
ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ: ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀ ਓਰੀਐਂਟੇਸ਼ਨ ਵਰਕਸ਼ਾਪ ਆਯੋਜਿਤ
ਪਹਿਲੇ ਗੇੜ ਵਿੱਚ 83 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੈ ਰਹੇ ਹਨ ਸਿੱਖਣ ਸਿਖਾਉਣ ਵਿਧੀਆਂ ਬਾਰੇ ਜਾਣਕਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਸਿੱਖਿਆ ਵਿਭਾਗ ਦੇ ਪ੍ਰਾਇਮਰੀ ਸਕੂਲਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਚਾਰ ਰੋਜ਼ਾ ਓਰੀਐਂਟੇਸ਼ਨ ਵਰਕਸ਼ਾਪ ਦੇ ਪਹਿਲੇ ਗੇੜ ਦਾ ਆਯੋਜਨ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ 4 ਸਤੰਬਰ ਤੋਂ 7 ਸਤੰਬਰ ਤੱਕ ਕੀਤਾ ਜਾ ਰਿਹਾ ਹੈ। ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਕਰਵਾਈ ਜਾ ਰਹੀ ਵਰਕਸ਼ਾਪ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਿਦਿਆਰਥੀਆਂ ਨੂੰ ਪ੍ਰਾਇਮਰੀ ਸਿੱਖਿਆ ਵਿੱਚ ਘੱਟੋ-ਘੱਟ ਸਿੱਖਣ ਪੱਧਰ ਤੋਂ ਲਰਨਿੰਗ ਆਉਟਕਮ (ਸਿੱਖਣ ਪਰਿਣਾਮਾਂ) ਤੱਕ ਲੈ ਕੇ ਜਾਣ ਲਈ ਸਕੂਲਾਂ ‘ਚ ਅਧਿਆਪਕਾਂ ਦੁਆਰਾ ਵਰਤੀਆ ਜਾ ਰਹੀਆਂ ਸਿੱਖਣ-ਸਿਖਾਉਣ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤਰੀ ਸਹਿਕਾਰੀ ਸਿੱਖਿਆ ਸੰਸਥਾਨ ਸੈਕਟਰ-32 ਵਿੱਚ ਚਲ ਰਹੀ ਇਸ ਸਿਖਲਾਈ ਵਰਕਸ਼ਾਪ ਦੌਰਾਨ 83 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਗ ਲੈ ਰਹੇ ਹਨ।
ਵਰਕਸ਼ਾਪ ਦੌਰਾਨ ਸਟੇਟ ਰਿਸੋਰਸ ਪਰਸਨਾਂ ਵੱਲੋਂ ਪੰਜਾਬੀ, ਗਣਿਤ, ਅੰਗਰੇਜ਼ੀ ਅਤੇ ਹਿੰਦੀ ਦੇ ਘੱਟੋ-ਘੱਟ ਟੀਚਿਆਂ ਨੂੰ ਪੂਰਾ ਕਰਨ ਲਈ ਕੀਤੀ ਜਾਣ ਵਾਲੀ ਮਾਨਿਟਰਿੰਗ, ਸਕੂਲਾਂ ਵਿੱਚ ਚਲ ਰਹੀਆਂ ਕਿਰਿਆਵਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਕੀਤੇ ਜਾ ਸਕਣ ਵਾਲੇ ਸਹਿਯੋਗੀ ਕਾਰਜਾਂ ਅਤੇ ਖੇਡ ਨੀਤੀ ਤਹਿਤ ਸਕੂਲਾਂ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਬਲਾਕ ਘਨੌਰ ਨੇ ਕਿਹਾ ਕਿ ਓਰੀਐਂਟੇਸ਼ਨ ਵਰਕਸ਼ਾਪ ਲਗਾਉਣ ਉਪਰੰਤ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਲਿਆਉਣ ਲਈ ਅਧਿਆਪਕਾਂ ਦੇ ਨਾਲ-ਨਾਲ ਅਧਿਕਾਰੀਆਂ ਨੂੰ ਵੀ ਪ੍ਰਾਜੈਕਟ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਲਈ ਬਾਖੂਬੀ ਓਰੀਐਂਟੇਸ਼ਨ ਹੋਣੀ ਜਰੂਰੀ ਹੈ।
ਬੀਪੀਈਓ ਹਰਜੀਤ ਕੌਰ ਬਲਾਕ ਪਟਿਆਲਾ-3 ਨੇ ਕਿਹਾ ਕਿ ਉਹਨਾਂ ਨੂੰ ਜਾਂਚ ਪੱਤਰਾਂ, ਵੱਖ-ਵੱਖ ਵਿਸ਼ਿਆਂ ਦੇ ਟੀਚਿਆਂ ਅਤੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਲਾਸ-ਰੂਮਾਂ ਵਿੱਚ ਵਿਦਿਆਰਥੀਆਂ ਲਈ ਸਿੱਖਣ-ਸਿਖਾਉਣ ਤਕਨੀਕਾਂ ਅਤੇ ਸਹਾਇਕ ਸਮੱਗਰੀ ਦੀ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ ਸਕੂਲਾਂ ਵਿੱਚ ਰੋਜ਼ਾਨਾ ਦੀਆਂ ਚਲ ਰਹੀਆਂ ਸਿੱਖਣ-ਸਿਖਾਉਣ ਕਿਰਿਆਵਾਂ ਦੀ ਜਾਂਚ ਅਤੇ ਉਹਨਾਂ ਬਾਰੇ ਗੱਲਬਾਤ ਕਰਨ ਦੀ ਵੀ ਜਾਣਕਾਰੀ ਇਸ ਸਿਖਲਾਈ ਵਰਕਸ਼ਾਪ ਵਿੱਚ ਦਿੱਤੀ ਜਾ ਰਹੀ ਹੈ।