
ਪੰਜਾਬ ਕਿਸਾਨ ਯੂਨੀਅਨ ਨੇ ਡੀਸੀ ਦਫ਼ਤਰ ਬਾਹਰ ਦਿੱਤਾ ਧਰਨਾ, ਨਾਅਰੇਬਾਜ਼ੀ ਕੀਤੀ
ਕੰਢੀ ਖੇਤਰ ਦੇ ਖੇਤਾਂ ਲਈ 24 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਕੰਢੀ ਖੇਤਰ ਵਿੱਚ ਘਰਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ ਨੂੰ ਵੱਖ ਕਰਨ ਨੂੰ ਲੈ ਕੇ ਵਸਾਈਆਂ ਜਾ ਰਹੀ ਬਿਜਲੀ ਸਪਲਾਈ ਲਾਈਨਾਂ ਖ਼ਿਲਾਫ਼ ਅੱਜ ਪੰਜਾਬ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਅੱਜ ਇੱਥੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ। ਐਸਡੀਐਮ ਜਗਦੀਪ ਸਹਿਗਲ ਨੇ ਕਿਸਾਨ ਯੂਨੀਅਨ ਤੋਂ ਮੰਗ ਪੱਤਰ ਹਾਸਲ ਕਰਕੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਕੰਵਲਜੀਤ ਸਿੰਘ, ਜ਼ਿਲ੍ਹਾ ਕਨਵੀਨਰ ਅਮਨਦੀਪ ਸਿੰਘ, ਜਗਦੀਪ ਸਿੰਘ ਕੰਸਾਲਾ, ਅਮਨਦੀਪ ਰਤਵਾੜਾ, ਫਤਿਹ ਸਿੰਘ ਪੜੌਲ, ਗੁਰਜੀਤ ਸਿੰਘ ਪੜੋਲ, ਸੁਰਜੀਤ ਸਿੰਘ, ਜਰਨੈਲ ਸਿੰਘ ਬਾਗਿੰਡੀ, ਸਰਬਜੋਤ ਸਿੰਘ ਫਿਰੋਜ਼ਪੁਰ ਅਤੇ ਅਵਤਾਰ ਸਿੰਘ ਸੋਨੀ ਮਾਜਰਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ।
ਯੂਨੀਅਨ ਆਗੂਆਂ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਕੰਢੀ ਖੇਤਰ ਵਿੱਚ ਪਹਾੜ, ਜੰਗਲ, ਬਰਸਾਤੀ ਨਦੀਆਂ, ਛੋਟੇ ਅਤੇ ਉੱਚੇ ਨੀਵੇਂ ਟਿੱਬੇ ਹਨ। ਇਸ ਖੇਤਰ ਵਿੱਚ ਰਹਿਣ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਖੇਤੀ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੰਢੀ ਖੇਤਰ ਵਿੱਚ ਛੋਟੇ ਕਿਸਾਨਾਂ ਨੇ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਸਾਂਝੀਆਂ ਮੋਟਰਾਂ ਲਗਾਈਆਂ ਹਨ ਅਤੇ ਇਹ ਸਾਂਝ ਲੰਮੇ ਸਮੋ ਤੋਂ ਚਲਦੀ ਆ ਰਹੀ ਹੈ। ਜੰਗਲੀ ਇਲਾਕਾ ਹੋਣ ਕਾਰਨ ਰਾਤ ਵੇਲੇ ਖੇਤਾਂ ਨੂੰ ਪਾਣੀ ਲਗਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਕੰਢੀ ਖੇਤਰ ਦੇ ਖੇਤਾਂ ਦੀ ਸਿੰਜਾਈ ਲਈ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ।
ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਤੋਂ ਬਿਨਾਂ ਇਲਾਕੇ ਵਿੱਚ ਬਿਜਲੀ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਛੇੜਛਾੜ ਨਾ ਕੀਤੀ ਜਾਵੇ। ਨਵੇਂ ਖੰਭੇ ਲਗਾਉਣ ਅਤੇ ਤਾਰਾ ਵਿਛਾਉਣ ਦਾ ਕੰਮ ਕਿਸਾਨ ਯੂਨੀਅਨ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਅਣਗੌਲਿਆ ਕਰਕੇ ਖੰਭੇ ਲਗਾਉਣ ਤੇ ਤਾਰਾਂ ਵਿਛਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਸ ਕੰਮ ਨੂੰ ਰੋਕਿਆ ਜਾਵੇਗਾ ਅਤੇ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।