ਜਾਪਾਨ ਨਾਲ ਕਾਰੋਬਾਰੀ ਰਿਸ਼ਤੇ ਹੋਰ ਮਜ਼ਬੂਤ ਕਰਨ ਵੱਲ ਵਧ ਰਿਹਾ ਪੰਜਾਬ: ਅਮਨ ਅਰੋੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਪੰਜਾਬ ਵਿੱਚ ਕਾਰੋਬਾਰ ਲਈ ਮਾਹੌਲ ਸਾਜ਼ਗਾਰ ਹੋਣ ਦੀ ਗੱਲ ਕਰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਵਿੱਚ ਨਿਵੇਸ਼ ਲਈ ਢੁਕਵਾਂ ਮਾਹੌਲ ਸਿਰਜਣ ਦੇ ਨਾਲ-ਨਾਲ ਪੰਜਾਬ ਤੇ ਜਾਪਾਨ ਦਰਮਿਆਨ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ।
ਅੱਜ ਇੱਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ ‘ਜਾਪਾਨ-ਪਾਰਟਨਰ ਕੰਟਰੀ’ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਾਰੋਬਾਰ ਨੂੰ ਹੋਰ ਸੌਖਾਲਾ ਬਣਾਉਣਾ, ਰੁਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨਾ, ਮਜ਼ਬੂਤ ਬੁਨਿਆਦੀ ਢਾਂਚੇ ਤੱਕ ਪਹੁੰਚ ਅਤੇ ਸ਼ਾਸਨ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣਾ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਹਨ।
ਕੌਮੀ ਆਰਥਿਕ ਵਿਕਾਸ ਵਿੱਚ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦਾ ਕੁੱਲ ਰਕਬਾ ਭਾਰਤ ਦੇ ਭੂਮੀ ਖੇਤਰ ਦਾ ਮਹਿਜ਼ 1.5 ਫੀਸਦੀ ਬਣਦਾ ਹੈ ਪ੍ਰੰਤੂ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਪੰਜਾਬ ਦਾ ਯੋਗਦਾਨ 3 ਫੀਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੌਮਾਂਤਰੀ ਪੱਧਰ ’ਤੇ ਕਾਰੋਬਾਰ ਵਾਲੀ ਨਵੀਂ ਥਾਂ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਾਪਾਨ ਨਾਲ ਲੰਮੇ ਸਮੇਂ ਤੋਂ ਸਭਿਆਚਾਰਕ ਅਤੇ ਦੁਵੱਲੇ ਵਪਾਰਕ ਸਬੰਧ ਚੱਲੇ ਆ ਰਹੇ ਹਨ। ਪੰਜਾਬ ਵੱਲੋਂ ਜਾਪਾਨ ਨੂੰ 336 ਕਰੋੜ ਦੀਆਂ ਵਸਤਾਂ ਬਰਾਮਦ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਾਪਾਨ, ਉਦਯੋਗੀਕਰਨ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਲਈ ਮੋਹਰੀ ਦੇਸ਼ਾਂ ’ਚੋਂ ਇੱਕ ਹੈ।
ਪੰਜਾਬ ਵਿੱਚ 100 ਤੋਂ ਵੱਧ ਜਾਪਾਨੀ ਵਪਾਰਕ ਅਦਾਰਿਆਂ ਦੇ ਹੋਣ ਦੀ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਵੱਲੋਂ ਨਿਰਮਾਣ, ਟੈਕਨਾਲੋਜੀ, ਮਾਰਕੀਟ ਸਹਾਇਤਾ ਜਿਹੇ ਖੇਤਰਾਂ ਵਿੱਚ ਜਾਪਾਨ ਦੇ ਉਦਯੋਗਾਂ ਨਾਲ ਕੀਤੀ ਭਾਈਵਾਲੀ ਸਫਲ ਰਹੀ ਹੈ। ਸੂਬੇ ਵਿੱਚ ਨਿਵੇਸ਼ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਵਿੱਚ ਆਈਚੀ ਸਟੀਲਜ਼-ਸਟੀਲ ਆਰਮ ਆਫ਼ ਟੋਇਟਾ, ਯਾਨਮਾਰ, ਐਸਐਮਐਲ ਇਸੂਜ਼ੂ, ਟੋਪਾਨ, ਮਿਤਸੂਈ, ਗੁਨਮਾ ਸੇਈਕੋ ਐਂਡ ਕੋਇਓ ਸ਼ਾਮਲ ਹਨ।
ਇਸ ਮੌਕੇ ਮੰਤਰੀ ਅਤੇ ਜਾਪਾਨ ਦੇ ਮਿਸ਼ਨ ਅੰਬੈਸੀ ਦੇ ਡਿਪਟੀ ਚੀਫ਼ ਕੇ. ਕਵਾਜ਼ੂ ਨੇ ਇਹ ਸ਼ਾਨਦਾਰ ਸਮਾਗਮ ਕਰਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਤੇ ਜਾਪਾਨ ਦਰਮਿਆਨ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਮੌਕੇ ਅਮਨ ਅਰੋੜਾ ਨੇ ਕਵਾਜ਼ੂ, ਵਾਈਸ ਚੇਅਰਮੈਨ/ਐਮਡੀ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਸਚਿਤ ਜੈਨ, ਜਨਰਲ ਮੈਨੇਜਰ ਐਨਰਜੀ ਡਿਵੀਜ਼ਨ ਮਿਤਸੁਈ ਐਂਡ ਕੰਪਨੀ ਇੰਡੀਆ ਪ੍ਰਾਈਵੇਟ ਲਿਮਟਿਡ ਤਾਇਸ਼ੀ ਕਵਾਈ, ਡਾਇਰੈਕਟਰ ਓਜੇਆਈ ਇੰਡੀਆ ਪੈਕੇਜਿੰਗ ਪ੍ਰਾਈਵੇਟ ਲਿਮਟਿਡ ਰਯੁਚੀ ਅਸਾਈ, ਐੱਸਐੱਮਐੱਲ ਇਸੂਜੂ ਲਿਮਟਿਡ ਦੇ ਐੱਮਡੀ ਜੁਨਿਆ ਯਾਮਾਨਿਸ਼ੀ ਅਤੇ ਚੀਫ਼ ਡਾਇਰੈਕਟਰ ਜਨਰਲ ਜੀਟਰੋ ਇੰਡੀਆ ਤਾਕਸੀ ਸੁਜ਼ੂਕੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…