ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਜਾਅਲੀ ਖਣਨ ਰਸੀਦਾਂ ਤਿਆਰ ਕਰਨ ਸਰਕਾਰੀ ਖਜਾਨੇ ਨੂੰ ਭਾਰੀ ਨੁਕਸਾਨ ਹੋਇਆ: ਡੀਜੀਪੀ ਗੌਰਵ ਯਾਦਵ

ਇੱਕ ਹੋਰ ਮੁਲਜ਼ਮ ਦੀ ਪਛਾਣ ਹੋਈ, ਜਿਸ ਦੀ ਭਾਲ ਜਾਰੀ: ਏਡੀਜੀਪੀ ਵੀ ਨੀਰਜਾ

ਨਬਜ਼-ਏ-ਪੰਜਾਬ, ਮੁਹਾਲੀ, 3 ਮਾਰਚ:
ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਤਿਆਰ ਕਰਨ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੌਰਵ ਕੁਮਾਰ ਵਾਸੀ ਖਰੜ ਵਜੋਂ ਹੋਈ ਹੈ। ਮੁਲਜ਼ਮ ਸਰਕਾਰੀ ਵੈੱਬਸਾਈਟ ਦੀ ਨਕਲ ਕਰਕੇ ਜਾਅਲੀ ਵੈੱਬਸਾਈਟ ਚਲਾ ਰਿਹਾ ਸੀ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਪੰਜਾਬ ਪੁਲੀਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਥਾਣਾ ਫੇਜ਼-4, ਮੁਹਾਲੀ ਵਿੱਚ ਬੀਐਨਐਸ ਦੀ ਧਾਰਾ 318(4), 336(3), ਅਤੇ 61(2) ਅਤੇ ਆਈਟੀ ਐਕਟ ਦੀ ਧਾਰਾ 663, 664, ਅਤੇ 66 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮਾਈਨਿੰਗ ਵਿਭਾਗ ਦੇ ਮੁੱਖ ਇੰਜੀਨੀਅਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਮਾਈਨਿੰਗ ਵਿਭਾਗ ਦੀ ਅਸਲ ਅਧਿਕਾਰਤ ਵੈੱਬਸਾਈਟ ‘minesgeologypunjab.gov.in’ ਦੀ ਸਹੀ ਪ੍ਰਤੀਕ੍ਰਿਤੀ ਬਣਾਈ ਹੈ, ਜਿਸ ਨਾਲ ਇਸ ਨੂੰ ‘minesgeologypunjab.in’ ਵਜੋਂ ਪੇਸ਼ ਕੀਤਾ ਗਿਆ ਹੈ। ਮੁਲਜ਼ਮ ਨੇ ਨਵੰਬਰ 2024 ਵਿੱਚ ਇੱਕ ਜਾਅਲੀ ਵੈੱਬਸਾਈਟ ਬਣਾਈ ਸੀ, ਜੋ ਜਨਵਰੀ, 2025 ਤੱਕ ਚਾਲੂ ਰਹੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਾਅਲੀ ਸਲਿੱਪਾਂ ਵਿੱਚ ਅਧਿਕਾਰਤ ਮਾਈਨਿੰਗ ਵੈੱਬਸਾਈਟ ਦੀ ਤਰਜ਼ ’ਤੇ ਇੱਕ ਬਾਰ/ਕਿਊਆਰ ਸਕੈਨਰ ਕੋਡ ਵੀ ਸ਼ਾਮਲ ਸੀ, ਜਿਸ ਨੇ ਵਾਹਨਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਾਰੀਆਂ ਸੁਰੱਖਿਆ ਜਾਂਚਾਂ ਪਾਸ ਕਰਨ ਵਿੱਚ ਮਦਦ ਕੀਤੀ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਕਿ ਮੁਲਜ਼ਮ ਨੇ ਫਿਰੋਜ਼ਪੁਰ ਦੇ ਇੱਕ ਵਿਅਕਤੀ ਨਾਲ ਮਿਲ ਕੇ 2000 ਤੋਂ ਵੱਧ ਜਾਅਲੀ ਮਾਈਨਿੰਗ ਰਸੀਦਾਂ ਤਿਆਰ ਕੀਤੀਆਂ। ਜਿਸ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲਗਪਗ 40-50 ਲੱਖ ਰੁਪਏ ਦਾ ਨੁਕਸਾਨ ਹੋਇਆ। ਡੀਜੀਪੀ ਨੇ ਕਿਹਾ ਕਿ ਵੈੱਬਸਾਈਟ ਬੈਕਅੱਪ, ਜਿਸ ਵਿੱਚ ਜਾਅਲੀ ਰਸੀਦਾਂ, ਵਾਹਨਾਂ ਦੀਆਂ ਤਸਵੀਰਾਂ, ਮਾਈਨਿੰਗ ਸਮੱਗਰੀ ਦੇ ਸਰੋਤਾਂ ਅਤੇ ਮੰਜ਼ਲਾਂ ਅਤੇ ਅਪਰਾਧ ਵਿੱਚ ਵਰਤੇ ਗਏ ਕੰਪਿਊਟਰ ਸਿਸਟਮ ਦੇ ਵੇਰਵੇ ਸ਼ਾਮਲ ਹਨ, ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਠਜੋੜ ਦਾ ਪਰਦਾਫਾਸ਼ ਕਰਨ ਲਈ ਡੂੰਘਾਈ ਜਾਂਚ ਕੀਤੀ ਜਾ ਰਹੀ ਹੈ।
