ਪੰਜਾਬ ਕਿਸਾਨ ਯੂਨੀਅਨ 11 ਜਨਵਰੀ ਨੂੰ ਦੇਵੇਗੀ ਡੀਸੀ ਦਫ਼ਤਰ ਦੇ ਬਾਹਰ ਧਰਨਾ

ਡੀਸੀ ਮੁਹਾਲੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਦੀ ਇਕ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਨੇ ਭਾਗ ਲਿਆ। ਜਿਸ ਵਿੱਚ 11 ਜਨਵਰੀ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਲਿਆ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾਈ ਆਗੂ ਕੰਵਲਜੀਤ ਸਿੰਘ ਅਤੇ ਜ਼ਿਲ੍ਹਾ ਕਨਵੀਨਰ ਅਮਨਦੀਪ ਸਿੰਘ ਨੇ ਕਿਹਾ ਕੇ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਵਿਭਾਗ ਮੁਹਾਲੀ ਜ਼ਿਲ੍ਹੇ ਦੇ ਕੰਢੀ ਖੇਤਰ ਵਿੱਚ ਨਵੇਂ ਖੰਭੇ ਅਤੇ ਲਾਇਨ ਵਿਛਾ ਰਿਹਾ ਹੈ। ਪਿੰਡਾਂ ਦੇ ਕਿਸਾਨਾਂ ਨੂੰ ਪਤਾ ਲੱਗਾ ਹੈ ਕਿ ਇਹ ਲਾਈਨਾਂ ਖੇਤਾਂ ਦੀ ਬਿਜਲੀ 8 ਘੰਟੇ ਸਪਲਾਈ ਕਰਨ ਦੀ ਯੋਜਨਾ ਤਹਿਤ ਵਿਛਾਈਆਂ ਜਾ ਰਹੀਆਂ ਹਨ। ਵਿਭਾਗ ਪਹਿਲਾਂ ਖੇਤਾਂ ਅਤੇ ਪਿੰਡਾਂ ਦੀ ਬਿਜਲੀ ਅਲੱਗ ਅਲੱਗ ਕਰੇਗਾ ਅਤੇ ਫਿਰ ਖੇਤਾਂ ਲਈ ਕੇਵਲ ਅੱਠ ਘੰਟੇ ਦੀ ਸਪਲਾਈ ਹੀ ਜਾਰੀ ਕੀਤੀ ਜਾਵੇਗੀ। ਜ਼ਿਲ੍ਹੇ ਮੁਹਾਲੀ ਦੇ ਕੰਢੀ ਖੇਤਰ ਦੇ ਆਗੂਆਂ ਨੇ ਮੀਟਿੰਗ ਦੇ ਧਿਆਨ ਵਿੱਚ ਲਿਆਂਦਾ ਕਿ ਅਜਿਹਾ ਹੋਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਵੀਆਂ ਮੋਟਰਾਂ ਲਗਵਾਉਣੀਆਂ ਪੈਣਗੀਆਂ ਜਿਸ ਤੇ ਲੱਖਾਂ ਰੁਪਿਆ ਖਰਚ ਹੋਵੇਗਾ ਕੰਢੀ ਖੇਤਰ ਦੀ ਵਿਸ਼ੇਸ਼ਤਾ ਬਾਰੇ ਗੱਲ ਕਰਦਿਆਂ ਆਗੂਆਂ ਨੇ ਦੱਸਿਆ ਕਿ ਇਸ ਖੇਤਰ ਅੰਦਰ ਜ਼ਮੀਨ ਊਚੀ ਨੀਵੀਂ ਹੋਣ ਕਾਰਣ ਪਾਣੀ ਦੀ ਖਪਤ ਵੀ ਵੱਧ ਹੁੰਦੀ ਹੈ ਅਤੇ ਹਾਲੇ 24 ਘੰਟੇ ਦੀ ਸਿਪਲਾਈ ਹੋਣ ਕਾਰਨ ਬਹੁਤ ਸਾਰੇ ਕਿਸਾਨ ਸਾਂਝੀਆਂ ਮੋਟਰਾਂ ਦੀ ਵਰਤੋਂ ਕਰਦੇ ਹਨ। ਲੇਕਿਨ ਸਪਲਾਈ ਦਾ ਸਮਾਂ ਘੱਟ ਜਾਣ ਤੇ ਕਿਸਾਨਾਂ ਨੂੰ ਆਪਣੀਆਂ ਆਪਣੀਆਂ ਮੋਟਰਾਂ ਲਗਾਊਣੀਆਂ ਪੈਣਗੀਆਂ। ਜਿਸ ਨਾਲ ਜਿੱਥੇ ਕਨੈਕਸ਼ਨਾਂ ਦੀ ਗਿਣਤੀ ਵਧੇਗੀ ੳਥੇ ਪਾਣੀ ਦਾ ਪੱਧਰ ਵੀ ਹੇਠਾਂ ਜਾਵੇਗਾ। ਇਸ ਨਾਲ ਜਿੱਥੇ ਕਿਸਾਨਾਂ ਨੂੰ ਭਾਰੀ ਖ਼ਰਚੇ ਝੱਲਣੇ ਪੈਣਗੇ। ੳਥੇ ਵਿਭਾਗ ਦੇ ਵੀ ਲਾਈਨ ਲਾਸ ਵਿੱਚ ਵਾਧਾ ਹੋਵੇਗਾ। ਆਗੂਆਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਬਹੁਤ ਹੀ ਛੋਟੀ ਕਿਸਾਨੀ ਹੈ ਅਜਿਹੇ ਕਦਮਾਂ ਨਾਲ ਉਹ ਖੇਤੀ ਵਿੱਚੋਂ ਬਾਹਰ ਹੋ ਜਾਣ ਲਈ ਮਜਬੂਰ ਹੋ ਜਾਣਗੇ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਰਕਾਰ ਅਤੇ ਵਿਭਾਗ ਦੀ ਇਸ ਕਾਰਵਾਈ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਦਿਸ਼ਾ ਵਿਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 11 ਜਨਵਰੀ ਨੂੰ ਡੀਸੀ ਦਫ਼ਤਰ ਮੁਹਾਲੀ ਵਿਖੇ ਇਕੱਠੇ ਹੋ ਕੇ ਧਰਨਾ ਦੇਣਗੇ ਅਤੇ ਜਥੇਬੰਦੀ ਦੇ ਆਗੂ ਪੰਜਾਬ ਸਰਕਾਰ ਨੂੰ ਆਪਣਾ ਮੰਗ ਪੱਤਰ ਡੀਸੀ ਮੁਹਾਲੀ ਰਾਹੀਂ ਭੇਜਣਗੇ। ਅੱਜ ਦੀ ਇਸ ਮੀਟਿੰਗ ਵਿੱਚ ਜਗਦੀਪ ਸਿੰਘ ਕੰਸਾਲਾ, ਅਮਨਦੀਪ ਸਿੰਘ ਰਤਵਾੜਾ, ਮਨਜਿੰਦਰ ਸਿੰਘ ਭੜੌਜੀਆ, ਅਵਤਾਰ ਸਿੰਘ ਸੈਣੀ ਮਾਜਰਾ, ਜਗਪ੍ਰੀਤ ਸਿੰਘ ਚਾਹੜ ਮਾਜਰਾ, ਸਤਪ੍ਰੀਤ ਸਿੰਘ ਸਿਊਂਕ, ਜਰਨੈਲ ਸਿੰਘ ਬਗਿੰਡੀ, ਕੰਵਲਦੀਪ ਸਿੰਘ ਢਕੋਰਾ, ਸੁਰਜੀਤ ਸਿੰਘ ਸਿਊਂਕ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…