nabaz-e-punjab.com

ਪੰਜਾਬ ਨੈਸ਼ਨਲ ਬੈਂਕ ਲੁੱਟ ਮਾਮਲਾ: ਲੁਟੇਰਿਆਂ ਦੀ ਪੈੜ ਨੱਪਣ ਲਈ ਵੱਖ-ਵੱਖ ਟੀਮਾਂ ਦਾ ਗਠਨ

ਮੁਹਾਲੀ ਪੁਲੀਸ ਨੂੰ ਦੂਜੇ ਦਿਨ ਵੀ ਨਹੀਂ ਮਿਲਿਆ ਮੁਲਜ਼ਮਾਂ ਖ਼ਿਲਾਫ਼ ਸੁਰਾਗ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਇੱਥੋਂ ਦੇ ਫੇਜ਼-3ਏ ਵਿੱਚ ਕਾਮਾ ਹੋਟਲ ਨੇੜੇ ਪੰਜਾਬ ਨੈਸ਼ਨਲ ਬੈਂਕ ਵਿੱਚ ਵਾਪਰੀ ਲੁੱਟ ਦੀ ਘਟਨਾ ਸਬੰਧੀ ਮੁਹਾਲੀ ਪੁਲੀਸ ਨੂੰ ਅੱਜ ਦੂਜੇ ਵੀ ਲੁਟੇਰਿਆਂ ਖ਼ਿਲਾਫ਼ ਠੋਸ ਸੁਰਾਗ ਨਹੀਂ ਮਿਲਿਆ। ਹੁਣ ਪੁਲੀਸ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਲੁਟੇਰਿਆਂ ਦੀਆਂ ਫੋਟੋਆਂ ਦਾ ਪ੍ਰਿੰਟ ਕਢਵਾ ਕੇ ਜਨਤਕ ਥਾਵਾਂ ’ਤੇ ਚਿਪਕਾ ਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ।
ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਬੈਂਕ ਡਕੈਤੀ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਸਮੇਤ ਮਾਰਕੀਟ ਦੇ ਸ਼ੋਅਰੂਮਾਂ ਦੇ ਬਾਹਰ ਅਤੇ ਪਾਰਕਿੰਗ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸੀਆਈਏ ਸਟਾਫ਼ ਦੀ ਟੀਮ ਵੀ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ। ਉਧਰ, ਪੁਲੀਸ ਦੀ ਇਕ ਟੀਮ ਨੇ ਅੱਜ ਮੁੜ ਬੈਂਕ ਸਟਾਫ਼ ਤੋਂ ਪੁੱਛਗਿੱਛ ਕਰਕੇ ਲੁੱਟ ਦੀ ਵਾਰਦਾਤ ਸਬੰਧੀ ਜਾਣਕਾਰੀ ਇਕੱਤਰ ਕੀਤੀ ਅਤੇ ਥਾਣੇ ਆ ਕੇ ਬੈਂਕ ਮੁਲਾਜ਼ਮਾਂ ਦੇ ਬਿਆਨਾਂ ਦਾ ਮਿਲਾਨ ਕੀਤਾ ਗਿਆ।
ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਬੈਂਕ ਮੈਨੇਜਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਕ ਲੁਟੇਰੇ ਦੇ ਹੱਥ ਵਿੱਚ ਪਿਸਤੌਲ ਅਤੇ ਦੂਜੇ ਕੋਲ ਚਾਕੂ ਵਰਗਾ ਤੇਜ਼ਧਾਰ ਹਥਿਆਰ ਸੀ। ਕਰੋਨਾ ਦੇ ਚੱਲਦਿਆਂ ਬੈਂਕ ਸਟਾਫ਼ ਨੂੰ ਪਹਿਲਾਂ ਇਹੀ ਲੱਗਿਆ ਸੀ ਕਿ ਸ਼ਾਇਦ ਖਪਤਕਾਰ ਆਏ ਹਨ। ਪਰ ਜਦੋਂ ਆਉਂਦੇ ਹੀ ਸਟਾਫ਼ ਉੱਤੇ ਪਿਸਤੌਲ ਤਾਣ ਲਈ ਉਨ੍ਹਾਂ ਨੂੰ ਤਰੇਲੀਆਂ ਆ ਗਈਆਂ। ਥਾਣਾ ਮੁਖੀ ਨੇ ਕਿਹਾ ਕਿ ਬੈਂਕ ਸਟਾਫ਼ ਨੂੰ ਸੁਰੱਖਿਆ ਗਾਰਡ ਰੱਖਣ ਲਈ ਕਿਹਾ ਗਿਆ ਹੈ। ਇਸ ਸਬੰਧੀ ਬੈਂਕ ਸਟਾਫ਼ ਨੇ ਪੁਲੀਸ ਨੂੰ ਦੱਸਿਆ ਕਿ ਸੁਰੱਖਿਆ ਗਾਰਡ ਦੀ ਤਾਇਨਾਤ ਲਈ ਉੱਚ ਅਧਿਕਾਰੀਆਂ ਨੂੰ ਕਾਫੀ ਸਮਾਂ ਪਹਿਲਾਂ ਪੱਤਰ ਲਿਖਿਆ ਗਿਆ ਸੀ। ਹੁਣ ਨਵੇਂ ਸਿਰਿਓਂ ਯਾਦ ਪੱਤਰ ਭੇਜਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…