ਪਰਾਲੀ ਨਾ ਸਾੜਨ ਵਾਲਿਆਂ ਵਿੱਚ ਪੰਜਾਬ ਨੂੰ ਮੋਹਰੀ ਬਣਨ ਦੀ ਲੋੜ: ਸੰਧਵਾਂ

ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਧੀਆ ਮਾਹੌਲ ਸਿਰਜੇਗੀ ਸਰਕਾਰ:

ਗੁਰਦੁਆਰਿਆਂ ਦਾ ਪ੍ਰਬੰਧ ਸੇਵਾ ਵਿਰਤੀ ਵਾਲੇ ਸਿੱਖਾਂ ਦੇ ਹੱਥ ਵਿੱਚ ਦੇਣ ਦੀ ਗੱਲ ਕਹੀ

ਸੀਜੀਸੀ ਕਾਲਜ ਲਾਂਡਰਾਂ ਦੇ ਟੈਕਨੋ ਕਲਚਰਲ ਫੈਸਟ ‘ਪਰਿਵਰਤਨ-2022 ਸ਼ਾਨੋਸ਼ੌਕਤ ਨਾਲ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਰਾਲੀ ਨਾ ਸਾੜਨ ਵਾਲਿਆਂ ਵਿੱਚ ਪੰਜਾਬ ਨੂੰ ਮੋਹਰੀ ਬਣਨ ਦੀ ਲੋੜ ਹੈ। ਉਹ ਅੱਜ ਇੱਥੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੇ ਕੌਮੀ ਪੱਧਰੀ ਟੈਕਨੋ ਕਲਚਰਲ ਫੈਸਟੀਵਲ ‘ਪਰਿਵਰਤਨ’ ਦੇ ਅਖੀਰਲੇ ਦਿਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਇਕੱਲੇ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ। ਮਸ਼ੀਨਰੀ ਮਹਿੰਗੀ ਅਤੇ ਖ਼ਰਚਾ ਵੱਧ ਹੋਣ ਦੀਆਂ ਅਫ਼ਵਾਹਾਂ ਨੂੰ ਦਰਕਿਨਾਰ ਕਰਦਿਆਂ ਸੰਧਵਾਂ ਨੇ ਕਿਹਾ ਕਿ ਹੁਣ ਤੱਕ ਕਿਸੇ ਕਿਸਾਨ ਨੇ ਅਜਿਹੀ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸਪੀਕਰ ਨੇ ਕਿਹਾ ਕਿ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਰਕਾਰ ਵਧੀਆ ਮਾਹੌਲ ਸਿਰਜ ਰਹੀ ਹੈ। ਜਿਸ ਦੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਪ੍ਰਾਈਵੇਟ ਸਿੱਖਿਆ ਸੰਸਥਾਨਾਂ ਦੀਆਂ ਬੱਸਾਂ ਨੂੰ ਟੈਕਸ ਤੋਂ ਛੋਟ ਦੇਣ ਬਾਰੇ ਸੰਧਵਾਂ ਨੇ ਕਿਹਾ ਕਿ ਇਸ ਸਬੰਧੀ ਸਬੰਧਤ ਵਿਭਾਗ ਨਾਲ ਗੱਲ ਕੀਤੀ ਜਾ ਸਕਦੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅਤੇ ਬੀਬੀ ਜਗੀਰ ਕੌਰ ਵੱਲੋਂ ਬਾਗੀ ਹੋ ਕੇ ਚੋਣ ਲੜਨ ਬਾਰੇ ਪੁੱਛੇ ਜਾਣ ’ਤੇ ਸਪੀਕਰ ਨੇ ਕਿਹਾ ਕਿ ਇਸ ਦਾ ਜਵਾਬ ਬੀਬੀ ਜਗੀਰ ਕੌਰ ਹੀ ਦੇ ਸਕਦੇ ਹਨ। ਉਂਜ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਜੇਕਰ ਗੁਰਦੁਆਰਿਆਂ ਦਾ ਪ੍ਰਬੰਧ ਸੇਵਾ ਵਿਰਤੀ ਵਾਲੇ ਸਿੱਖਾਂ ਦੇ ਹੱਥਾਂ ਵਿੱਚ ਹੋਵੇ ਤਾਂ ਪੰਜਾਬ ਦੀ ਤਸਵੀਰ ਬਦਲ ਜਾਵੇਗੀ। ਇਸ ਉਪਰੰਤ ਸਪੀਕਰ ਨੇ ਪੜ੍ਹਾਈ ਦੌਰਾਨ ਨਵੀਆਂ ਖੋਜਾਂ ਕਰਨ ਵਾਲੇ ਵਿਦਿਆਰਥੀਆਂ ਦੇ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।

ਇਸ ਮੌਕੇ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੀਅਰ ਮੇਲੇ ਵਜੋਂ ਕਰਵਾਏ ਇਸ ਫੈਸਟ ਪਰਿਵਰਤਨ ਵਿੱਚ ਉੱਤਰੀ ਖੇਤਰ ਦੇ ਵੱਖ-ਵੱਖ ਕਾਲਜਾਂ ਦੇ 20 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਫੈਸਟ ਵਿੱਚ ਤਕਨੀਕੀ, ਗੈਰਤਕਨੀਕੀ ਅਤੇ ਸਭਿਆਚਾਰਕ ਸ਼੍ਰੇਣੀਆਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਟੈਕਨੋ ਫੈਸਟ ਦੇ ਦੂਜੇ ਦਿਨ ਸਭਿਆਚਾਰਕ ਵਿਭਿੰਨਤਾ ਦੀ ਪ੍ਰਦਰਸ਼ਨੀ ਲਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਸੂਬਿਆਂ ਦੇ ਲੋਕ ਨਾਚ ਪੇਸ਼ ਕੀਤੇ ਅਤੇ ਪੰਜਾਬੀ ਭੰਗੜਾ ਅਤੇ ਮਲਵਈ ਗਿੱਧਾ ਆਕਰਸ਼ਣ ਦਾ ਕੇਂਦਰ ਰਿਹਾ। ਸਮਾਪਤੀ ਮੌਕੇ ਜੋਰਡਨ ਸੰਧੂ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕਿੱਲ੍ਹਿਆ। ਸੀਜੀਸੀ ਦੇ 150 ਤੋਂ ਵੱਧ ਕਰਮਚਾਰੀਆਂ ਨੂੰ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…