nabaz-e-punjab.com

ਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਚਲਦੇ ਇੱਕ ਹੋਰ ਰੈਕੇਟ ਦਾ ਪਰਦਾਫਾਸ਼, 3 ਕਾਬੂ

ਮੁਲਜ਼ਮਾਂ ਵਿੱਚ ਬੀਐਸਐਫ ਦਾ ਸਿਪਾਹੀ ਵੀ ਸ਼ਾਮਲ

ਪੁਲੀਸ ਫਰਾਰ ਹੋਏ ਮੁਲਜ਼ਮ ਸੱਤਾ ਦੀ ਮਸਕਟ ਤੋਂ ਹਵਾਲਗੀ ਲੈਣ ਕਰ ਰਹੀ ਹੈ ਕਾਰਵਾਈ: ਡੀਜੀਪੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 2 ਅਗਸਤ:
ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਹਿੱਸੇ ਵਜੋਂ ਤਰਨਤਾਰਨ ਜ਼ਿਲੇ ਵਿੱਚ ਦੋ ਤਸਕਰਾਂ ਸਮੇਤ ਪਾਕਿ ਸਰਹੱਦ ‘ਤੇ ਤਾਇਨਾਤ ਇੱਕ ਬੀਐਸਐਫ ਦੇ ਸਿਪਾਹੀ ਨੂੰ ਗ੍ਰਿਫਤਾਰ ਕਰਕੇ ਪਾਕਿ ਵਲੋਂ ਸਮਰਥਨ ਪ੍ਰਾਪਤ ਸਰਹੱਦ ਪਾਰੋਂ ਚਲਦੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਇਕ ਹੋਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਮਸਕਟ, ਓਮਾਨ ਤੋਂ ਫਰਾਰ ਹੋਏ ਸਰਗਨਾ ਸਤਨਾਮ ਸਿੰਘ ਉਰਫ ਸੱਤਾ ਦੀ ਹਵਾਲਗੀ ਲੈਣ ਲਈ ਕਾਰਵਾਈ ਕਰ ਰਹੀ ਹੈ, ਜਿਥੇ ਉਹ ਦੋ ਤਸਕਰੀ ਦੇ ਮਾਮਲਿਆਂ ਵਿੱਚ ਭਗੌੜਾ ਅਪਰਾਧੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਭੱਜ ਗਿਆ ਸੀ। ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਸਨੇ ਗੁਰਮੀਤ ਸਿੰਘ ਦੇ ਨਾਮ ‘ਤੇ ਜਾਰੀ ਕੀਤੇ ਗਏ ਜਾਅਲੀ ਪਾਸਪੋਰਟ ਅਤੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਉੱਤੇ ਪਹਿਲਾਂ ਵਿਰੁੱਧ ਤਸਕਰੀ ਦੇ ਪੰਜ ਕੇਸ ਦਰਜ ਹਨ।
ਉਨਾਂ ਅੱਗੇ ਕਿਹਾ ਕਿ ਸੱਤਾ ਦੀ ਅਣਪਛਾਤੀ ਜਾਇਦਾਦ, ਜਿਸ ਨੂੰ ਉਸਨੇ ਸੰਧੂ ਕਲੋਨੀ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਦੀ ਰਿਸ਼ਤੇਦਾਰ ਮਨਿੰਦਰ ਕੌਰ ਦੇ ਨਾਮ ‘ਤੇ ਨਸ਼ਿਆਂ ਦੇ ਪੈਸੇ ਨਾਲ ਖਰੀਦਿਆ ਸੀ, ਨੂੰ ਜਾਮ (ਫ੍ਰੀਜ਼) ਕਰਾ ਲਿਆ ਗਿਆ ਹੈ।
ਰੈਕੇਟ ਦਾ ਪਰਦਾਫਾਸ਼ ਕਰਨ ਵਾਲੀ ਜਲੰਧਰ ਪੁਲਿਸ (ਦਿਹਾਤੀ )ਨੇ ਗ੍ਰਿਫਤਾਰ ਕੀਤੇ ਤਿੰਨ ਮੁਲਜ਼ਮਾਂ ਕੋਲੋਂ ਚੀਨ ਦੇ ਬਣੇ ਇੱਕ 0.30 ਬੋਰ ਪਸਤੌਲ ਸਮੇਤ 5 ਜ਼ਿੰਦਾ ਕਾਰਤੂਸ ਅਤੇ 24.50 ਲੱਖ ਰੁਪਏ ਬਰਾਮਦ ਕੀਤੇ ਸਨ। ਡੀਜੀਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੁਰਮੇਲ ਸਿੰਘ, ਗੁਰਜੰਟ ਸਿੰਘ ਅਤੇ ਰਾਜਸਥਾਨ ਦੇ ਗੰਗਾ ਨਗਰ ਜ਼ਿਲੇ ਵਿਚ ਰਾਵਲਾ ਮੰਡੀ ਦੇ ਵਸਨੀਕ ਬੀਐਸਐਫ ਸਿਪਾਹੀ ਰਾਜਿੰਦਰ ਪ੍ਰਸ਼ਾਦ ਵਜੋਂ ਹੋਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ 26 ਜੁਲਾਈ ਨੂੰ ਇਤਲਾਹ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਦਿੱਲੀ ਤੋਂ ਵਰਨਾ ਕਾਰ ਵਿੱਚ ਆ ਰਹੇ ਸਨ। ਤਲਾਸ਼ੀ ਦੌਰਾਨ ਪੁਲਿਸ ਨੇ ਉਨਾਂ ਦੀ ਕਾਰ ਵਿਚੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁੱਛਗਿੱਛ ਕਰਨ ‘ਤੇ ਦੋਵਾਂ ਨੇ ਆਪਣੀ ਪਛਾਣ ਸੁਰਮੇਲ ਸਿੰਘ ਅਤੇ ਗੁਰਜੰਟ ਸਿੰਘ ਵਜੋਂ ਕੀਤੀ ਗਈ। ਹੋਰ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਸੁਰਮੇਲ ਕੋਲੋਂ .30 ਬੋਰ ਪਸਤੌਲ ਸਮੇਤ 5 ਜ਼ਿੰਦਾ ਕਾਰਤੂਸ ਅਤੇ 35 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਅਗਲੇਰੀ ਪੜਤਾਲ ਦੌਰਾਨ ਦੋਵਾਂ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਤਰਨ ਤਾਰਨ ਜ਼ਿਲੇ ਦੇ ਪਿੰਡ ਨਾਰਲੀ ਦੇ ਰਹਿਣ ਵਾਲੇ ਸਰਹੱਦ ਪਾਰ ਦੇ ਤਸਕਰ ਸਤਨਾਮ ਸਿੰਘ ਉਰਫ ਸੱਤਾ ਨਾਲ ਕੰਮ ਕਰਦੇ ਸਨ, ਜੋ ਕਿ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਪਾਕਿ ਅਧਾਰਤ ਤਸਕਰਾਂ ਨਾਲ ਨੇੜਿਓਂ ਜੁੜਿਆ ਹੋਇਆ ਸੀ। ਉਨਾਂ ਇਹ ਵੀ ਖੁਲਾਸਾ ਕੀਤਾ ਕਿ ਬੀਐਸਐਫ ਦਾ ਸਿਪਾਹੀ ਰਾਜੇਂਦਰ ਪ੍ਰਸ਼ਾਦ ਵੀ ਤਸਕਰੀ ਰੈਕੇਟ ਦਾ ਹਿੱਸਾ ਸੀ। ਬੀਐਸਐਫ ਕਾਂਸਟੇਬਲ ਤਰਨ ਤਾਰਨ ਜ਼ਿਲੇ ਦੇ ਪਿੰਡ ਛੀਨਾ ਵਿਖੇ ਇੱਕ ਸਰਹੱਦੀ ਚੌਕੀ ਵਿਖੇ ਤਾਇਨਾਤ ਸੀ।
