
ਪੰਜਾਬ ਪੁਲੀਸ ਵੱਲੋਂ ਚੰਡੀਗੜ੍ਹ ਵਿੱਚ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਗ੍ਰਿਫ਼ਤਾਰ
ਦਿਲਪ੍ਰੀਤ ਦੀ ਕਾਰ ’ਚੋਂ ਮਿਲੀ ਨਕਦੀ ਦਾੜ੍ਹੀ ਤੇ ਗੋਲੀ ਸਿੱਕਾ
ਉਸ ਦੀ ਸਹੇਲੀ ਦੇ ਘਰੋਂ ਬਰਾਮਦ ਹੋਈ ਕਿੱਲੋ ਹੈਰੋਇਨ ਤੇ ਹਥਿਆਰ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਜੁਲਾਈ:
ਗੈਂਗਸਟਰ ਦਿਲਪੀ੍ਰਤ ਸਿੰਘ ਉਰਫ਼ ਬਾਬਾ ਵਾਸੀ ਪਿੰਡ ਢਾਹਾਂ ਜ਼ਿਲ੍ਹਾ ਰੂਪਨਗਰ ਨੂੰ ਅੱਜ ਪੰਜਾਬ ਪੁਲੀਸ ਦੀ ਕ੍ਰਾਈਮ ਬ੍ਰਾਂਚ ਅਤੇ ਜਲੰਧਰ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਸਟੈਂਡ ਨੇੜਿਓਂ ਇੱਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ ਗੈਂਗਸਟਰ ਜ਼ਖ਼ਮੀ ਹੋ ਗਿਆ। ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਖੁਲਾਸਾ ਅੱਜ ਚੰਡੀਗੜ੍ਹ ਵਿੱਚ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਏਆਈਜੀ ਵਰਿੰਦਰਪਾਲ ਸਿੰਘ ਨੇ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜਲੰਧਰ ਪੁਲੀਸ ਨੂੰ ਇਹ ਸੂਚਨਾ ਮਿਲੀ ਸੀ ਕਿ ਪੰਜਾਬ ਵਿੱਚ ਹੱਤਿਆ ਵਰਗੇ ਸਗੀਨ ਕਰੀਬ 25 ਜੁਰਮਾਂ ਵਿਚ ਲੋੜੀਦੇ ਇਸ ਗੈਂਗਸਟਰ ਦੇ ਚੰਡੀਗੜ ਅਤੇ ਹਰਿਆਣਾ ਦੇ ਨੇੜਲੇ ਇਲਾਕਿਆ ਵਿਚ ਹੋਣ ਦੀ ਪੁਸ਼ਟੀ ਹੋਈ ਸੀ।
ਪੱਕੀ ਸੂਚਨਾ ਦੇ ਆਧਾਰ ਉੱਤੇ ਜਲੰਧਰ ਦੇ ਡੀਐਸਪੀ ਮੁਕੇਸ਼ ਕੁਮਾਰ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਪੁਲੀਸ ਪਾਰਟੀ ਨੂੰ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਦੀ ਇੱਕ ਸਾਝੀ ਟੀਮ ਤਿਆਰ ਕੀਤੀ ਗਈ। ਜਿਸ ਵਿੱਚ ਡੀਐਸਪੀ ਤੇਜਿੰਦਰ ਸਿੰਘ, ਡੀਐਸਪੀ ਰਕੇਸ ਯਾਦਵ, ਇੰਸਪੈਕਟਰ ਗੁਰਚਰਨ ਸਿੰਘ, ਇੰਸਪੈਕਟਰ ਭਪਿੰਦਰ ਸਿੰਘ ਦੀ ਨਿਗਰਾਨੀ ਹੇਠ ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿਛਲੇ ਪਾਸੇ ਦਿਲਪੀ੍ਰਤ ਸਿੰਘ ਉਰਫ ਬਾਬਾ ਮਾਰੂਤੀ ਸਵਿਫਟ ਡਿਜਾਇਰ ਗੱਡੀ ਵਿੱਚ ਆਇਆ। ਉਸ ਨੂੰ ਪੁਲੀਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਪਾਰਟੀ ਦੀ ਗੱਡੀ ਇਸ ਦੀ ਕਾਰ ਵਿੱਚ ਵੱਜੀ ਤਾਂ ਦਿਲਪੀ੍ਰਤ ਕਾਰ ਵਿੱਚੋਂ ਨਿੱਕਲ ਕੇ ਪੁਲਿਸ ਪਾਰਟੀ ਉੱਤੇ ਫਾਇਰ ਕਰਦਾ ਹੋਇਆ ਭੱਜਣ ਲੱਗਾ ਜਿਸ ਦੇ ਜਵਾਬੀ ਫਾਇਰ ਕਰਨ ’ਤੇ ਦਿਲਪੀ੍ਰਤ ਸਿੰਘ ਜਖ਼ਮੀ ਹੋ ਗਿਆ। ਪੁਲਿਸ ਟੀਮ ਨੇ ਉਸ ਨੂੰ ਜਖ਼ਮੀ ਹਾਲਤ ਵਿਚ ਪੀ.ਜੀ.ਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਉਸ ਦੀ ਗੱਡੀ ਅਤੇ ਇਸ ਦੁਆਰਾ ਇਸਤੇਮਾਲ ਕੀਤਾ ਹੋਇਆ ਅਸਲਾ ਜਿਸ ਵਿੱਚ ਇੱਕ ਪਿਸਟਲ 30 ਬੋਰ ਲੋਡਿਡ ਸਮੇਤ ਕਾਰਤੂਸ, ਇੱਕ 30 ਬੋਰ ਰਾਈਫਲ ਅਤੇ 28 ਕਾਰਤੂਸ, 12 ਬੋਰ ਦੇ 59 ਕਾਰਤੂਸ, ਇੱਕ ਬੈਲਟ ਕਾਰਤੂਸਾਂ ਵਾਲੀ, ਇੱਕ ਨਕਲੀ ਦਾੜੀ-ਮੁੱਛਾਂ, ਦੋ ਜਾਅਲੀ ਨੰਬਰ ਪਲੇਟਾਂ, ਤਿੰਨ ਹਾਕੀਆਂ, ਇੱਕ ਰਾਡ ਬਰਾਮਦ ਹੋਈ ਹੈ। ਮੁੱਢਲੀ ਜਾਣਕਾਰੀ ਤੋ ਇਹ ਗੱਲ ਸਾਹਮਣੇ ਆਈ ਕਿ ਦਿਲਪੀ੍ਰਤ ਬਾਬਾ ਅੱਜ-ਕੱਲ੍ਹ ਪੰਜਾਬ ਅਤੇ ਹੋਰ ਰਾਜਾ ਵਿਚ ਚਿੱਟਾ ਅਤੇ ਹੋਰ ਗੋਲੀ-ਸਿੱਕਾ ਗੈਗਸਟਰਾਂ ਨੂੰ ਸਪਲਾਈ ਕਰਦਾ ਹੈ ਅਤੇ ਇਸ ਨੇ ਆਪਣੀ ਠਾਹਰ ਬਾਹਰਲੀ ਸਟੇਟਾਂ ਤੋਂ ਇਲਾਵਾ ਪੰਜਾਬ ਵਿਚ ਰੁਪਿੰਦਰ ਕੌਰ ਪੁੱਤਰੀ ਚਰਨ ਦਾਸ ਵਾਸੀ ਮਕਾਨ ਨੰ: 2567 ਸੈਕਟਰ 38, ਚੰਡਗੜ੍ਹ ਅਤੇ ਹਰਪੀ੍ਰਤ ਕੌਰ ਪੁੱਤਰੀ ਚਰਨ ਦਾਸ ਵਾਸੀ ਵਾਹਿਗੁਰੁੂ ਨਗਰ ਨਵਾਂਸਹਿਰ, ਜੋ ਕਿ ਦੋਵੇਂ ਭੈਣਾਂ ਹਨ, ਪਾਸ ਬਣਾਈ ਹੋਈ ਹੈ ਅਤੇ ਇਸ ਭਗੌੜੇ ਨੂੰ ਆਪਣੇ ਪਾਸ ਪਨਾਹ ਦਿੱਤੀ ਹੋਈ ਹੈ। ਦਿਲਪ੍ਰੀਤ ਸਿੰਘ ਆਪਣੇ ਹਥਿਆਰ ਅਤੇ ਗੋਲੀ ਸਿੱਕਾ, ਹੈਰੋਇਨ ਹੋਰ ਨਸ਼ੀਲੇ ਪਦਾਰਥ ਇਨ੍ਹਾਂ ਦੇ ਘਰਾਂ ਦੇ ਵਿੱਚ ਹੀ ਰੱਖ ਕੇ ਆਪਣਾ ਨੈਟਵਰਕ ਚਲਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨਾਂ ਪੁਖਤਾ ਸਬੂਤਾਂ ਅਤੇ ਬਰਾਮਦਗੀਆਂ ਦੇ ਆਧਾਰ ਉੱਤੇ ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਐਫ.ਆਈ.ਆਰ ਨੰਬਰ 3, ਮਿਤੀ 9-07-2018 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 22, ਅਸਲਾ ਕਾਨੂੰਨ ਦੀ ਧਾਰਾ 25, 54, 59 ਅਤੇ ਆਈ.ਪੀ.ਸੀ ਦੀ ਧਾਰਾ 212, 216 ਤਹਿਤ ਥਾਣਾ ਐਸ.ਐਸ.ਓ.ਸੀ ਮੁਹਾਲੀ ਵਿਖੇ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਪੁਲੀਸ ਪਾਰਟੀ ਨੇ ਮੌਕੇ ’ਤੇ ਨਵਾਂ ਸਹਿਰ ਵਿਖੇ ਰੇਡ ਕਰਕੇ ਇੱਕ ਬੋਰ ਪੰਪ ਐਕਸ਼ਨ ਰਾਈਫਲ, ਇੱਕ ਪਿਸਟਲ ਸਮੇਤ 40 ਕਾਰਤੂਸ, ਇੱਕ ਕਿਲੋ ਹੈਰੋਇਨ, ਇੱਕ ਇਲੈਕਟਰਾਨਿਕ ਕੰਡਾ ਅਤੇ ਫੋਨ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਦਿਲਪ੍ਰੀਤ ਬਾਬਾ ਦੀ ਕਾਰ ਵਿੱਚੋਂ ਸਮੈਕ ਲੈਣ ਵਾਲਾ ਸਾਮਾਨ ਅਤੇ ਮਰਦਾਨਗੀ ਦੇ ਕੈਪਸੂਲ ਵੀ ਬਰਾਮਦ ਹੋਏ ਹਨ। ਉਨਾਂ ਕਿਹਾ ਕਿ ਦਿਲਪ੍ਰੀਤ ਬਾਬਾ ਚੰਡੀਗੜ੍ਹ ਵਿੱਚ ਹੀ ਪਿਛਲੇ ਦੋ ਸਾਲਾਂ ਤੋਂ ਸੈਕਟਰ-38 ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਹਦੂਦ ਵਿੱਚ ਹੋਣ ਕਾਰਨ ਉਨ੍ਹਾਂ ਚੰਡੀਗੜ੍ਹ ਪੁਲੀਸ ਤੋਂ ਸਹਿਯੋਗ ਵੀ ਲਿਆ ਸੀ। ਉਨਾਂ ਇਹ ਵੀ ਦੱਸਿਆ ਕਿ ਅਜੇ ਦਿਲਪ੍ਰੀਤ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਹਾਲੇ ਉਹ ਇਲਾਜ ਅਧੀਨ ਹੈ।