
ਪੰਜਾਬ ਪੁਲੀਸ ਵੱਲੋਂ ਬਨੂੜ ਵਿੱਚ ਜੂਏ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 10 ਅੌਰਤਾਂ ਸਮੇਤ 70 ਜਣੇ ਗ੍ਰਿਫ਼ਤਾਰ
8.42 ਲੱਖ ਰੁਪਏ ਦੀ ਨਗਦੀ, 47 ਵਾਹਨ ਅਤੇ ਸ਼ਰਾਬ ਦੀਆਂ 40 ਬੋਤਲਾਂ ਬਰਾਮਦ
ਮਾਮਲੇ ਵਿੱਚ ਦੇਹ ਵਪਾਰ ਦੇ ਧੰਦੇ ਦੇ ਨਜ਼ਰੀਏ ਤੋਂ ਵੀ ਕੀਤੀ ਜਾ ਰਹੀ ਜਾਂਚ
ਨਬਜ਼-ਏ-ਪੰਜਾਬ ਬਿਊਰੋ, ਬਨੂੜ, 31 ਜਨਵਰੀ:
ਪੰਜਾਬ ਪੁਲੀਸ ਦੀ ਸੰਗਠਿਤ ਅਪਰਾਧ ਰੋਕੂ ਇਕਾਈ ਨੇ ਐਤਵਾਰ ਸਵੇਰੇ ਪਟਿਆਲਾ ਜ਼ਿਲ੍ਹੇ ਵਿੱਚ ਸਰਗਰਮ ਜੂਏ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਬਨੂੜ ਦੇ ਬਾਹਰਵਾਰ ਸਥਿਤ ਸਿਟੀ ਮੈਰਿਜ ਪੈਲੇਸ ’ਚੋਂ 10 ਅੌਰਤਾਂ ਸਮੇਤ 70 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਮੌਕੇ ’ਤੇ 8.42 ਲੱਖ ਰੁਪਏ ਦੀ ਨਗਦੀ, 47 ਵਾਹਨ, ਸ਼ਰਾਬ ਦੀਆਂ 40 ਬੋਤਲਾਂ, ਤਾਸ਼ ਅਤੇ ਲੈਪਟਾਪ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲੀਸ ਦੀ ਇਸ ਸਾਲ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜੂਏ ਬਾਜ਼ੀ ਅਤੇ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੇ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਣਕਾਰੀ ਲਈ ਜ਼ਬਤ ਕੀਤੇ ਲੈਪਟਾਪਾਂ ਅਤੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਖੁਫ਼ੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਸੰਗਠਿਤ ਅਪਰਾਧ ਰੋਕੂ ਇਕਾਈ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ 30 ਅਤੇ 31 ਜਨਵਰੀ ਦੀ ਦਰਮਿਆਨੀ ਰਾਤ ਨੂੰ ਤੜਕੇ ਸਵੇਰੇ 1 ਵਜੇ ਜ਼ੀਰਕਪੁਰ ਵੱਲ ਬਨੂੜ ਦੇ ਬਾਹਰਵਾਰ ਸਥਿਤ ਨਿਊ ਲਾਈਫ਼ ਮੈਰਿਜ ਪੈਲੇਸ ਵਿੱਚ ਛਾਪਾ ਮਾਰਿਆ ਗਿਆ।
ਗ੍ਰਿਫ਼ਤਾਰ ਕੀਤੀਆਂ ਗਈਆਂ ਅੌਰਤਾਂ ਦੀ ਵਰਤੋਂ ਬਾਰਟੈਂਡਰਾਂ ਅਤੇ ਡਾਂਸਰਾਂ ਵਜੋਂ ਕੀਤੀ ਜਾ ਰਹੀ ਸੀ। ਪੁਲੀਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਕਸਾਈਜ਼ ਐਕਟ ਦੀ ਧਾਰਾ 61/1/14, ਜੂਆ ਐਕਟ ਦੀ ਧਾਰਾ 13/3/67, ਇਮੌਰਲ ਟਰੈਫ਼ਿਕਿੰਗ ਐਕਟ ਦੀ ਧਾਰਾ 3/4/5 ਅਤੇ ਆਈਪੀਸੀ ਦੀ ਧਾਰਾ 420, 120ਬੀ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ।