
ਪੰਜਾਬ ਪੁਲੀਸ ਦਾ ਸਪੱਸ਼ਟੀਕਰਨ: ਸੋਸ਼ਲ ਮੀਡੀਆ ’ਤੇ ਸਿਪਾਹੀਆਂ ਦੀ ਭਰਤੀ ਲਈ ਕੋਈ ਇਸ਼ਤਿਹਾਰ ਨਹੀਂ ਦਿੱਤਾ
ਸਾਈਬਰ ਸੈੱਲ ਵਿੱਚ ਧੋਖਾਧੜੀ, ਪਛਾਣ ਲੁਕਾਉਣ, ਜਾਅਲਸਾਜ਼ੀ ਤੇ ਹੋਰ ਗੰਭੀਰ ਦੋਸ਼ਾਂ ਤਹਿਤ ਦਰਜ ਕੇਸ
ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਦੇ ਦਸਖ਼ਤਾਂ ਹੇਠ ਜਾਰੀ ਹੈ ਜਾਅਲੀ ਇਸ਼ਤਿਹਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਪੰਜਾਬ ਪੁਲੀਸ ਵਿੱਚ ਸਿਪਾਹੀਆਂ ਦੀ ਨੌਕਰੀਆਂ ਸਬੰਧੀ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਪੋਸਟ ਦਾ ਉੱਚ ਅਧਿਕਾਰੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਅਪਲੋਡ ਦਸਤਾਵੇਜ਼ਾਂ ਨੂੰ ਜਾਅਲੀ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਕਿ ਪੁਲੀਸ ਵਿੱਚ ਸਿਪਾਹੀਆਂ ਦੀਆਂ ਅਸਾਮੀਆਂ ਭਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕਰਨ ਬਾਰੇ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਹੈ।
ਪੰਜਾਬ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਇਸ ਇਸ਼ਤਿਹਾਰ ਵਿਚ ਕੋਈ ਸਚਾਈ ਨਹੀਂ ਹੈ, ਦਸਤਾਵੇਜ਼ ਦੇ ਇਕ ਪ੍ਰਮਾਣ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਦੇ ਪੁਰਾਣੇ ਇਸ਼ਤਿਹਾਰਾਂ ’ਚੋਂ ਇਕੱਤਰ ਕੀਤੀ ਸਮੱਗਰੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤੀ ਗਈ ਹੈ। ਇਸ ਅਖੌਤੀ ਇਸ਼ਤਿਹਾਰ ਉੱਤੇ ਪੰਜਾਬ ਦੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਦੇ ਦਸਤਖ਼ਤ ਕੀਤੇ ਗਏ ਹਨ ਜਦੋਂਕਿ ਸੁਰੇਸ਼ ਅਰੋੜਾ 7 ਫਰਵਰੀ 2019 ਨੂੰ ਸੇਵਾਮੁਕਤ ਹੋ ਗਏ ਸਨ ਅਤੇ ਹੁਣ ਉਹ ਪੰਜਾਬ ਪੁਲੀਸ ਦੀ ਅਗਵਾਈ ਨਹੀਂ ਕਰ ਰਹੇ ਹਨ।
ਇਸ ਸਬੰਧੀ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਵਿੱਚ ਧਾਰਾ 420/465/468/471/120-ਬੀ ਅਤੇ ਸੂਚਨਾ ਤਕਨਾਲੋਜੀ ਕਾਨੂੰਨ, 2000 ਦੀ ਧਾਰਾ 66-ਸੀ, 66-ਡੀ ਤਹਿਤ ਧੋਖਾਧੜੀ, ਜਾਅਲਸਾਜ਼ੀ ਦੇ ਦੋਸ਼ਾਂ ਤਹਿਤ ਹੇਠ ਕੇਸ ਦਰਜ ਕੀਤਾ ਗਿਆ ਹੈ । ਬੁਲਾਰੇ ਨੇ ਦੱਸਿਆ ਕਿ ਧੋਖਾਧੜੀ, ਝੂਠੇ ਦਸਤਾਵੇਜ਼ਾਂ ਨੂੰ ਸੱਚ ਵਜੋਂ ਵਰਤਣ, ਪਛਾਣ ਦੀ ਚੋਰੀ ਅਤੇ ਕੰਪਿਊਟਰ ਸਰੋਤਾਂ ਦੀ ਵਰਤੋਂ ਕਰਕੇ ਜਿਸ ਵਿਅਕਤੀ ਵੱਲੋਂ ਧੋਖਾਧੜੀ ਕੀਤੀ ਗਈ ਹੈ ਉਸ ਸਬੰਧੀ ਦੋਸ਼ੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਬੁਲਾਰੇ ਨੇ ਦੱਸਿਆ ਕਿ ਪੁਲੀਸ ਵਿਭਾਗ ਨੇ ਆਮ ਲੋਕਾਂ ਨੂੰ ਪੁਰਸ਼ ਅਤੇ ਅੌਰਤ ਸਿਪਾਹੀ ਭਰਤੀ-2020 (ਜ਼ਿਲ੍ਹਾ ਪੁਲੀਸ ਕਾਡਰ ਅਤੇ ਆਰਮਡ ਪੁਲੀਸ ਕੇਡਰ) ਨਾਂ ਹੇਠ ਛਪੇ ਇਸ਼ਤਿਹਾਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਪੋਸਟ ਨੂੰ ਜਾਅਲੀ ਦਸਤਾਵੇਜ਼ ਦੱਸਿਆ ਹੈ।ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।