Nabaz-e-punjab.com

ਅਹਿਮ ਕੇਸਾਂ ਦੀ ਤਫ਼ਤੀਸ਼ ਵਿੱਚ ਬਿਹਤਰੀਨ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਪੁਲੀਸ ਦੇ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ “ਹੋਮ ਮਨਿਸਟਰਜ਼ ਮੈਡਲ” ਲਈ ਚੋਣ

ਡੀ.ਜੀ.ਪੀ. ਦਿਨਕਰ ਗੁਪਤਾ ਨੇ ਡੀ.ਐਸ.ਪੀ. ਨੂੰ ਵਧਾਈ ਦਿੱਤੀ, ਸਮੁੱਚੀ ਫੋਰਸ ਲਈ ਮਾਣ ਵਾਲੀ ਗੱਲ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਅਗਸਤ:
ਮਿਥਕੇ ਕੀਤੀਆਂ ਹੱਤਿਆਵਾਂ ਸਮੇਤ ਸਾਲ 2015-17 ਦੌਰਾਨ ਸੂਬੇ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਈ ਸਨਸਨੀਖੇਜ਼ ਮਾਮਲਿਆਂ ਨੂੰ ਸੁਲਝਾਉਣ ਵਿਚ ਬੇਮਿਸਾਲ ਸੇਵਾਵਾਂ ਨਿਭਾਉਣ ਲਈ ਪੰਜਾਬ ਪੁਲਿਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ “ਹੋਮ ਮਨਿਸਟਰਜ਼ ਮੈਡਲ” ਲਈ ਚੋਣ ਕੀਤੀ ਗਈ ਹੈ।
ਇਸ ਸਮੇਂ ਐਸਏਐਸ ਨਗਰ ਵਿੱਚ ਡੀਐਸਪੀ ਡਿਟੈਕਟਿਵ ਅਤੇ ਵਾਧੂ ਚਾਰਜ ਸੰਗਠਿਤ ਅਪਰਾਧ ਰੋਕੂ ਯੂਨਿਟ (ਓਸੀਸੀਯੂ) ਵਜੋਂ ਤਾਇਨਾਤ ਸ੍ਰੀ ਬਰਾੜ ਨੇ ਸਰਹੱਦ ਪਾਰ ਦੇ ਅੱਤਵਾਦੀ ਮਡਿਊਲ ਬਿੱਲਾ ਮੰਡਿਆਲਾ ਦਾ ਪਰਦਾਫਾਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਿਸ ਵਿੱਚ ਅਤਿ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਪੁਲਿਸ ਅਧਿਕਾਰੀ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਦੀ ਗ੍ਰਿਫਤਾਰੀ ਅਤੇ ਅੰਮ੍ਰਿਤਸਰ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਰਹੱਸਮਈ ਕਤਲ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਬਰਾੜ ਨੇ ਰਾਜ ਵਿੱਚ ਕੁਝ ਗੰਨ ਹਾਊਸਾਂ ਤੋਂ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ 160 ਹਥਿਆਰਾਂ ਨੂੰ ਗੈਰਕਾਨੂੰਨੀ ਤੌਰ `ਤੇ ਡਾਇਵਰਟ ਕਰਨ ਦੇ ਇੱਕ ਰੈਕੇਟ ਦਾ ਪਰਦਾਫਾਸ਼ ਵੀ ਕੀਤਾ ਸੀ।
ਸ੍ਰੀ ਗੁਪਤਾ ਨੇ ਅੱਗੇ ਕਿਹਾ ਕਿ ਬਰਾੜ ਇੱਕ ਵੱਡੇ ਪੁਲਿਸ ਅਪ੍ਰੇਸ਼ਨ ਦਾ ਮੁੱਖ ਧੁਰਾ ਵੀ ਸੀ ਜਿਸ ਵਿੱਚ ਇਸ ਰੈਕੇਟ `ਚ ਸ਼ਾਮਲ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨਾ ਵਿੱਚ ਦੋ ਗੈਂਗਸਟਰ ਅਤੇ ਗੰਨ ਹਾਊਸ ਦੇ ਮਾਲਕ ਵੀ ਸ਼ਾਮਲ ਸਨ ਅਤੇ ਨਾਜਾਇਜ਼ ਢੰਗ ਨਾਲ ਡਾਇਵਰਟ ਕੀਤੇ ਗਏ 36 ਹਥਿਆਰ ਬਰਾਮਦ ਕੀਤੇ ਗਏ। ਇਸ ਰੈਕੇਟ ਕਾਰਨ ਸਾਲ 2015 ਤੋਂ 2017 ਦਰਮਿਆਨ ਅਪਰਾਧੀਆਂ ਵੱਲੋਂ ਮਿਥਕੇ ਕੀਤੀਆਂ ਹੱਤਿਆਵਾਂ ਵਿੱਚ ਵਰਤੇ ਗਏ ਇਨਾ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕੀਤੀ ਸੀ।
ਡੀਐਸਪੀ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਉਹਨਾਂ ਦੀ ਪੇਸ਼ੇਵਰ ਮਾਹਰਤਾ, ਸੇਵਾ ਦੀ ਭਾਵਨਾ ਅਤੇ ਸੂਬੇ ਤੇ ਦੇਸ਼ ਪ੍ਰਤੀ ਸੇਵਾ ਵਿੱਚ ਨੈਤਿਕਤਾ ਦੀ ਪੁਸ਼ਟੀ ਕਰਦਿਆਂ ਇਸ ਨੂੰ ਸਾਰੀ ਪੁਲਿਸ ਫੋਰਸ ਲਈ ਸਨਮਾਨ ਦੱਸਿਆ ਹੈ। ਸ੍ਰੀ ਗੁਪਤਾ ਨੇ ਉਮੀਦ ਜਤਾਈ ਕਿ ਇਹ ਸਨਮਾਨ ਸਾਡੇ ਲੋਕਾਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਮੇਸ਼ਾਂ ਪ੍ਰੇਰਣਾ ਦਾ ਸਰੋਤ ਰਹੇਗੀ।
ਇਹ ਅਵਾਰਡ ਅਪਰਾਧ ਦੀ ਜਾਂਚ ਦੇ ਉੱਚ ਪੇਸ਼ੇਵਰ ਮਾਪਦੰਡਾਂ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਵਿਚ ਵੱਖ-ਵੱਖ ਪੁਲਿਸ ਸੰਗਠਨਾਂ ਦੇ ਜਾਂਚ ਅਧਿਕਾਰੀਆਂ ਦੁਆਰਾ ਅਜਿਹੀ ਜਾਂਚ ਨੂੰ ਮਾਨਤਾ ਦੇਣ ਲਈ 2018 ਵਿਚ ਸਥਾਪਿਤ ਕੀਤਾ ਗਿਆ ਸੀ।
ਡੀਜੀਪੀ ਨੇ ਅੱਗੇ ਦੱਸਿਆ ਕਿ ਗੈਂਗਸਟਰ ਬਿੱਲਾ ਮੰਡਿਆਲਾ ਅਤੇ ਉਸ ਦੇ ਛੇ ਸਾਥੀਆਂ, ਜਿਨ੍ਹਾਂ ਦੇ ਪਾਕਿਸਤਾਨ ਅਧਾਰਤ ਤਸਕਰਾਂ ਅਤੇ ਅੱਤਵਾਦੀਆਂ ਨਾਲ ਸਬੰਧ ਸਨ, ਨੂੰ ਗ੍ਰਿਫਤਾਰ ਕਰਨ ਵਿੱਚ ਬਿਕਰਮਜੀਤ ਸਿੰਘ ਬਰਾੜ ਮੁੱਖ ਜਾਂਚ ਕਰਤਾ ਸਨ ਅਤੇ ਉਹਨਾਂ 06 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਅਤਿ ਆਧੁਨਿਕ ਹਥਿਆਰਾਂ ਦੀ ਸਭ ਤੋਂ ਵੱਡੀ ਪੇਖ, ਜਿਸ ਵਿਚ ਦੋ 0.3 ਕੈਲੀਬਰ ਡਰੱਮ ਮਸ਼ੀਨ ਗਨ, 03 ਚੀਨ ਦੀਆਂ ਪਿਸਤੌਲ, 05 ਆਸਟਰੀਆ ਦੀਆਂ ਗਲੋਕ ਨੂੰ 9 ਐਮ.ਐਮ ਪਿਸਤੌਲ ਅਤੇ 03 ਜਰਮਨ ਦੀਆਂ 9 ਐਮ.ਐਮ ਸਿਗ ਸਾਊਰ ਪਿਸਤੌਲ ਬਰਾਮਦ ਕੀਤੀਆਂ ਗਈਆਂ। ਸਿਗ ਸੌਅਰ ਪਿਸਤੌਲਾਂ ਦੀ ਵਰਤੋਂ ਅਮਰੀਕੀ ਰਾਸ਼ਟਰਪਤੀ ਦੀ ਰੱਖਿਆ ਕਰਨ ਵਾਲੀ ਯੂਐਸ ਸੀਕ੍ਰੇਟ ਸਰਵਿਸ ਦੁਆਰਾ ਕੀਤੀ ਜਾਂਦੀ ਹੈ।
ਸ੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਦੇ ਮਾਮਲੇ ਵਿੱਚ ਜਦੋਂ ਇਹ ਮੁਲਜ਼ਮ ਭਾਰਤ ਛੱਡ ਕੇ ਫਰਾਰ ਹੋ ਗਿਆ ਸੀ ਤਾਂ ਸ੍ਰੀ ਬਰਾੜ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਦਿਆਂ ਅਰਮਾਨੀਆ ਦੇਸ਼ ਤੋਂ ਇਸ ਲੋੜੀਂਦੇ ਅਪਰਾਧੀ ਨੂੰ ਡਿਪੋਰਟ ਕਰਵਾ ਕੇ ਹਿਰਾਸਤ ਵਿੱਚ ਲਿਆ ਸੀ।
ਬਿਕਰਮਜੀਤ ਸਿੰਘ ਬਰਾੜ ਨੇ ਜਨਵਰੀ 2020 ਵਿਚ ਅੰਮ੍ਰਿਤਸਰ ਦੇ ਪਿੰਡ ਉਮਰਾਪੁਰ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੀ ਸਨਸਨੀਖੇਜ਼ ਕਤਲ ਦੀ ਜਾਂਚ ਦੀ ਅਗਵਾਈ ਵੀ ਕੀਤੀ ਸੀ। ਇਸ ਕੇਸ ਨਾਲ ਸਬੰਧਤ ਗੈਂਗਸਟਰ ਹਰਮਨ ਭੁੱਲਰ ਦੀ ਅਗਵਾਈ ਵਾਲੇ ਸੱਤ ਮੈਂਬਰੀ ਇਕ ਗਿਰੋਹ, ਜਿਸ ਨੂੰ ਅਮਰੀਕਾ ਅਧਾਰਤ ਪਵਿੱਤਰ ਸਿੰਘ ਵਲੋਂ ਚਲਾਇਆ ਜਾਂਦਾ ਸੀ, ਦੀ ਪਛਾਣ ਕੀਤੀ ਗਈ। ਇਹਨਾਂ ਦੋਸ਼ੀਆਂ ਨੂੰ ਫੜਨ ਲਈ ਚਾਰ ਸੂਬਿਆਂ (ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ) ਚਲਾਈ ਮੁਹਿੰਮ ਨਾਲ 2020 ਵਿਚ ਰਾਜਸਥਾਨ ਦੇ ਸਜਾਤ ਤੋਂ ਸੱਤ ਗੈਂਗਸਟਰਾਂ ਦੀ ਭਾਲ ਕੀਤੀ ਗਈ ਅਤੇ ਗ੍ਰਿਫ਼ਤਾਰ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…