nabaz-e-punjab.com

ਪੰਜਾਬ ਪੁਲੀਸ ਵੱਲੋਂ ਮੁਹਾਲੀ ’ਚੋਂ ਖਾੜਕੂ ਕਾਰਕੁਨ ਤੇਜਿੰਦਰ ਸਿੰਘ ਤੇਜ਼ਾ ਗ੍ਰਿਫ਼ਤਾਰ

ਮੁਲਜ਼ਮ ਕੋਲੋਂ ਪਿਸਤੌਲ, ਕਾਰਤੂਰ, ਪੁਲੀਸ ਦੀ ਵਰਦੀ, ਜਾਅਲੀ ਆਈਡੀ ਕਾਰਡ ਤੇ ਕਾਰ ਬਰਾਮਦ

ਲੁਧਿਆਣਾ ਵਿੱਚ ਦੋ ਕਿੱਲੋ ਸੋਨੇ ਦੀ ਡਕੈਤੀ ਮਾਮਲਾ ਦਾ ਮਾਸਟਰ ਮਾਈਂਡ ਹੈ ਮੁਲਜ਼ਮ ਤੇਜ਼ਾ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਅਤੇ ਸਟੇਟ ਕਰਾਈਮ ਕੰਟਰੋਲ ਯੂਨਿਟ ਨੇ ਸਾਂਝੇ ਅਪਰੇਸ਼ਨ ਤਹਿਤ ਸਮਾਜ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਇਕ ਖਾੜਕੂ ਕਾਰਕੁਨ ਤੇਜਿੰਦਰ ਸਿੰਘ ਉਰਫ਼ ਤੇਜਾ ਵਾਸੀ ਪਿੰਡ ਮਹੇਂਦਪੁਰ (ਨਵਾਂ ਸ਼ਹਿਰ) ਨੂੰ ਮੁਹਾਲੀ ’ਚੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੇ ਖ਼ਿਲਾਫ਼ ਇੱਥੋਂ ਦੇ ਫੇਜ਼-1 ਸਥਿਤ ਸਪੈਸ਼ਲ ਸੈੱਲ ਦੇ ਥਾਣੇ ਵਿੱਚ ਅਸਲਾ ਐਕਟ ਸਮੇਤ ਹੋਰ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮੁਹਾਲੀ ਦੇ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਦੀ ਸੂਚਨਾ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਚੀਨ ਦਾ ਬਣਿਆ .30 ਬੋਰ ਦਾ ਪਿਸਤੌਲ, 10 ਕਾਰਤੂਰ, ਇਕ ਅਪਟਰਾ ਕਾਰ, ਪੁਲੀਸ ਦੀ ਵਰਦੀ ਅਤੇ ਪੁਲੀਸ ਦਾ ਜਾਅਲੀ ਆਈ ਕਾਰਡ (ਸੀਮਾ ਸੁਰੱਖਿਆ ਬਲ) ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲੁਧਿਆਣਾ ਵਿੱਚ ਦੋ ਕਿੱਲੋ ਸੋਨੇ ਦੀ ਡਕੈਤੀ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦੀ ਸੀ। ਪੁਲੀਸ ਅਨੁਸਾਰ ਮੁਲਜ਼ਮ ਤੇਜ਼ਾ ਨੇ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪੈਸਿਆਂ ਦੇ ਜੁਗਾੜ ਲਈ ਸੋਨੇ ਦੀ ਲੁੱਟ ਕੀਤੀ ਸੀ। ਮੁਲਜ਼ਮ ਖਾਲਿਸਤਾਨੀ ਏਜੰਡੇ ਤਹਿਤ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਤਾਕ ਵਿੱਚ ਸੀ। ਜਿਸ ਨੂੰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਜਨਵਰੀ ਮਹੀਨੇ ਖਰੜ ’ਚੋਂ ਇਕ ਫਾਰਚੂਨਰ ਗੱਡੀ ਵੀ ਖੋਹੀ ਸੀ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹੋਰ ਨਕਲੀ ਆਈਡੀ ਕਾਰਡ ਜਿਵੇਂ ਕਿ ਆਧਾਰ ਕਾਰਡ, ਨੋਇਡਾ (ਯੂਪੀ) ਤੋਂ ਡਰਾਈਵਿੰਗ ਲਾਇਸੈਂਸ ਵੀ ਤਿਆਰ ਕੀਤੇ ਸਨ।
