nabaz-e-punjab.com

ਪੰਜਾਬ ਪੁਲੀਸ ਵੱਲੋਂ ਟਾਈਟਲਰ, ਸੱਜਣ ਤੇ ਹੋਰਨਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਤਾਕ ਰੱਖਣ ਵਾਲੇ ਅਤਿਵਾਦੀ ਗਰੋਹ ਦਾ ਪਰਦਾਫਾਸ

ਅਤਿਵਾਦੀਆਂ ਵਿੱਚ ਅੌਰਤ ਸਣੇ 4 ਅਤਿਵਾਦੀ ਸ਼ਾਮਲ, ਮੁਲਜ਼ਮਾਂ ਕੋਲੋਂ ਹਥਿਆਰ, ਗੋਲੀ ਸਿੱਕਾ ਵੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਪੰਜਾਬ ਪੁਲੀਸ ਨੇ ਇੱਕ ਅੌਰਤ ਸਣੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅੱਤਵਾਦੀ ਗਰੋਹ ਦਾ ਸਫਾਇਆ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਅਸਲੇ ਸਣੇ ਗ੍ਰਿਫ਼ਤਾਰ ਕੀਤੇ ਅਤਿਵਾਦੀ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਂ ਹੇਠ ਵੱਡੀ ਪੱਧਰ ਉੱਤੇ ਹਿੰਸਾ ਫੈਲਾਉਣ ਅਤੇ ਹੱਤਿਆਵਾਂ ਕਰਨ ਦੀ ਯੋਜਨਾ ਬਣਾ ਰਹੇ ਸੀ। ਪੁਲੀਸ ਅਨੁਸਾਰ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੇ ਨਾਲ-ਨਾਲ ਪੰਜਾਬ ਵਿੱਚ ਪਿਛੇ ਜਿਹੇ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕ ਇਨ੍ਹਾਂ ਅਤਿਵਾਦੀਆਂ ਦੇ ਨਿਸ਼ਾਨੇ ’ਤੇ ਸਨ। ਮੁਲਜ਼ਮਾਂ ਕੋਲੋਂ 32 ਬੋਰ ਦੇ ਦੋ ਪਿਸਤੌਲ, ਚਾਰ ਮੈਗਜ਼ੀਨ ਅਤੇ ਪੰਜ ਜ਼ਿੰਦਾ ਕਾਰਤੂਸ,.315 ਬੋਰ ਦਾ ਪਿਸਤੌਲ ਅਤੇ ਇੱਕ 12 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 26 ਮਈ ਨੂੰ ਬਠਿੰਡਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਇਸ ਗਰੋਹ ਦੇ ਪੰਜ ਹੋਰ ਮੈਂਬਰਾਂ ਦੀ ਮੁੱਢਲੀ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਖਾੜਕੂਆਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਹਰਬਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ, ਜੀ.ਟੀ ਰੋਡ, ਅੰਮ੍ਰਿਤਸਰ (ਜੋ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ-44 ਵਿੱਚ ਰਹਿ ਰਿਹਾ ਸੀ), ਅੰਮ੍ਰਿਤਪਾਲ ਕੌਰ ਉਰਫ਼ ਅੰਮ੍ਰਿਤ ਵਾਸੀ ਅਕਾਲ ਨਗਰ, ਸਲੇਮ ਟਬਰੀ ਲੁਧਿਆਣਾ, ਜਰਨੈਲ ਸਿੰਘ ਵਾਸੀ ਮੁਹੱਲਾ ਸ਼ਿਵ ਮੰਦਿਰ, ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਅਤੇ ਰਣਦੀਪ ਸਿੰਘ ਵਾਸੀ ਜਿੰਦੜ, ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ। ਹਰਬਰਿੰਦਰ ਤੇ ਅੰਮ੍ਰਿਤਪਾਲ ਨੂੰ ਮੁਹਾਲੀ ਬੱਸ ਸਟੈਂਡ ਤੋਂ ਅਤੇ ਜਰਨੈਲ ਸਿੰਘ ਅਤੇ ਰਣਦੀਪ ਨੂੰ ਗੁਰਦਾਸਪੁਰ ਤੇ ਲੁਧਿਆਣਾ ਤੋਂ ਕਾਬੂ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਭਾਰਤ ਅਤੇ ਵਿਦੇਸ਼ਾਂ ਵਿੱਚ ਬੈਠ ਕੇ ਅਤਿਵਾਦੀ ਗਤੀਵਿਧੀਆਂ ਚਲਾ ਰਹੇ ਖਾੜਕੂਆਂ ਦੇ ਪੂਰੀ ਤਰ੍ਹਾਂ ਸੰਪਰਕ ਵਿੱਚ ਸਨ।
ਪੁਲੀਸ ਅਨੁਸਾਰ ਇਹ ਨੌਜਵਾਨ ਪਾਕਿਸਤਾਨ, ਮੱਧ ਪੂਰਵ ਦੇ ਵੱਖ-ਵੱਖ ਦੇਸ਼ਾਂ ਅਤੇ ਇੰਗਲੈਂਡ ਅਧਾਰਿਤ ਕੁਝ ਵਿਅਕਤੀਆਂ ਵੱਲੋਂ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ’ਤੇ ਸੰਪਰਕ ਰਾਹੀਂ ਅਤਿਵਾਦੀ ਸਰਗਰਮੀਆਂ ਤੋਂ ਪ੍ਰਭਾਵਿਤ ਹੋ ਕੇ ‘ਖਾਲਿਸਤਾਨ ਜ਼ਿੰਦਾਬਾਦ’ ਨਾਂ ਦਾ ਗਰੁੱਪ ਬਣਾਉਣ ਲਈ ਇਕੱਠੇ ਹੋ ਰਹੇ ਸਨ। ਇਨ੍ਹਾਂ ਨੂੰ ਮੁਹਾਲੀ ਪੁਲੀਸ ਨੇ ਖੁਫੀਆ ਕਾਰਵਾਈ ਕਰਕੇ ਕਾਬੂ ਕੀਤਾ ਹੈ। ਇਹ ਨੌਜਵਾਨ ਹਥਿਆਰਾਂ ਅਤੇ ਆਪਣੇ ਮੈਂਬਰਾਂ ਦੀ ਸਿਖਲਾਈ ਦਾ ਪ੍ਰਬੰਧ ਕਰਨ ਲਈ ਅਤਿਵਾਦ ਫੈਲਾਉਣ ਵਾਲੇ ਸਾਜੋ-ਸਮਾਨ ਦੀ ਖਰੀਦ ਲਈ ਫੰਡ ਇਕੱਠਾ ਕਰਨ ਦੀ ਪ੍ਰਕਿਰਿਆ ਵਿੱਚ ਸਨ। ਇਨ੍ਹਾਂ ਚਾਰਾਂ ਸ਼ੱਕੀਆਂ ਨੂੰ ਗ਼ੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ, ਆਰਮਜ਼ ਐਕਟ ਅਤੇ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਸੱਤ ਦਿਨ ਦਾ ਪੁਲੀਸ ਰਮਾਂਡ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …