nabaz-e-punjab.com

ਪੰਜਾਬ ਪੁਲੀਸ ਵੱਲੋਂ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਆਈਐਸਵਾਈਐਫ ਨਾਲ ਸਬੰਧਤ ਅਤਿਵਾਦੀ ਗਰੋਹ ਦਾ ਪਰਦਾਫਾਸ਼

ਆਈਐਸਆਈ ਤੋਂ ਸਿਖਲਾਈ ਹਾਸਲ ਤਿੰਨ ਅਤਿਵਾਦੀ ਅਤੇ ਬੱਬਰ ਖਾਲਸਾ ਦੇ ਦੋ ਅਤਿਵਾਦੀ ਗ੍ਰਿਫ਼ਤਾਰ

ਘੱਲੂਘਾਰਾ ਦਿਵਸ ਤੋਂ ਦੋ ਦਿਨ ਪਹਿਲਾਂ ਪੰਜਾਬ ਪੁਲੀਸ ਦੀ ਵੱਡੀ ਪ੍ਰਾਪਤੀ, ‘ਸਿੱਖ ਤੇ ਪੰਥ ਵਿਰੋਧੀਆਂ’ ਉੱਤੇ ਹਮਲਾ ਕਰਨ ਦੀ ਤਾਕ ਵਿੱਚ ਹਨ ਸ਼ੱਕੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਜੂਨ:
ਪੰਜਾਬ ਪੁਲੀਸ ਨੇ ਇਕ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਅੱਤਵਾਦੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਦਾ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਹਮਾਇਤ ਹਾਸਲ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ) ਨਾਲ ਸਿੱਧਾ ਸਬੰਧ ਸੀ। ਗ੍ਰਿਫਤਾਰ ਕੀਤੇ ਤਿੰਨ ਅੱਤਵਾਦੀਆਂ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਪਾਕਿਸਤਾਨ ਅਧਾਰਿਤ ਆਈ.ਐਸ.ਵਾਈ.ਐਫ. ਦੇ ਮੁਖੀ ਲਖਬੀਰ ਰੋਡੇ ਅਤੇ ਹਰਮੀਤ ਸਿੰਘ ਉਰਫ ਹੈਪੀ ਉਰਫ ਪੀ.ਐਚ.ਡੀ. ਅਤੇ ਆਈ.ਐਸ.ਆਈ. ਨੇ ਸਿਖਲਾਈ ਦੇ ਕੇ ਅੱਤਵਾਦੀ ਹਮਲੇ ਕਰਨ ਅਤੇ ‘ਪੰਥ ਵਿਰੋਧੀ’ ਅਤੇ ‘ਸਿੱਖ ਵਿਰੋਧੀ ਤਾਕਤਾਂ/ਵਿਅਕਤੀਆਂ’ ਨੂੰ ਨਿਸ਼ਾਨਾ ਬਣਾਉਣ ਦਾ ਕਾਰਜ ਸੌਂਪਿਆ ਗਿਆ ਸੀ। ਪੰਜਾਬ ਪੁਲੀਸ ਵੱਲੋਂ ਕੀਤੀ ਗਈ ਮੁਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਸਾਲ ਦੀ 21 ਮਈ ਨੂੰ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜਿਓਂ ਬੀ.ਐਸ.ਐਫ. ਵੱਲੋਂ ਫੜੀ ਗਈ ਹਥਿਆਰ ਤੇ ਗੋਲੀ-ਸਿੱਕੇ ਦੀ ਖੇਪ ਆਈ.ਐਸ.ਵਾਈ.ਐਫ. ਵੱਲੋਂ ਸਪਲਾਈ ਕੀਤੀ ਗਈ ਸੀ। ਬੀ.ਐਸ.ਐਫ. ਵੱਲੋਂ ਪਿਛਲੇ ਮਹੀਨੇ ਮਾਨ ਸਿੰਘ ਅਤੇ ਸ਼ੇਰ ਸਿੰਘ ਨਾਂਅ ਦੇ ਦੋ ਅੱਤਵਾਦੀ ਉਸ ਵੇਲੇ ਗ੍ਰਿਫਤਾਰ ਕੀਤੇ ਗਏ ਸਨ ਜਦੋਂ ਇਹ ਖੇਪ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪੰਜਾਬ ਪੁਲੀਸ ਦੇ ਇਕ ਬੁਲਾਰੇ ਅਨੁਸਾਰ ਗੁਰਦਿਆਲ ਸਿੰਘ ਪੁੱਤਰ ਮਹਿੰਗਾ ਸਿੰਘ ਰੋਡ ਮਾਜਰਾ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦਾ ਵਾਸੀ ਹੈ। ਜਗਰੂਪ ਪੁੱਤਰ ਅਵਤਾਰ ਸਿੰਘ ਅਤੇ ਸਤਵਿੰਦਰ ਪੁੱਤਰ ਗੁਰਮੇਲ ਸਿੰਘ ਵਾਸੀ ਚਾਂਦਪੁਰ ਰੁੜਕੀ, ਥਾਣਾ ਪੇਜੋਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਹਨ। ਇਨ੍ਹਾਂ ਸ਼ੱਕੀ ਵਿਅਕਤੀਆਂ ਪਾਸੋਂ ਇਕ .32 ਬੋਰ ਪਿਸਤੌਲ, ਉਸ ਦਾ ਇਕ ਮੈਗਜ਼ੀਨ ਤੇ ਕਾਰਤੂਸ ਅਤੇ ਇਕ .38 ਬੋਰ ਰਿਵਾਲਵਰ, ਸੱਤ ਕਾਰਤੂਸਾਂ ਸਮੇਤ ਪ੍ਰਾਪਤ ਹੋਏ ਹਨ। ਗੁਰਦਿਆਲ ਤੇ ਜਗਰੂਪ ਨੂੰ ਉਨ੍ਹਾਂ ਦੇ ਜੱਦੀ ਘਰਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਸਤਵਿੰਦਰ ਨੂੰ ਬਲਾਚੌਰ ਸਬ-ਡਿਵੀਜ਼ਨ ਦੇ ਪੋਜੇਵਾਲ ਪੁਲੀਸ ਥਾਣੇ ਵਿੱਚ ਉਸ ਦੇ ਪਿੰਡ ਨੇੜੇ ਲੱਗੇ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦਿਆਲ ਸਿੰਘ ਇਸ ਅਤਿਵਾਦੀ ਗਰੋਹ ਦਾ ਮੁਖੀ ਸੀ ਅਤੇ ਜਰਮਨ ਦੇ ਬਲਵੀਰ ਸਿੰਘ ਸੰਧੂ ਨੇ ਲਖਬੀਰ ਸਿੰਘ ਰੋਡੇ ਨਾਲ ਉਸ ਦੀ ਮੁਲਾਕਾਤ ਕਰਵਾਈ ਸੀ। ਰੋਡੇ ਇਸ ਵੇਲੇ ਲਾਹੌਰ ਦੇ ਛਾਉਣੀ ਇਲਾਕੇ ਵਿੱਚ ਆਈ.ਐਸ.ਆਈ. ਵੱਲੋਂ ਮੁਹੱਈਆ ਕਰਵਾਏ ਗਏ ਸੁਰੱਖਿਅਤ ਘਰ ਵਿੱਚ ਰਹਿ ਰਿਹਾ ਹੈ। ਗੁਰਦਿਆਲ ਪਿਛਲੇ 6-7 ਸਾਲਾਂ ਤੋਂ ਧਾਰਮਿਕ ਜਥਿਆਂ ਨਾਲ ਪਾਕਿਸਤਾਨ ਦੀ ਯਾਤਰਾ ਕਰਨ ਵੇਲੇ ਕਈ ਵਾਰ ਰੋਡੇ ਨੂੰ ਮਿਲਿਆ ਸੀ। ਗੁਰਦਿਆਲ ਸਿੰਘ ਨੇ ਨਵੰਬਰ, 2016 ਦੇ ਆਪਣੇ ਆਖਰੀ ਪਾਕਿਸਤਾਨੀ ਦੌਰੇ ਦੌਰਾਨ ਜਗਰੂਪ ਸਿੰਘ ਲਈ ਵੀਜ਼ੇ ਦਾ ਪ੍ਰਬੰਧ ਕੀਤਾ ਸੀ ਅਤੇ ਉਹ ਇਕ ਜਥੇ ਨਾਲ ਲਾਹੌਰ ਗਿਆ ਸੀ। ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦੀ 12 ਤੋਂ 21 ਨਵੰਬਰ, 2016 ਤੱਕ ਲਾਹੌਰ ਵਿਖੇ ਠਹਿਰ ਦੌਰਾਨ ਬਲਵੀਰ ਰਾਹੀਂ ਜਗਰੂਪ ਨੇ ਰੋਡੇ ਤੇ ਹਰਮੀਤ ਨਾਲ ਮੁਲਾਕਾਤ ਕੀਤੀ ਸੀ। ਜਗਰੂਪ ਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਉਸ ਨੂੰ ਆਈ.ਐਸ.ਵਾਈ.ਐਫ. ਦੇ ਮੁਖੀ ਵੱਲੋਂ ਅੱਖਾਂ ਬੰਨ੍ਹ ਕੇ ਅਣਦੱਸੀ ਥਾਂ ’ਤੇ ਲਿਜਾਇਆ ਗਿਆ ਅਤੇ ਉਸ ਨੇ ਆਈ.ਐਸ.ਆਈ. ਪਾਸੋਂ ਚਾਰ ਦਿਨ ਦਾ ਸਿਖਲਾਈ ਕੋਰਸ ਪ੍ਰਾਪਤ ਕੀਤਾ ਜੋ ਕਿ ਏ.ਕੇ.-47 ਰਾਈਫਲ ਅਤੇ ਛੋਟੇ ਹਥਿਆਰ ਚਲਾਉਣ ਨਾਲ ਸਬੰਧਤ ਸੀ। ਉਸ ਨੇ ਰੇਲਵੇ ਟਰੈਕ ਦੀਆਂ ਪਲੇਟਾਂ, ਨਟ-ਬੋਲਟ ਨੂੰ ਢਿੱਲਾ ਕਰਕੇ ਟਰੈਕ ਨੂੰ ਸਾਬੋਤਾਜ ਕਰਨ ਦੀ ਸਿਖਲਾਈ ਵੀ ਹਾਸਲ ਕੀਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦਿਆਲ ਤੇ ਜਗਰੂਪ ਦੋਵਾਂ ਨੂੰ ਭਾਰਤ ਵਿੱਚ ਅੱਤਵਾਦੀ ਹਮਲੇ ਕਰਨ ਦਾ ਕਾਰਜ ਸੌਂਪਿਆ ਗਿਆ ਸੀ ਅਤੇ ਉਨ੍ਹਾਂ ਨੂੰ ‘ਪੰਥ ਵਿਰੋਧੀ ਅਤੇ ਸਿੱਖ ਵਿਰੋਧੀ ਸ਼ਕਤੀਆਂ/ਵਿਅਕਤੀਆਂ’ ਨੂੰ ਨਿਸ਼ਾਨਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ। ਲਖਬੀਰ ਰੋਡੇ ਤੇ ਉਸ ਦੇ ਸਾਥੀਆਂ ਨੇ ਸਰਹੱਦ ਪਾਰੋਂ ਹਥਿਆਰ ਤੇ ਗੋਲੀ-ਸਿੱਕਾ ਮੁਹੱਈਆ ਕਰਵਾਉਣ ਦਾ ਵੀ ਵਾਅਦਾ ਕੀਤਾ ਸੀ। ਪੁੱਛ-ਪੜਤਾਲ ਦੌਰਾਨ ਇਨ੍ਹਾਂ ਸ਼ੱਕੀਆਂ ਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਪਾਕਿਸਤਾਨ ਦੇ ਦੌਰੇ ਦੌਰਾਨ ਗੁਰਦਿਆਲ ਲਗਾਤਾਰ ਬਲਵੀਰ ਦੇ ਸੰਪਰਕ ਵਿੱਚ ਸੀ ਜੋ ਮੂਲ ਰੂਪ ਵਿੱਚ ਪਿੰਡ ਪੱਦੀ ਸੂਰਤ ਸਿੰਘ, ਥਾਣਾ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹੈ। ਗੁਰਦਿਆਲ ਜੰਮੂ-ਕਸ਼ਮੀਰ ਦੇ ਕੁਝ ਅੱਤਵਾਦੀ ਗਰੁੱਪਾਂ ਨਾਲ ਵੀ ਸੰਪਰਕ ਵਿੱਚ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਸਤਵਿੰਦਰ ਵੀ ਇਸ ਗਰੁੱਪ ਦਾ ਸਰਗਰਮ ਮੈਂਬਰ ਸੀ ਅਤੇ ਉਹ ਜਗਰੂਪ ਦੇ ਨਾਲ ਆਪਣੇ ਪਾਕਿਸਤਾਨ ਤੇ ਜਰਮਨੀ ਅਧਾਰਿਤ ਆਕਾਵਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਗੁਰਦਿਆਲ ਤੇ ਬਲਵੀਰ ਦੋਵਾਂ ਦਾ ਪਿਛੋਕੜ ਅੱਤਵਾਦ ਨਾਲ ਸਬੰਧਤ ਸੀ। ਸਾਲ 1992 ਅਤੇ ਸਾਲ 1988 ਵਿੱਚ ਵੀ ਉਨ੍ਹਾਂ ਵਿਰੁੱਧ ਫੌਜਦਾਰੀ ਕੇਸ ਦਰਜ ਕੀਤੇ ਗਏ ਸਨ। ਸਾਲ 1992 ਵਿੱਚ ਗੁਰਦਿਆਲ ਪਾਸੋਂ ਥੰਪਸਨ ਗੰਨ ਬਰਾਮਦ ਕੀਤੀ ਗਈ ਸੀ। ਬੁਲਾਰੇ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਪੁਲੀਸ ਨੇ ਪੱਕੀ ਖੁਫੀਆ ਸੂਹ ਮਿਲਣ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਖਿਲਾਫ਼ ਆਈ.ਪੀ.ਸੀ. ਹੇਠ ਜੇਰੇ ਦਫ਼ਾ 121, 121ਏ, 120ਬੀ ਅਤੇ ਆਰਮਜ਼ ਐਕਟ ਦੀ ਧਾਰਾ 25, 54 ਅਤੇ 59 ਅਤੇ ਗੈਰ-ਕਾਨੂੰਨੀ ਸਰਗਰਮੀਆਂ ਐਕਟ ਦੀਆਂ ਧਾਰਾਵਾਂ 15,16,17, ਤੇ 18 ਦੇ ਹੇਠ ਐਫ.ਆਈ.ਆਰ. ਨੰਬਰ 28 ਦਰਜ ਕੀਤੀ ਗਈ ਹੈ ਅਤੇ ਹੋਰ ਜਾਂਚ ਜਾਰੀ ਹੈ।
ਉਧਰ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਬੱਬਰ ਖਾਲਸਾ ਨਾਲ ਸਬੰਧਤ ਦੋ ਹੋਰ ਅਤਿਵਾਦੀ ਰਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਅਤੇ .9 ਐਮਐਮ ਦੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਪਹਿਲਾਂ ਗ੍ਰਿਫ਼ਤਾਰ ਕੀਤੇ ਅਤਿਵਾਦੀਆਂ ਦੀ ਮੁੱਢਲੀ ਪੁੱਛਗਿੱਛ ਮਗਰੋਂ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …