nabaz-e-punjab.com

ਪੰਜਾਬ ਪੁਲੀਸ ਵੱਲੋਂ ਖਾੜਕੂ ਸੰਗਠਨ ਦੇ ਦੋ ਹੋਰ ਕਾਰਕੁਨ ਗ੍ਰਿਫ਼ਤਾਰ

ਡੇਰਾ ਸੱਚਾ ਸੌਦਾ ਦੇ ਇੱਕ ਪੈਰੋਕਾਰ ਤੇ ਰਾਜਸਥਾਨ ਦੇ ਇੱਕ ਵਿਵਾਦਿਤ ਧਾਰਮਕ ਉਪਦੇਸ਼ਕ ਦੀ ਹੱਤਿਆ ਦਾ ਕੇਸ ਸੁਲਝਾਇਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਜੁਲਾਈ
ਪੰਜਾਬ ਪੁਲੀਸ ਨੇ ਸੂਬੇ ਵਿੱਚ ਇਕ ਹੋਰ ਖਾੜਕੂ ਸੰਗਠਨ ਦਾ ਸਫਾਇਆ ਕਰਕੇ ਦੋ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਵਿੱਚ ਡੇਰਾ ਸੱਚਾ ਸੌਦਾ ਦੇ ਇਕ ਪੈਰੋਕਾਰ ਅਤੇ ਸਾਲ 2016 ਵਿਚ ਰਾਜਸਥਾਨ ਵਿੱਚ ਇਕ ਵਿਵਾਦਪੂਰਨ ਧਾਰਮਕ ਉਪਦੇਸ਼ਕ ਦੇ ਮਾਰੇ ਜਾਣ ਦਾ ਮਾਮਲਾ ਸ਼ਾਮਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬਾ ਪੁਲੀਸ ਨੇ ਅਣਸੁਲਝੇ ਪੁਰਾਣੇ ਕੇਸਾਂ ਦੀ ਪੜਤਾਲ ਕਰਨ ਦਾ ਕਾਰਜ ਆਰੰਭਿਆ ਹੈ ਅਤੇ ਉਸ ਵੱਲੋਂ ਉਨ੍ਹਾਂ ਸ਼ੱਕੀ ਖਾੜਕੂਆਂ ਅਤੇ ਅਪਰਾਧੀਆਂ ਵਿਰੁੱਧ ਹੱਲਾ ਬੋਲਿਆ ਗਿਆ ਹੈ ਜੋ ਪਿਛਲੇ ਸਮੇਂ ਦੌਰਾਨ ਖੁੱਲ੍ਹੇ ਰੂਪ ਵਿਚ ਘੁੰਮ ਰਹੇ ਸਨ।
ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਲੀਸ ਨੇ ਇਕ ਤਾਜ਼ਾ ਕਾਰਵਾਈ ਦੌਰਾਨ ਮੰਗਲਵਾਰ ਨੂੰ ਅੰਤਰ-ਰਾਜੀ ਖਾੜਕੂ ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਨਵਾਂਸ਼ਹਿਰ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਖੂਫੀਆ ਤਾਲਮੇਲ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਬੁਲਾਰੇ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਪਿੰਡ ਕੋਹਾਲਾ, ਪੁਲਿਸ ਥਾਣਾ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਚੋਂ ਅਤੇ 25 ਸਾਲਾ ਅਵਤਾਰ ਸਿੰਘ ਉਰਫ ਪੰਮਾ ਵਾਸੀ ਕੋਹਾਲਾ ਨੂੰ ਪਿੰਡ ਭਾਣੋਲੰਗਾ ਪੁਲਿਸ ਥਾਣਾ ਸਦਰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਹ ਦੋਵੇਂ ਡੇਰਾ ਸੱਚਾ ਸੌਦਾ ਦੇ ਪੈਰੋਕਾਰ 31 ਸਾਲਾ ਗੁਰਦੇਵ ਸਿੰਘ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਨੂੰ ਪਿਛਲੇ ਸਾਲ 13 ਜੂਨ ਨੂੰ ਕੀਤੀ ਗਈ ਹੱਤਿਆ ਵਿਚ ਸ਼ਾਮਲ ਸਨ। ਇਹ ਦੋਵੇਂ ਬਾਬਾ ਲੱਖਾ ਸਿੰਘ ਉਰਫ ਲਖਵਿੰਦਰ ਸਿੰਘ ਉਰਫ ਪਾਖੰਡੀ ਬਾਬਾ ਦੀ 23 ਨਵੰਬਰ 2016 ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਖੇ ਹੋਈ ਹੱਤਿਆ ਵਿੱਚ ਵੀ ਸ਼ਾਮਲ ਸਨ। ਪੁਲੀਸ ਨੇ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਖਾੜਕੂਆਂ ਕੋਲੋਂ ਇਕ ਬਾਰਾਂ ਬੋਰ ਦੀ ਰਾਇਫਲ ਅਤੇ .32 ਬੋਰ ਦਾ ਰਿਵੋਲਵਰ ਬਰਾਮਦ ਕੀਤਾ ਹੈ।
ਇਨ੍ਹਾਂ ਹੱਤਿਆਵਾਂ ਵਿਚ ਸ਼ਾਮਲ ਹੋਰ ਸ਼ੱਕੀ ਆਸ਼ੋਕ ਕੁਮਾਰ ਵੋਹਰਾ ਉਰਫ ਅਮਨਾ ਸੇਠ (26) ਪਿੰਡ ਕੋਹਾਲਾ ਹਨੇਰਾ ਦਾ ਫਾਇਦਾ ਉਠਾ ਕੇ ਬੱਚ ਕੇ ਨਿਕਲ ਗਿਆ। ਮੁੱਢਲੀ ਜਾਂਚ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਹੋਰ ਵੀ ਵੱਖ-ਵੱਖ ਲੋਕ ਇਸ ਗਿਰੋਹ ਦੇ ਨਿਸ਼ਾਨੇ ਤੇ ਸਨ ਅਤੇ ਇਨ੍ਹਾਂ ਸ਼ੱਕਿਆਂ ਵੱਲੋਂ ਕੁੱਝ ਹੋਰ ਲੋਕਾਂ ਦੀ ਵੀ ਪੈੜ ਨੱਪੀ ਜਾ ਰਹੀ ਸੀ ਜਿਨ੍ਹਾਂ ’ਤੇ ਹਮਲਾ ਕਰਨ ਦੀ ਇਨ੍ਹਾਂ ਵੱਲੋਂ ਯੋਜਨਾ ਬਣਾਈ ਗਈ ਸੀ ਤਾਂ ਜੋ ਪੰਜਾਬ ਨੂੰ ਫਿਰਕੂ ਲੀਹ ’ਤੇ ਵੰਡਿਆ ਜਾ ਸਕੇ। ਬੁੱਧਵਾਰ ਸਵੇਰ ਨੂੰ ਕੀਤੀ ਗਈ ਕਾਰਵਾਈ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਇਕ ਚਿੱਟੇ ਰੰਗ ਦੀ ਸਵਿਫਟ ਕਾਰ (ਸੀ.ਐਚ 1 ਬੀ.