ਆਫ਼ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਸੀਈਓ ਰਜਤ ਅਗਰਵਾਲ, ਵਧੀਕ ਸੀਈਓ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਨਿਵੇਸ਼ ਬਾਰੇ ਮੁੱਖ ਮੰਤਰੀ ਦੇ ਸਲਾਹਕਾਰ ਮੇਜਰ ਬੀਐਸ ਕੋਹਲੀ, ਏਡੀਸੀ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਸਮੇਤ ਵੱਡੀ ਗਿਣਤੀ ਵਿੱਚ ਸਨਅਤਕਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਾਲਾਨਾ ਗੁਰਮਤਿ ਸਮਾਗਮ: ਦੂਜੇ ਦਿਨ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ

ਸਾਲਾਨਾ ਗੁਰਮਤਿ ਸਮਾਗਮ: ਦੂਜੇ ਦਿਨ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ ਨਬਜ਼-ਏ-ਪੰਜਾਬ, ਮੁਹਾਲੀ, 13…