ਡੀਜੀਪੀ ਨੇ ਕਿਹਾ ਕਿ ਉਨਾਂ ਨੇ ਬੀਐਸਐਫ ਅਤੇ ਰਾਜਸਥਾਨ ਵਿੱਚ ਆਪਣੇ ਹਮਰੁਤਬਾ, ਡੀਜੀਪੀ ਬੀਐਸਐਫ ਅਤੇ ਡੀਜੀਪੀ ਰਾਜਸਥਾਨ ਨਾਲ ਸੰਪਰਕ ਕੀਤਾ ਅਤੇ ਉਕਤ ਬੀਐਸਐਫ ਸਿਪਾਹੀ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਏਜੰਸੀਆਂ ਦਾ ਸਹਿਯੋਗ ਵੀ ਲਿਆ, ਜਿਸਨੂੰ 28 ਜੁਲਾਈ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜੋ ਕਿ ਰਾਵਲਾ ਮੰਡੀ ਸਥਿਤ ਆਪਣੀ ਰਿਹਾਇਸ਼ ਉਤੇ ਆਪਣੀ ਛੁੱਟੀ ਕੱਟ ਕਰ ਰਿਹਾ ਸੀ।
ਹੋਰ ਪੁੱਛਗਿੱਛ ਦੌਰਾਨ, ਰਾਜਿੰਦਰ ਨੇ ਦੱਸਿਆ ਕਿ ਉਸਨੂੰ ਸਤਨਾਮ ਸਿੰਘ ਉਰਫ ਸੱਤਾ ਦੁਆਰਾ ਨਸ਼ਾ ਤਸਕਰੀ ਦੀ ਰੈਕੇਟ ਵਿੱਚ ਭਰਤੀ ਕੀਤਾ ਗਿਆ ਸੀ, ਜਿਸ ਨੇ ਆਪਣੀ ਬਾਰਡਰ ਪੋਸਟ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਮਦਦ ਦੇ ਬਦਲੇ ਉਸਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਫਿਰ ਉਸ ਨੇ ਮਈ ਵਿਚ 17 ਕਿਲੋਗ੍ਰਾਮ ਹੈਰੋਇਨ ਅਤੇ 2 ਵਿਦੇਸ਼ੀ ਪਿਸਤੌਲ ਪ੍ਰਾਪਤ ਕਰਨ ਵਿਚ ਗਿਰੋਹ ਦੀ ਮਦਦ ਕੀਤੀ।
ਇਸ ਵਾਰ ਫਿਰ ਸਤਨਾਮ ਸਿੰਘ ਨੇ ਰਾਜੇਂਦਰ ਪ੍ਰਸ਼ਾਦ, ਸੁਰਮੇਲ ਸਿੰਘ ਅਤੇ ਗੁਰਜੰਟ ਸਿੰਘ ਨਾਲ ਮਿਲ ਕੇ ਆਪਣੇ ਪਾਕਿ ਅਧਾਰਤ ਹੈਂਡਲਰਾਂ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਇਕ ਹੋਰ ਖੇਪ ਲਿਆਉਣੀ ਸੀ। ਸਤਨਾਮ ਸਿੰਘ ਉਰਫ ਸੱਤਾ ਨੇ ਇਸ ਖੇਪ ਦੀ ਰਸੀਦ ਅਤੇ ਪਰਬੰਧਨ ਲਈ ਰਾਜੇਂਦਰ ਪ੍ਰਸ਼ਾਦ ਨੂੰ 5 ਲੱਖ ਰੁਪਏ ਅਤੇ ਇੱਕ ਮੋਬਾਈਲ ਫੋਨ ਪਹਿਲਾਂ ਦਿੱਤਾ ਸੀ।
ਡੀਜੀਪੀ ਨੇ ਦੱਸਿਆ ਕਿ 24.5 ਲੱਖ ਰੁਪਏ ਵਿਚੋਂ 15 ਲੱਖ ਰੁਪਏ ਸਤਨਾਮ ਸਿੰਘ ