
ਪੰਜਾਬ ਪੁਲੀਸ ਵੱਲੋਂ ‘ਪੰਥ ਵਿਰੋਧੀ’ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਾੜਕੂ ਗਰੋਹ ਦੇ ਦੋ ਹੋਰ ਕਾਰਕੁਨ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ\ਚੰਡੀਗੜ੍ਹ, 21 ਜੂਨ:
ਪੰਜਾਬ ਵਿੱਚ ‘ਪੰਥ ਵਿਰੋਧੀ’ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਰੱਖਣ ਵਾਲੇ ਜਿਸ ਖਾੜਕੂ ਗਿਰੋਹ ਦਾ ਪਿਛਲੇ ਮਹੀਨੇ ਪੰਜਾਬ ਪੁਲੀਸ ਦੇ ਖੂਫੀਆ ਵਿੰਗ ਨੇ ਸਫਾਇਆ ਕੀਤਾ ਸੀ, ਉਸ ਦੇ ਦੋ ਹੋਰ ਮੈਂਬਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੇ ਇੱਕ ਬੁਲਾਰੇ ਅਨੁਸਾਰ ਗੁਰਪ੍ਰੀਤ ਸਿੰਘ ਨੂੰ ਉਸਦੇ ਜੱਦੀ ਪਿੰਡ ਜੀਵਨਵਾਲ (ਫਰੀਦਕੋਟ) ਅਤੇ ਸਿਮਰਨਜੀਤ ਸਿੰਘ ਨੂੰ ਕਮਾਲਪੁਰ (ਮੋਗਾ) ਤੋਂ ਗ੍ਰਿਫਤਾਰ ਕੀਤਾ ਹੈ। ਇਨਂਾਂ ਕੋਲੋਂ .32 ਬੋਰ ਦੇ ਦੋ ਪਿਸਤੌਲ, ਚਾਰ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਹੋਏ ਹਨ।
ਬੁਲਾਰੇ ਅਨੁਸਾਰ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਕੈਨੇਡਾ ਰਹਿੰਦਾ ਗੁਰਜੀਤ ਚੀਮਾ ਵਾਸੀ ਬਰੈਮਪਟਨ, ਟਰੋਂਟੋ ਇਸ ਸਾਲ ਭਾਰਤ ਦੇ ਦੌਰੇ ਦੌਰਾਨ ਗੁਰਪ੍ਰੀਤ ਸਿੰਘ ਪੀਤ ਨੂੰ ਗੋਲੀ-ਸਿੱਕੇ ਨਾਲ ਦੋ ਪਿਸਤੌਲ ਦੇ ਕੇ ਗਿਆ ਸੀ ਜਿਸ ਵਿੱਚੋਂ ਗੁਰਪ੍ਰੀਤ ਸਿੰਘ ਨੇ ਬਾਦ ਵਿੱਚ ਇੱਕ ਪਿਸਤੌਲ ਸਿਮਰਨਜੀਤ ਸਿੰਘ ਨਿੱਕਾ ਨੂੰ ‘ਪੰਥ ਵਿਰੋਧੀ’ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਦੇ ਦਿੱਤਾ ਸੀ। ਇਸ ਸਾਲ ਮਈ 21 ਨੂੰ ਮਾਨ ਸਿੰਘ (ਗੁਰਦਾਸਪੁਰ) ਅਤੇ ਸ਼ੇਰ ਸਿੰਘ (ਜਲੰਧਰ) ਅਧਾਰਿਤ ਖਾੜਕੂ ਗਿਰੋਹ ਦਾ ਸਫਾਇਆ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਕੀਤੀ ਗਈ ਪੁਛ-ਪੜਤਾਲ ਦੌਰਾਨ ਇਹ ਨਵੀਆਂ ਗ੍ਰਿਫਤਾਰੀਆਂ ਹੋਇਆਂ ਹਨ। ਬੁਲਾਰੇ ਅਨੁਸਾਰ ਐਫ.