ਡੀਜੀਪੀ ਨੇ ਕਿਹਾ ਕਿ ਭਗੌੜਾ ਹੋਣ ਪਿੱਛੋਂ ਉਹ ਹੁਣ ਤੱਕ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ ’ਤੇ ਲੁਕਿਆ ਰਿਹਾ ਹੈ। ਤੇਜਾ ਪਹਿਲਾਂ ਵੀ ਕਤਲ, ਕਤਲ ਦੀ ਕੋਸ਼ਿਸ਼, ਕਾਰ ਖੋਹਣ, ਡਕੈਤੀ ਆਦਿ ਕਰੀਬ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਹੋਰ ਖੁਲਾਸਾ ਕੀਤਾ ਕਿ ਉਹ ਕੱਟੜਪੰਥੀ ਸੀ ਅਤੇ ਕੁਝ ਕੱਟੜ ਖਾੜਕੂ ਕਾਰਕੁਨਾਂ ਵੱਲੋਂ ਮਿਥਕੇ ਕਤਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਮੁਲਜ਼ਮ ਵੱਖ ਵੱਖ ਜੇਲ੍ਹਾਂ ਵਿੱਚ ਬੰਦੀ ਦੌਰਾਨ ਖਾੜਕੂ ਕਾਰਕੁਨਾਂ ਦੇ ਸੰਪਰਕ ਵਿੱਚ ਆਇਆ ਸੀ।
ਮੁੱਢਲੀ ਪੁੱਛਗਿੱਛ ਦੌਰਾਨ ਤੇਜਿੰਦਰ ਸਿੰਘ ਉਰਫ਼ ਤੇਜਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਨਜ਼ਦੀਕੀ ਸਾਥੀ ਰਛਪਾਲ ਸਿੰਘ ਉਰਫ਼ ਦੌਲਾ ਵਾਸੀ ਪਿੰਡ ਭੁੱਚਰ ਕਲਾਂ (ਜ਼ਿਲਾ ਤਰਨ ਤਾਰਨ) ਮੌੜ ਅਤੇ ਤਲਵੰਡੀ ਸਾਬੋ ਵਿਚ ਐਸਬੀਆਈ ਦੀਆਂ ਮੁੱਖ ਸ਼ਾਖਾਵਾਂ ਤੋਂ ਕਰੰਸੀ ਲੈਣ ਲਈ ਵਰਤੀ ਜਾਂਦੀ ਇੱਕ ਬੈਂਕ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਇਸ ਬਾਰੇ ਰਸਤਾ ਵੀ ਚੈੱਕ ਕਰ ਲਿਆ ਸੀ ਅਤੇ ਹੋਰ ਜਾਂਚ ਵੀ ਕੀਤੀ ਸੀ। ਦਸੰਬਰ 2019 ਵਿਚ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਅਤੇ ਰਛਪਾਲ ਸਿੰਘ ਉਰਫ ਦੌਲਾ, ਜੋ ਪਹਿਲਾਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਕਰਕੇ ਜੇਲ ਵਿਚ ਸਨ, ਨੇ ਸਰਹੱਦ ਪਾਰੋਂ ਅਤਿ ਆਧੁਨਿਕ ਹਥਿਆਰ ਪ੍ਰਾਪਤ ਕੀਤੇ। ਇਹ ਹੁਣ ਜ਼ਿਲ੍ਹਾ ਤਰਨ ਤਾਰਨ ਵਿਚ ਕਤਲ ਦੇ ਇਕ ਤਾਜ਼ਾ ਮਾਮਲੇ ਵਿਚ ਫਰਾਰ ਸੀ। ਪੁਲੀਸ ਅਨੁਸਾਰ ਉਹ ਆਟੋਮੈਟਿਕ ਹਥਿਆਰਾਂ/ਨਸ਼ਿਆਂ ਦੀ ਨਵੀਂ ਖੇਪ ਦੀ ਵੀ ਉਮੀਦ ਕਰ ਰਹੇ ਸਨ।
ਇਸੇ ਦੌਰਾਨ ਖਾੜਕੂ ਕਾਰਕੁਨ ਤੇਜਿੰਦਰ ਸਿੰਘ ਤੇਜਾ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਦੀ ਥਾਂ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਘਰ ਪੇਸ਼ ਕਰਕੇ 6 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਬਚਾਅ ਪੱਖ ਦੀ ਵਕੀਲ ਕੁਲਵਿੰਦਰ ਕੌਰ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ ਦਾ ਪੁਲੀਸ ਰਿਮਾਂਡ ਲੈਣ ਵੇਲੇ ਬਚਾਅ ਪੱਖ ਦੇ ਵਕੀਲ ਦਾ ਮੌਜੂਦ ਹੋਣਾ ਜ਼ਰੂਰੀ ਹੈ ਕਿਉਂਕਿ ਮੁਲਜ਼ਮ ਇਹ ਸੰਵਿਧਾਨਕ ਹੱਕ ਤੇ ਅਧਿਕਾਰ ਹੈ ਕਿ ਉਹ ਆਪਣੇ ਬਚਾਅ ਵਿੱਚ ਯੋਗ ਕਾਨੂੰਨੀ ਚਾਰਾਜੋਈ ਕਰ ਸਕੇ। ਤੇਜਾ ਕੋਲੋਂ ਮਿਲੀ ਪੁਲੀਸ ਦੀ ਵਰਦੀ ਅਤੇ ਸੀਮਾ ਸੁਰੱਖਿਆ ਬਲ ਦਾ ਆਈ ਕਾਰਡ ਬਾਰੇ ਮਹਿਲਾ ਵਕੀਲ ਦਾ ਕਹਿਣਾ ਹੈ ਕਿ ਮਾਰਕੀਟਾਂ ਵਿੱਚ ਪੁਲੀਸ ਅਤੇ ਫੌਜ ਦੀ ਵਰਦੀ ਆਮ ਮਿਲ ਜਾਂਦੀ ਹੈ ਅਤੇ ਕੰਪਿਊਟਰ ਨਾਲ ਕਿਸੇ ਦਾ ਵੀ ਕਾਰਡ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟਰਾਈਲ ਦੌਰਾਨ ਸਾਰੀ ਸਚਾਈ ਸਾਹਮਣੇ ਆ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…