ਏਡੀਜੀਪੀ (ਸਾਈਬਰ ਕਰਾਈਮ) ਵੀ ਨੀਰਜਾ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਮੁੱਖ ਇੰਜੀਨੀਅਰ ਦੀ ਸ਼ਿਕਾਇਤ ਅਨੁਸਾਰ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਸੁਚਾਰੂ ਬਣਾਉਣ ਲਈ ਇੱਕ ਜਾਅਲੀ ਵੈੱਬਸਾਈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਜਾਅਲੀ ਵੈੱਬਸਾਈਟ ਅਮਰੀਕਾ-ਆਧਾਰਿਤ ਡੋਮੇਨ ਪ੍ਰਦਾਤਾ, ਗੋਡੈਡੀ ’ਤੇ ਰਜਿਸਟਰਡ ਅਤੇ ਹੋਸਟ ਕੀਤੀ ਗਈ ਸੀ, ਜਦੋਂਕਿ ਸਾਈਬਰ ਕ੍ਰਾਈਮ ਨੇ ਗੋਡੈਡੀ ਦੇ ਕਾਨੂੰਨੀ ਅਧਿਕਾਰੀਆਂ ਅਤੇ ਵੱਖ-ਵੱਖ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨਾਲ ਤਾਲਮੇਲ ਕਰਕੇ ਵੈੱਬਸਾਈਟ ਬਣਾਉਣ ਵਾਲੇ ਮੁਲਜ਼ਮ ਗੌਰਵ ਕੁਮਾਰ ਦਾ ਪਤਾ ਲਗਾਇਆ।
ਡੀਐਸਪੀ (ਸਾਈਬਰ ਕਰਾਈਮ) ਸਿਮਰਨਜੀਤ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਨੇ ਮੁਲਜ਼ਮਾਂ ਦੇ ਆਈਪੀ ਐਡਰੈੱਸ ਅਤੇ ਮੋਬਾਈਲ ਨੰਬਰਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਮੁਲਜ਼ਮ ਗੌਰਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਘੁਟਾਲੇ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਦੀ ਵੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਏਡੀਜੀਪੀ ਵੀ ਨੀਰਜਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੁਲਜ਼ਮ ਕੋਲੋਂ ਬਰਾਮਦ ਰਿਕਾਰਡ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਜਾਅਲੀ ਮਾਈਨਿੰਗ ਫਾਰਮ ਲੁਧਿਆਣਾ ਸਥਿਤ ਨਵਯੁਗ ਫ਼ਰਮ ਦੇ ਹਨ।

Load More Related Articles
Load More By Nabaz-e-Punjab
Load More In General News

Check Also

ਸਿੱਖਿਆ ਭਵਨ ਦੀ ਛੇਵੀਂ ਮੰਜ਼ਲ ’ਤੇ ਡੀਪੀਆਈ ਦਫ਼ਤਰ ਮੂਹਰੇ ਡਟੇ ਈਟੀਟੀ ਬੇਰੁਜ਼ਗਾਰ ਅਧਿਆਪਕ

ਸਿੱਖਿਆ ਭਵਨ ਦੀ ਛੇਵੀਂ ਮੰਜ਼ਲ ’ਤੇ ਡੀਪੀਆਈ ਦਫ਼ਤਰ ਮੂਹਰੇ ਡਟੇ ਈਟੀਟੀ ਬੇਰੁਜ਼ਗਾਰ ਅਧਿਆਪਕ ਨਾਅਰੇ ਲਾਉਂਦੇ ਹੋਏ …