Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਵੱਲੋਂ ਕਤਲ ਦੀਆਂ ਵੱਖ-ਵੱਖ ਵਾਰਦਾਤਾਂ ਵਿੱਚ ਲੋੜੀਂਦਾ 5ਵਾਂ ਮੁੱਖ ਮੁਲਜ਼ਮ ਵੀ ਗ੍ਰਿਫ਼ਤਾਰ ਯੂ.ਕੇ. ਇਟਲੀ ਅਤੇ ਕੈਨੇਡਾ ਵਿੱਚ ਬੈਠੇ ਸੰਚਾਲਕਾਂ ਬਾਰੇ ਵੀ ਮਿਲੀ ਅਹਿਮ ਜਾਣਕਾਰੀ, ਡੀਜੀਪੀ ਨੇ ਕੀਤਾ ਖੁਲਾਸਾ ਨਬਜ਼-ਏ-ਪੰਜਾਬ ਬਿਊਰੋ, ਲੁਧਿਆਣਾ, 10 ਨਵੰਬਰ: ਪੰਜਾਬ ਪੁਲੀਸ ਨੇ ਲੰਘੇ ਸਮੇਂ ਦੌਰਾਨ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤੀਆਂ ਗਈਆਂ ਹੱਤਿਆਵਾਂ ਦੇ ਮੁੱਖ ਮੁਲਜ਼ਮ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਨ੍ਹਾਂ ਹੱਤਿਆਵਾਂ ਵਿੱਚ ਬ੍ਰਿਗੇਡੀਅਰ ਗਗਨੇਜਾ ਕਤਲ ਅਤੇ ਹੋਰ ਮਾਮਲੇ ਸ਼ਾਮਲ ਹਨ। ਆਰਐਸਐਸ, ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਆਗੂਆਂ ਦੀਆਂ ਹੱਤਿਆਵਾਂ ਨਾਲ ਸਬੰਧਤ ਇਨ੍ਹਾਂ ਸੱਤ ਮਾਮਲਿਆਂ ’ਚੋਂ 6 ਮਾਮਲਿਆਂ ਵਿੱਚ ਹੁਣ ਤੱਕ 5 ਕਥਿਤ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਪੁਲੀਸ ਨੇ ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਦੀ ਏਜੰਸੀ ਆਈਐਸਆਈ ਵੱਲੋਂ ਘੜੀ ਗਈ ਸਾਜਿਸ਼ ਤਹਿਤ ਹੱਤਿਆਰਿਆਂ ਦਾ ਸੰਚਾਲਨ ਕਰਨ ਵਾਲੇ ਯੂ.ਕੇ, ਇਟਲੀ ਅਤੇ ਕੈਨੇਡਾ ਨਾਲ ਸੰਬੰਧਤ ਵਿਅਕਤੀਆਂ ਬਾਰੇ ਵੀ ਅਹਿਮ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਹੱਤਿਆਵਾਂ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ਼.) ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਹਾਲੇ ਮੁੱਢਲੇ ਗੇੜ ਵਿੱਚ ਹੀ ਹੋਣ ਕਰਕੇ ਹਾਲੇ ਜਿਆਦਾ ਵੇਰਵੇ ਸਾਂਝੇ ਕੀਤੇ ਜਾਣੇ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਜਿਸ਼ਾਂ ਲਈ ਵਿਦੇਸ਼ਾਂ ਤੋਂ ਫੰਡਿੰਗ ਬਾਰੇ ਪਤਾ ਲੱਗਿਆ ਹੈ ਪਰ ਇਸ ਸੰਬੰਧੀ ਹੋਰ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਡੀਜੀਪੀ (ਇੰਟੈਲੀਜੈਂਸ) ਸ੍ਰੀ ਦਿਨਕਰ ਗੁਪਤਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਪੁਲੀਸ ਮੁਖੀ ਨੇ ਕਿਹਾ ਕਿ ਇਨ੍ਹਾਂ ਹੱਤਿਆਵਾਂ ਲਈ ਜਿੰਮੇਵਾਰ ਪੰਜਵਾਂ ਮੁਲਜ਼ਮਹਰਦੀਪ ਸਿੰਘ ਉਰਫ਼ ਸ਼ੇਰਾ ਵਾਸੀ ਪਿੰਡ ਮਾਜਰੀ ਕੀਹਨੇਵਾਲੀ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਰਮਨਦੀਪ ਸਿੰਘ ਉਰਫ਼ ਕੈਨੇਡੀਅਨ ਉਰਫ਼ ਬਿੱਲਾ ਉਰਫ਼ ਚੂਟੀ ਭੈਣ ਵਾਸੀ ਚੂਹੜਵਾਲ (ਲੁਧਿਆਣਾ) ਨਾਲ ਮਿਲ ਕੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਹੱਤਿਆਵਾਂ ਨੂੰ ਅੰਜ਼ਾਮ ਦਿੰਦਾ ਸੀ। ਦੱਸਣਯੋਗ ਹੈ ਕਿ ਰਮਨਦੀਪ ਨੂੰ ਲੰਘੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਹਰਦੀਪ ਸਿੰਘ ਨੂੰ ਅੱਜ ਫਤਹਿਗੜ੍ਹ ਸਾਹਿਬ ਸਥਿਤ ਬਾਜਵਾ ਜਿੰਮ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਉਥੇ ਸਵੇਰੇ 7.30 ਵਜੇ ਵਰਜਿਸ਼ ਕਰਨ ਗਿਆ ਸੀ। ਸ੍ਰੀ ਅਰੋੜਾ ਨੇ ਕਿਹਾ ਕਿ ਹਰਦੀਪ ਸਿੰਘ ਹਰੇਕ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿਦੇਸ਼ ਨੂੰ ਚਲਾ ਜਾਂਦਾ ਸੀ, ਜਿਸ ਕਾਰਨ ਉਸਨੂੰ ਇਨ੍ਹਾਂ ਸਾਰੇ ਮਾਮਲਿਆਂ ਨਾਲ ਜੋੜਨ ਵਿੱਚ ਦਿੱਕਤ ਪੇਸ਼ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਹਰਦੀਪ 6 ਅਗਸਤ, 2016 ਨੂੰ ਆਰ. ਐੱਸ. ਐੱਸ. ਨੇਤਾ ਗਗਨੇਜਾ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ 12 ਅਗਸਤ, 2016 ਨੂੰ ਇਟਲੀ ਨੂੰ ਚਲਾ ਗਿਆ ਸੀ। ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪਿਆ ਗਿਆ ਸੀ ਪਰ ਇਸ ਮਾਮਲੇ ਵਿੱਚ ਕੋਈ ਵੀ ਸੂਹ ਨਾ ਮਿਲਣ ਦੇ ਚੱਲਦਿਆਂ ਕੇਂਦਰੀ ਜਾਂਚ ਬਿਊਰੋ ਨੂੰ ਵੀ ਕੋਈ ਸਫ਼ਲਤਾ ਹਾਸਿਲ ਨਾ ਹੋਈ ਸੀ। ਸ੍ਰੀ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿੱਚ ਪਹਿਲਾਂ ਵੀ ਤਿੰਨ ਦੋਸ਼ੀਆਂ ਵਿੱਚੋਂ ਜੰਮੂ ਵਾਸੀ ਜਿੰਮੀ ਸਿੰਘ, ਜੋ ਕਿ ਕਈ ਸਾਲ ਯੂ. ਕੇ. ਬਿਤਾਉਣ ਉਪਰੰਤ ਭਾਰਤ ਪਰਤਿਆ ਸੀ, ਨੂੰ 1 ਨਵੰਬਰ, 2017 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਜਗਤਾਰ ਸਿੰਘ ਜੌਹਲ ਉਰਫ਼ ਜੱਗੀ (ਜੋ ਕਿ ਯੂ. ਕੇ. ਦਾ ਨਾਗਰਿਕ ਹੈ ਅਤੇ ਉਸਨੇ ਪਿਛਲੇ ਮਹੀਨੇ ਹੀ ਵਿਆਹ ਕੀਤਾ ਸੀ) ਅਤੇ ਧਰਮਿੰਦਰ ਉਰਫ਼ ਗੁਗਨੀ (ਮੇਹਰਬਾਨ ਲੁਧਿਆਣਾ ਦਾ ਗੈਂਗਸਟਰ ਜੋ ਕਿ ਹੱਤਿਆਰਿਆਂ ਨੂੰ ਹਥਿਆਰ ਸਪਲਾਈ ਕਰਦਾ ਸੀ) ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਸੱਤ ਨੇਤਾਵਾਂ ਦੇ ਕਤਲਾਂ ਤੋਂ ਇਲਾਵਾ ਆਰਐੱਸਐੱਸ ਦੀਆਂ ਸ਼ਾਖਾਵਾਂ ਅਤੇ ਲੁਧਿਆਣਾ ਦੇ ਹਿੰਦੂ ਨੇਤਾ ਅਮਿਤ ਅਰੋੜਾ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਵੀ ਸੁਲਝਾ ਲਿਆ ਹੈ। ਉਨ੍ਹਾਂ ਕਿਹਾ ਕਿ ਅਪ੍ਰੈੱਲ 2016 ਤੋਂ ਫਰਵਰੀ 2017 ਤੱਕ ਪੰਜ ਘਟਨਾਵਾਂ ਵਾਪਰੀਆਂ, ਜਦਕਿ ਦੋ ਘਟਨਾਵਾਂ ਨੂੰ ਜੁਲਾਈ ਅਤੇ ਅਕਤੂਬਰ 2017 ਵਿੱਚ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ ਵਿੱਚ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਵਿਗਾੜਨ ਦੀ ਸਾਜ਼ਿਸ਼ ਪਿੱਛੇ ਪਾਕਿਸਤਾਨ, ਯੂ. ਕੇ., ਇਟਲੀ, ਕੈਨੇਡਾ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਅੱਤਵਾਦੀਆਂ ਦਾ ਹੱਥ ਸੀ। ਪੁਲਿਸ ਮੁੱਖੀ ਨੇ ਕਿਹਾ ਕਿ ਪੁਲਿਸ ਕੋਲ ਇਨ੍ਹਾਂ ਵਿਅਕਤੀਆਂ ਬਾਰੇ ਪੁਖ਼ਤਾ ਜਾਣਕਾਰੀ ਹੈ, ਜੋ ਕਿ ਹਾਲੇ ਸਾਂਝੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੱਤਿਆਵਾਂ ਦੌਰਾਨ ਵਰਤੇ ਗਏ ਤਿੰਨ ਮੋਟਰਸਾਈਕਲ ਅਤੇ ਪੰਜ ਹਥਿਆਰ ਬਰਾਮਦ ਕਰ ਲਏ ਗਏ ਹਨ। ਹਥਿਆਰਾਂ ਵਿੱਚ 9 ਐੱਮ. ਐੱਮ. ਪਿਸਤੌਲ, 32 ਬੋਰ ਪਿਸਤੌਲ, 30 ਬੋਰ ਪਿਸਤੌਲ, 315 ਬੋਰ ਪਿਸਟਲ (ਸਿੰਗਲ ਸ਼ਾਟ ਕੰਟਰੀ ਮੇਡ), ਏਅਰ ਪਿਸਟਲ (ਸਵਿੱਸ ਮੇਡ) ਅਤੇ 60 ਕਾਰਤੂਸ ਸ਼ਾਮਿਲ ਹਨ। ਏਅਰ ਪਿਸਟਲ ਨੂੰ ਦੋਸ਼ੀਆਂ ਵੱਲੋਂ ਟਰੇਨਿੰਗ ਲਈ ਵਰਤਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਗਗਨੇਜਾ ਦੀ ਮੌਤ ਲਈ ਵਰਤਿਆ ਗਿਆ ਮੋਟਰਸਾਈਕਲ ਘਟਨਾ ਉਪਰੰਤ ਹਤਿਆਰਿਆਂ ਵੱਲੋਂ ਸਰਹਿੰਦ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਜੋ ਕਿ ਅੱਜ ਹਰਦੀਪ ਦੀ ਗ੍ਰਿਫ਼ਤਾਰ ਉਪਰੰਤ ਉਸਦੀ ਸ਼ਨਾਖ਼ਤ ’ਤੇ ਬਰਾਮਦ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਇਹ ਅੰਤਰਰਾਸ਼ਟਰੀ ਸਾਜਿਸ਼ ਵਿਦੇਸ਼ੀ ਧਰਤੀ ’ਤੇ ਘੜੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਸਾਜਿਸ਼ ਪੇਸ਼ੇਵਰ ਵਿਅਕਤੀਆਂ ਵੱਲੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਰਚੀ ਗਈ ਸੀ, ਜਿਸ ਤਹਿਤ ਅਪਰਾਧੀ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਕੋਈ ਵੀ ਨਿਸ਼ਾਨ ਪਿੱਛੇ ਨਹੀਂ ਛੱਡਦੇ ਸਨ, ਜਿਸ ਕਾਰਨ ਕੇਂਦਰੀ ਜਾਂਚ ਏਜੰਸੀਆਂ ਨੂੰ ਵੀ ਇਨ੍ਹਾਂ ਘਟਨਾਵਾਂ ਨੂੰ ਸੁਲਝਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ। ਦੂਜੇ ਪਾਸੇ ਘੱਟ ਗਿਣਤੀ ਫਿਰਕਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਹੀ ਆਰਐੱਸਐੱਸ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਉਹ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਬਕਾਇਦਾ ਆਪਣੇ ਨਿਸ਼ਾਨੇ ਦੀ ਰੇਕੀ ਕਰਦੇ ਸਨ। ਬ੍ਰਿਗੇਡੀਅਰ ਗਗਨੇਜਾ ਮਾਮਲੇ ਵਿੱਚ ਦੋਸ਼ੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਤਿੰਨ ਵਾਰ ਜਲੰਧਰ ਗਏ ਅਤੇ ਚੌਥੇ ਦਿਨ ਘਟਨਾ ਨੂੰ ਅੰਜ਼ਾਮ ਦਿੱਤਾ। ਉਹ ਘਟਨਾ ਨੂੰ ਅੰਜ਼ਾਮ ਦੇਣ ਵੇਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਚਣ ਲਈ ਮੂੰਹ ਢਕ ਲੈਂਦੇ ਸਨ ਅਤੇ ਹਰੇਕ ਘਟਨਾ ਤੋਂ ਬਾਅਦ ਆਪਣੇ ਕੱਪੜੇ ਨਸ਼ਟ ਕਰ ਦਿੰਦੇ ਸਨ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਯੂ. ਕੇ., ਕੈਨੇਡਾ ਅਤੇ ਇਟਲੀ ਵਿੱਚ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਇਸ ਪੂਰੇ ਨੈੱਟਵਰਕ ਨੂੰ ਕੰਟਰੋਲ ਕਰ ਰਹੇ ਇਨ੍ਹਾਂ ਆਕਾਵਾਂ ਤੱਕ ਪੁੱਜਣ ਵਾਲੀ ਹੈ। ਇਹ ਲੋਕ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਪਾਸੇ ਤੋਰਦੇ ਹਨ। ਉਨ੍ਹਾਂ ਕਿਹਾ ਕਿ ਹਰਦੀਪ ਅਤੇ ਰਮਨਦੀਪ ਦੋਵੇਂ ਹੀ ਫੇਸਬੁੱਕ ਰਾਹੀਂ ਇਨ੍ਹਾਂ ਦੇ ਸੰਪਰਕ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਭਾਵੇਂਕਿ ਹਰਦੀਪ ਅਤੇ ਰਮਨਦੀਪ ਇੱਕ ਦੂਜੇ ਬਾਰੇ ਬਹੁਤਾ ਕੁਝ ਨਹੀਂ ਜਾਣਦੇ ਸਨ ਪਰ ਫਿਰ ਵੀ ਉਹਨਾਂ ਕਾਫੀ ਤਾਲਮੇਲ ਨਾਲ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਨੂੰ ਮੋਬਾਈਲ ਐਪਲੀਕੇਸ਼ਨ ਸਿਗਨਲ ਨਾਲ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਸਨ ਅਤੇ ਸੌਖ਼ੇ ਨਿਸ਼ਾਨਿਆਂ ਦੀ ਭਾਲ ਕਰਨ ਲਈ ਕਿਹਾ ਜਾਂਦਾ ਸੀ। ਬ੍ਰਿਗੇਡੀਅਰ ਗਗਨੇਜਾ ਅਤੇ ਪਾਸਟਰ ਨੂੰ ਨਿਸ਼ਾਨਾ ਬਣਾਉਣ ਬਾਰੇ ਇਨ੍ਹਾਂ ਨੂੰ ਇਨ੍ਹਾਂ ਦੇ ਆਕਾਵਾਂ ਵੱਲੋਂ ਨਿਰਦੇਸ਼ ਦਿੱਤੇ ਗਏ ਸਨ, ਜਦਕਿ ਬਾਕੀ ਨਿਸ਼ਾਨੇ ਇਨ੍ਹਾਂ ਵੱਲੋਂ ਖੁਦ ਹੀ ਨਿਰਧਾਰਤ ਕੀਤੇ ਗਏ ਸਨ। ਇਸ ਮੌਕੇ ਸ੍ਰੀ ਅਰੋੜਾ ਨੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੂਰੀ ਟੀਮ ਦੀ ਵਿਸ਼ੇਸ਼ ਤੌਰ ’ਤੇ ਸਰਾਹਨਾ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