ਜੀ 4114) ਨੂੰ ਜਬਤ ਕਰ ਲਿਆ ਜੋ ਕਿ ਗੁਰਦੇਵ ਸਿੰਘ ਅਤੇ ਬਾਬਾ ਲੱਖਾ ਸਿੰਘ ਦੀ ਹੱਤਿਆ ਲਈ ਵਰਤੀ ਗਈ ਸੀ। ਇਸ ਨੂੰ ਬੁਰਜ ਜਵਾਹਰ ਸਿੰਘ ਵਾਲਾ ਜਿਲ੍ਹਾ ਫਰੀਦਕੋਟ ਤੋਂ ਬਰਾਮਦ ਕੀਤਾ ਗਿਆ ਹੈ। ਇਹ ਗੱਡੀ ਅਮਨਾ ਸੇਠ ਦੇ ਨਾਂ ’ਤੇ ਰਜਿਸਟਰਡ ਹੈ ਜੋ ਕਿ ਗੋਪੀ ਦਾ ਨੇੜਲਾ ਸਾਥੀ ਹੈ। ਪੁਲਿਸ ਨੇ ਇਕ ਮਰੂਤੀ ਸਵਿਫਟ ਵੀ ਬਰਾਮਦ ਕੀਤਾ ਹੈ ਜੋ ਗੋਪੀ ਨਾਲ ਸਬੰਧਤ ਹੈ। ਇਹ ਗੱਡੀ ਉਸ ਵੱਲੋਂ ਅਪਰਾਧਿਕ ਕਾਰਵਾਈਆਂ ਲਈ ਵਰਤੀ ਜਾ ਰਹੀ ਸੀ। ਅਮਨਾ ਦੋ ਨਵੇਂ ਲਾਇਸੈਂਸੀ ਹਥਿਆਰ ਰੱਖਦਾ ਸੀ ਜਿਹੜੇ ਕਿ 2016 ’ਚ ਜਾਰੀ ਹੋਏ ਹਥਿਆਰਾਂ ਦੇ ਲਾਇਸੈਂਸਾਂ ’ਤੇ ਸਨ। ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਵੇਂ ਅਤੇ ਕਿਸ ਦੀ ਸਿਫਾਰਸ਼ ’ਤੇ ਇਹ ਲਾਇਸੈਂਸ ਦਿੱਤੇ ਗਏ।
ਇਸੇ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਦੋਵਾਂ ਦਾ ਇਕ ਹੋਰ ਸਾਥੀ ਜਿਸ ਦੀ ਸ਼ਨਾਖਤ ਜਸਵੰਤ ਸਿੰਘ ਕਾਲਾ ਵਾਸੀ ਪਿੰਡ ਸੋਨੇਵਾਲਾ (ਪੁਲਿਸ ਥਾਣਾ ਸਦਰ, ਸ਼੍ਰੀ ਮੁਕਤਸਰ ਸਾਹਿਬ) ਵਜੋਂ ਹੋਈ, ਵੀ ਇਸ ਗਿਰੋਹ ਦਾ ਇਕ ਮੁੱਖ ਮੈਂਬਰ ਸੀ ਜਿਹੜਾ ਹਤਿਆਵਾਂ ਲਈ ਜ਼ਿੰਮੇਵਾਰ ਹੈ। ਪੁਲਿਸ ਵੱਲੋਂ ਅਸ਼ੋਕ ਸਮੇਤ ਉਸਦੀ ਵੀ ਭਾਲ ਜਾਰੀ ਹੈ। ਜ਼ਿਲ੍ਹਾ ਫਿਰੋਜ਼ਪੁਰ ਅਤੇ ਕਪੁੂਰਥਲਾ ਵਿਚ ਅੱਤਵਾਦੀ ਗਿਰੋਹ ਦੇ ਮੈਂਬਰਾਂ ਖਿਲਾਫ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ, ਅਸਲਾ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਸੰਬੰਧਤ ਧਾਰਾਵਾਂ ਤਹਿਤ ਦੋ ਵੱਖੋ-ਵੱਖਰੇ ਮਾਮਲੇ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਵਿਵਾਦਤ ਬਾਬਾ ਲੱਖਾ ਸਿੰਘ ਆਪੇ ਬਣਿਆ ਭਗਵਾਨ ਸੀ ਜਿਸ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸਰੂਪ ਐਲਾਨਿਆ ਹੋਇਆ ਸੀ। ਉਹ ਮੂਲ ਰੂਪ ਵਿਚ ਅਬੋਹਰ ਦਾ ਸੀ ਅਤੇ ਸਿੱਖ ਭਾਈਚਾਰੇ ਵੱਲੋਂ ਉਸ ਦੇ ਢੋਂਗ ਦਾ ਵਿਰੋਧ ਕਰਨ ਤੋਂ ਬਾਅਦ ਉਹ ਫਰਾਰ ਹੋ ਕੇ ਰਾਜਸਥਾਨ ਚਲਾ ਗਿਆ ਸੀ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…