
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਦੋ ਸ਼ਿਵ ਸੈਨਾ ਆਗੂ ਗ੍ਰਿਫ਼ਤਾਰ, 36 ਖ਼ਿਲਾਫ਼ ਕੇਸ ਦਰਜ
ਸ਼ਿਵ ਸੈਨਾ ਆਗੂਆਂ ’ਤੇ ਕਥਿਤ ਤੌਰ ’ਤੇ ਦੰਗੇ ਭੜਕਾਉਣ ਦੀ ਸਾਜ਼ਿਸ਼ ਰਚਨ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਖਰੜ ਪੁਲੀਸ ਨੇ ਇਕ ਵਿਸ਼ੇਸ਼ ਫਿਰਕੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਥਿਤ ਤੌਰ ’ਤੇ ਦੰਗੇ ਭੜਕਾਉਣ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਸ਼ਿਵ ਸੈਨਾ (ਹਿੰਦ) ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਯੂਥ ਵਿੰਗ ਦੇ ਪ੍ਰਧਾਨ ਅਮਿਤ ਘਈ ਅਤੇ ਰਜਿੰਦਰ ਧਾਲੀਵਾਲ ਸਮੇਤ ਕਰੀਬ 36 ਸ਼ਿਵ ਸੈਨਾ ਆਗੂਆਂ ਅਤੇ ਮੈਂਬਰਾਂ ਦੇ ਖ਼ਿਲਾਫ਼ ਖਰੜ ਸਿਟੀ ਥਾਣਾ ਵਿੱਚ ਧਾਰਾ 295-ਏ, 298, 153-ਏ, 153-ਬੀ, 505, 149, 124-ਏ, 120-ਬੀ ਦੇ ਤਹਿਤ ਅਪਰਾਧਿਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਸ਼ਿਵ ਸੈਨਾ ਦੇ ਪ੍ਰਮੁੱਖ ਆਗੂ ਨਿਸ਼ਾਂਤ ਸ਼ਰਮਾ ਅਤੇ ਗੌਤਮ ਮੁਹਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਸ਼ਿਵ ਸੈਨਿਕਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਆਗੂਆਂ ਨੂੰ ਭਲਕੇ 3 ਅਪਰੈਲ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਐਫਆਈਆਰ ਮੁਤਾਬਕ ਖਰੜ ਸਿਟੀ ਥਾਣਾ ਦੇ ਐਸਐਚਓ ਇੰਸਪੈਕਟਰ ਦਲਜੀਤ ਸਿੰਘ ਗਿੱਲ ਅਤੇ ਹੋਰ ਪੁਲੀਸ ਕਰਮਚਾਰੀ ਅੱਜ ਮਿਤੀ 2 ਅਪਰੈਲ ਨੂੰ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਵੀਆਈਪੀ ਰੂਟ ਸਬੰਧੀ ਖਰੜ ਬੱਸ ਅੱਡੇ ਨੇੜੇ ਮੌਜੂਦ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਦੇਖੀ ਗਈ। ਜਿਸ ਵਿੱਚ ਸ਼ਿਵ ਸੈਨਾ (ਹਿੰਦ) ਦਾ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਹੋਰ ਵਿਅਕਤੀਆਂ ਨੇ ਫਿਰਕੂ ਭਾਵਨਾਵਾਂ ਨਾਲ ਭੜਕਾਊ ਭਾਸ਼ਣ ਦਿੰਦੇ ਹੋਏ ਅਤੇ ਇਕ ਵਿਸ਼ੇਸ਼ ਵਰਗ ਨੂੰ ਬਦਨਾਮ ਕਰਕੇ ਫਿਰਕੂ ਦੰਗਿਆਂ ਨੂੰ ਸਹਿ ਦੇਣ ਦੀ ਨੀਅਤ ਨਾਲ ਦੇਸ਼ ਦੀ ਅਖੰਡਤਾ ਅਤੇ ਸੱਭਿਅਤਾ ਨੂੰ ਭੰਗ ਕਰਕੇ ਦੇਸ਼ ਵਿੱਚ ਅਰਾਜਿਕਤਾ ਵਾਲਾ ਮਾਹੌਲ ਪੈਦਾ ਕਰਨ ਦੀ ਭੈੜੀ ਨੀਅਤ ਨਾਲ ਉਕਤ ਸਾਰਿਆਂ ਨੇ ਹਮਮਸ਼ਵਾਰਾ ਹੋ ਕੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਭੜਕਾਊ ਇਕੱਠ ਕਰਕੇ ਉਸ ਵੀਡੀਓ ਕਲਿੱਪ ਵਿੱਚ ਨਿਸ਼ਾਂਤ ਸ਼ਰਮਾ ਨੇ ਬੋਲਿਆਂ ਕਿ ‘‘ਜਿਹੜੇ ਚਾਰ ਚਾਰ ਫੁਟੀਆ, ਤਿੰਨ ਤਿੰਨ ਫੁਟੀਆ, ਦੋ ਦੋ ਫੁਟੀਆ’’ ਤਲਵਾਰਾਂ ਲਈ ਫਿਰਦੇ ਨੇ ਅਤੇ ਨਿਹੰਗ ਬਾਣੇ ਨੂੰ ਵੀ ਬਦਨਾਮ ਕਰ ਰਹੇ ਹਨ। ਜੇਕਰ ਸਰਕਾਰ ਇਹਨਾਂ ‘ਤੇ ਪਾਬੰਦੀ ਨਹੀਂ ਲਗਾਉਂਦੀ ਤਾਂ ਅਸੀਂ ਵੀ ਚੂੜੀਆਂ ਨਹੀਂ ਪਾਈਆਂ ਤਾਂ। ਅਸੀਂ ਵੀ ਸ਼ਸਤਰ ਧਾਰਨ ਕਰਾਂਗੇ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਸ਼ਾਤ ਸ਼ਰਮਾ, ਅਰਵਿੰਦ ਗੌਤਮ, ਭਾਰਤੀ ਆਰੰਗਾ, ਕੋਰ ਕਮੇਟੀ ਦੇ ਚੇਅਰਮੈਨ ਰਵੀ ਸ਼ਰਮਾ, ਸੁਚੇਤ ਰਠੌਰ, ਰਾਹੁਲ ਦੁਆ, ਸ਼ਿਵ ਜੋਸ਼ੀ, ਰਕਿਰਤ ਖੁਰਾਣਾ, ਜਤਿੰਦਰ ਛਾਬੜਾ, ਦੀਪਕ ਛਾਬੜਾ, ਸੁੰਦਰ ਸ਼ਰਮਾ, ਅਰਜੁਨ ਗੁਪਤਾ, ਗੌਤਮ ਸ਼ਰਮਾ, ਅਜੇ ਸ਼ਰਮਾ, ਅਸ਼ੋਕ ਕੁਮਾਰ ਪਾਸੀ, ਜਗਸੀਰ ਸਿੰਘ, ਕੇਵਲ ਕ੍ਰਿਸ਼ਨ, ਸ਼ਿਵ ਦਰਸ਼ਨ ਢੀਂਗਰਾ, ਸੰਜੇ ਕੁਮਾਰੀਆ, ਰਾਹੁਲ ਸਹਿਦੇਵ, ਕਾਲਾ ਪੰਡੀ, ਬੰਟੀ ਜੋਗੀ, ਸੋਨੂੰ ਰਾਣਾ, ਸੰਦੀਪ ਪਾਵਾ, ਸੰਦੀਪ ਵਰਮਾ, ਜੋਗਿੰਦਰ ਪਾਲ, ਸੁਭਾਸ਼ ਮਹਾਜਨ, ਸੁੰਦਰ ਸ਼ਰਮਾ, ਸੰਦੀਪ ਸ਼ਰਮਾ, ਸੋਨੂੰ ਸਿੰਘ, ਅਮਿਤ ਪੂਜਰ ਅਤੇ ਅਸ਼ੋਕ ਸ਼ਰਮਾ ਅਤੇ ਰਾਹੁਲ ਮਨਚੰਦਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।