ਆਈ.ਆਰ. ਨੰ 46 ਮਿਤੀ 21-05-2017 ਜੇਰੇ ਦਫਾ 17,18,19,20 ਗੈਰ ਕਾਨੂੰਨੀ ਕਾਰਵਾਈਆਂ ਰੋਕੂ ਐਕਟ 1967 ਹੇਠ, 25,54,59ਏ ਐਕਟ ਅਤੇ 14 ਐਫ, ਐਕਟ, ਪੁਲੀਸ ਥਾਣਾ ਰਾਮਦਾਸ (ਅੰਮ੍ਰਿਤਸਰ ਦਿਹਾਤੀ ਪੁਲੀਸ ਜ਼ਿਲ੍ਹਂਾ) ਵਿੱਚ ਦਰਜ ਕੇਸ ਦੀ ਜਾਂਚ ਅਜੇ ਵੀ ਚੱਲ ਰਹੀ ਹੈ।
ਪੀਤ ਨੇ ਇਹ ਪ੍ਰਗਟਾਵਾ ਕੀਤਾ ਹੈ ਕਿ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜ਼ਿਲ੍ਹਾ ਮੋਗਾ ਜੋ ਕਿ ਕੈਨੇਡਾ ਦੇ ਵੈਂਕੋਓਵਰ ਅਧਾਰਿਤ ਹੈ, ਮਾਰਚ-ਅਪ੍ਰੈਲ 2016 ਨੂੰ ਭਾਰਤ ਆਇਆ ਸੀ ਅਤੇ ਉਸਨੇ ਸੂਬੇ ਵਿੱਚ ਖਾੜਕੂ ਸਰਗਰਮੀਆਂ ਦੀ ਸੁਰਜੀਤੀ ਲਈ ਉਸ ਨੂੰ ਪ੍ਰੇਰਿਤ ਕੀਤਾ ਸੀ। ਇਸ ਤੋਂ ਬਾਅਦ 2017 ਵਿੱਚ ਕੈਨੇਡਾ ਅਧਾਰਿਤ ਗੁਰਪ੍ਰੀਤ ਸਿੰਘ ਨੇ ਗੁਰਜੀਤ ਚੀਮਾ, ਗੁਰਪ੍ਰੀਤ ਸਿੰਘ ਪੀਤ ਅਤੇ ਮਾਨ ਸਿੰਘ ਦੀ ਮੋਗਾ ਜ਼ਿਲ੍ਹੇ ਦੇ ਮੁੱਦਕੀ ਪਿੰਡ ਵਿਖੇ ਮੀਟਿੰਗ ਦਾ ਪ੍ਰਬੰਧ ਕੀਤਾ ਸੀ। ਜਿਸ ਵਿੱਚ ਗੁਰਜੀਤ ਨੇ ਪੰਥ ਵਿਰੋਧੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਨੇੜਲੇ ਭਵਿੱਖ ਵਿੱਚ ਹਥਿਆਰਾਂ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ। ਪੀਤ ਨੇ ਇਹ ਵੀ ਦੱਸਿਆ ਕਿ ਗੁਰਪ੍ਰੀਤ ਚੀਮਾ ਅਤੇ ਗੁਰਜਿੰਦਰ ਸਿੰਘ ਵਾਸੀ ਬਰੈਂਮਪਟਨ ਕੈਨੇਡਾ ਵਰਗੇ ਉਸ ਦੇ ਕੈਨੇਡਾ ਅਧਾਰਿਤ ਸਾਥੀ ਉਸ ਨੂੰ ਅਤੇ ਇਸ ਗਿਰੋਹ ਦੇ ਹੋਰਨਾਂ ਮੈਂਬਰਾਂ ਨੂੰ ਰਸਮੀ ਅਤੇ ਗੈਰ-ਰਸਮੀ ਵਿੱਤੀ ਚੈਨਲਾਂ ਰਾਹੀਂ ਲਗਾਤਾਰ ਫੰਡ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਖਾੜਕੂ ਸਰਗਰਮੀਆਂ ਨੂੰ ਚਲਾਇਆ ਜਾ ਸਕੇ।