ਪੰਜਾਬ ਮੰਡੀ ਬੋਰਡ ਵੱਲੋਂ ਪੇਂਡੂ ਲਿੰਕ ਸੜਕਾਂ ਦੀ ਮਜ਼ਬੂਤੀ ਲਈ ਬਰਮਾਂ ਦੀ ਮੁੜ ਉਸਾਰੀ ਲਈ ਮੁਹਿੰਮ ਸ਼ੁਰੂ

ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੁਣ ਤੱਕ 2500 ਕਿੱਲੋਮੀਟਰ ਸੜਕਾਂ ਨੂੰ ਕੀਤਾ ਕਵਰ: ਚੇਅਰਮੈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਪੰਜਾਬ ਮੰਡੀ ਬੋਰਡ ਨੇ ਕਣਕ ਦੀ ਵਾਢੀ ਦੇ ਸੀਜ਼ਨ ਤੋਂ ਬਾਅਦ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਿਸਾਨਾਂ ਅਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੂਬੇ ਭਰ ਵਿੱਚ ਪੇਂਡੂ ਲਿੰਕ ਸੜਕਾਂ ਦੀ ਮਜ਼ਬੂਤੀ ਲਈ ਬਰਮਾਂ (ਕੱਚੇ ਕਿਨਾਰਿਆਂ) ਦੇ ਮੁੜ ਨਿਰਮਾਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਹੁਣ ਤੱਕ ਕਰੀਬ 2500 ਕਿੱਲੋਮੀਟਰ ਲਿੰਕ ਸੜਕਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ।
ਗੌਰਤਲਬ ਹੈ ਕਿ ਸੜਕ ਦੀਆਂ ਬਰਮਾਂ ਨਾ ਹੋਣ ਕਰਕੇ ਕਈ ਵਾਰ ਸੜਕ ਹਾਦਸੇ ਵਾਪਰਨ ਤੋਂ ਇਲਾਵਾ ਨਵੀਆਂ ਬਣੀਆਂ ਸੜਕਾਂ ਨੂੰ ਵੀ ਨੁਕਸਾਨ ਪੁੱਜਾ ਹੈ। ਕਈ ਲਿੰਕ ਸੜਕਾਂ ਦੇ ਨਾਲ ਬਰਮਾਂ ਨਾ ਹੋਣ ਕਰਕੇ ਰਾਹਗੀਰਾਂ ਨੂੰ ਖੱਜਲ-ਖੁਆਰ ਹੋਣਾ ਪਿਆ ਕਿਉਂਕਿ ਇਸ ਨਾਲ ਪੇਂਡੂ ਲਿੰਕ ਸੜਕਾਂ ਤੰਗ ਹੋ ਗਈਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਵਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਕਈ ਉਪਰਾਲੇ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹਿੱਸੇ ਵਜੋਂ ਮੰਡੀ ਬੋਰਡ ਨੇ ਲਿੰਕ ਸੜਕਾਂ ਦੇ ਦੋਵੇਂ ਪਾਸੇ ਬਰਮਾਂ ਦੀ ਮੁੜ ਉਸਾਰੀ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕਰਕੇ ਇਸ ਵਿਸ਼ੇਸ਼ ਪਹਿਲਕਦਮੀ ਦੀ ਅਗਵਾਈ ਕੀਤੀ ਹੈ। ਚੇਅਰਮੈਨ ਨੇ ਕਿਹਾ ਕਿ ਕਿਸਾਨ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਨੇਕ ਉਪਰਾਲੇ ਲਈ ਅਧਿਕਾਰੀਆਂ ਨੂੰ ਦਿਲੋਂ ਸਹਿਯੋਗ ਦੇ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਦਮ ਤੰਗ ਲਿੰਕ ਸੜਕਾਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਦੀਆਂ ਘਟਨਾਵਾਂ ਨੂੰ ਘਟਾਉਣ ਵਿੱਚ ਸਹਾਈ ਸਿੱਧ ਹੋਵੇਗਾ ਜਿਸ ਨਾਲ ਕਈ ਕੀਮਤੀ ਜਾਨਾਂ ਬਚ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਆਦਾਤਰ ਕੰਮ ਝੋਨੇ ਦਾ ਬਿਜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਉਧਰ, ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਸੜਕਾਂ ਦੇ ਬਰਮਾਂ ਦੇ ਨਿਰਮਾਣ ਲਈ ਫੀਲਡ ਇੰਜੀਨੀਅਰਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕਾਰਜ ਵਿੱਚ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰਵੀ ਭਗਤ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਕੰਮ ਨੂੰ ਸਮਾਂਬੱਧ ਅਤੇ ਨਤੀਜਾਮੁਖੀ ਢੰਗ ਨਾਲ ਪੂਰਾ ਕੀਤਾ ਜਾ ਸਕੇ।
ਇਸ ਅਨੁਸਾਰ ਫੀਲਡ ਇੰਜੀਨੀਅਰਾਂ ਨੇ ਸੜਕ ਦੇ ਬਰਮਾਂ ਦੀ ਉਸਾਰੀ ਅਤੇ ਬਰਮਾਂ ’ਤੇ ਮਿੱਟੀ ਭਰਨ ਦਾ ਕਾਰਜ ਆਰੰਭਿਆ ਹੈ। ਕਣਕ ਦੀ ਵਾਢੀ ਤੋਂ ਬਾਅਦ ਖਾਲੀ ਪਈ ਖੇਤੀ ਵਾਲੀ ਜ਼ਮੀਨ ’ਚੋਂ ਮਿੱਟੀ ਲਿਆ ਕੇ ਕੰਮ ਨੂੰ ਆਧੁਨਿਕ ਮਸ਼ੀਨੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਹ ਮਸ਼ੀਨੀ ਵਿਧੀ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਵਾਹੀਯੋਗ ਜ਼ਮੀਨ ਦਾ ਪੱਧਰ ਖਰਾਬ ਨਾ ਹੋਵੇ। ਇਹ ਸਾਰਾ ਕੰਮ ਫੀਲਡ ਇੰਜੀਨੀਅਰਾਂ ਵੱਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਤਹਿਤ ਉਸਾਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਓਵਰਟੇਕ ਕਰਨ ਸਮੇਂ ਭਾਰੀ ਵਾਹਨ ਕੱਚੇ ਬਰਮਾਂ ਤੋਂ ਲੰਘਦੇ ਹਨ, ਜਿਸ ਨਾਲ ਬਰਮਾਂ ਦਾ ਨੁਕਸਾਨ ਹੁੰਦਾ ਹੈ ਅਤੇ ਬਰਮਾਂ ਤੋਂ ਮਿੱਟੀ ਹਟਦੀ ਰਹਿੰਦੀ ਹੈ। ਬਰਮਾਂ ਦੀ ਘੱਟ ਚੌੜਾਈ ਸੜਕਾਂ ਨੂੰ ਛੇਤੀ ਨੁਕਸਾਨ ਪਹੁੰਚਾਉਂਦੀ ਹੈ, ਖੇਤੀਬਾੜੀ ਵਾਲੀ ਜ਼ਮੀਨ ਤੋਂ ਸੜਕਾਂ ਦੀ ਹੇਠਲੀ ਸਤਹੀ ਵਿੱਚ ਪਾਣੀ ਦਾਖ਼ਲ ਹੁੰਦਾ ਹੈ, ਜਿਸ ਨਾਲ ਸੜਕ ਦੀ ਪਰਤ ਨੂੰ ਨੁਕਸਾਨ ਹੁੰਦਾ ਹੈ। ਇਸ ਕਾਰਨ ਵਾਹਨਾਂ ਨੂੰ ਓਵਰਟੇਕ ਕਰਨ ਸਮੇਂ ਸੜਕ ਹਾਦਸੇ ਵੀ ਵਾਪਰਦੇ ਹਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …