
ਪੰਜਾਬ ਪੁਲੀਸ ਨੇ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਹੁਣ ਜੱਗੂ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਪਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਪੰਜਾਬ ਪੁਲੀਸ ਸਟੇਟ ਕਰਾਈਮ ਵਿੰਗ ਵੱਲੋਂ ਪਿਛਲੇ ਦਿਨੀਂ ਜਾਅਲੀ ਪਾਸਪੋਰਟ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖ਼ਿਲਾਫ਼ ਦਰਜ ਕੀਤੇ ਅਪਰਾਧਿਕ ਮਾਮਲੇ ਵਿੱਚ ਹੁਣ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਪਾ ਲਈ ਹੈ। ਉਸ ’ਤੇ ਕਾਰੋਬਾਰੀਆਂ ਨੂੰ ਡਰਾ ਧਮਕਾ ਦੇ ਕੇ ਫਿਰੌਤੀਆਂ ਮੰਗਣ ਅਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਣਾਉਣ ਦਾ ਦੋਸ਼ ਹੈ।
ਜੱਗੂ ਭਗਵਾਨਪੁਰੀਆ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 8 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਨੂੰ 3 ਸਤੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਪਹਿਲਾਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ 10 ਦਿਨ ਦੇ ਪੁਲੀਸ ਰਿਮਾਂਡ ’ਤੇ ਚੱਲ ਰਿਹਾ ਹੈ। ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਦਫ਼ਤਰ ਖਰੜ ਵਿੱਚ ਰੱਖਿਆ ਗਿਆ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਸੀਆਈਏ ਕੈਂਪਸ ਵਿੱਚ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਪਹਿਲਾਂ ਦੋਵਾਂ ਤੋਂ ਵਾਰੋ-ਵਾਰੀ ਪੁੱਛਗਿੱਛ ਕੀਤੀ ਗਈ। ਮਗਰੋਂ ਇਕੱਠੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਗਈ। ਜੰਗੂ ਭਗਵਾਨਪੁਰੀਆ ਪਹਿਲਾਂ ਹੀ ਸਿੱਧੂ ਮੂਸੇਵਾਲਾ ਹੱਤਿਆ ਕੇਸ ਵਿੱਚ ਪੁਲੀਸ ਰਿਮਾਂਡ ’ਤੇ ਚੱਲ ਰਿਹਾ ਹੈ। ਹੁਣ ਉਸ ਨੂੰ ਫਿਰੌਤੀਆਂ ਮੰਗਣ ਅਤੇ ਜਾਅਲੀ ਪਾਸਪੋਰਟ ਮਾਮਲੇ ਵਿੱਚ ਮੁਹਾਲੀ ਲਿਆਂਦਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਵੱਲੋਂ ਮੁਹਾਲੀ ਥਾਣੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਧਾਰਾ-384, 465, 466, 467, 120ਬੀ, 12 ਪਾਸਪੋਰਟ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਵਿੱਚ ਜੱਗੂ ਭਗਵਾਨਪੁਰੀਆ ਸਮੇਤ ਕਰਮਵੀਰ ਸਿੰਘ, ਪਤਵਿੰਦਰ ਸਿੰਘ ਉਰਫ਼ ਗੋਲਡੀ, ਪਤਵੀਰ ਵੜਿੰਗ, ਅਨਮੋਲ ਬਿਸ਼ਨੋਈ, ਸਚਿਨ ਬਿਸ਼ਨੋਈ, ਰਾਜਵੀਰ ਸਿੰਘ, ਯਾਦਵਿੰਦਰ ਸਿੰਘ, ਬਲਦੇਵ ਚੌਧਰੀ, ਗੁਰਵਿੰਦਰਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਆਪਣੇ ਦੋਵੇਂ ਭਰਾਵਾਂ ਅਨਮੋਲ ਬਿਸ਼ਨੋਈ ਅਤੇ ਸਚਿਨ ਬਿਸ਼ਨੋਈ ਨੂੰ ਅਪਰੈਲ ਵਿੱਚ ਜਾਅਲੀ ਪਾਸਪੋਰਟ ਰਾਹੀਂ ਵਿਦੇਸ਼ ਭੇਜ ਦਿੱਤਾ ਸੀ ਅਤੇ ਬਾਕੀ ਨਾਮਜ਼ਦ ਮੁਲਜ਼ਮਾਂ ਦੀ ਭਾਲ ਜਾਰੀ ਹੈ। ਉਧਰ, ਗੈਂਗਸਟਰ ਬੰਬੀਹਾ ਗਰੁੱਪ ਦੀਆਂ ਧਮਕੀਆਂ ਦੇ ਚੱਲਦਿਆਂ ਪੰਜਾਬ ਪੁਲੀਸ ਨੇ ਸੀਆਈਏ ਸਟਾਫ਼ ਦੇ ਕੈਂਪਸ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਹੈ।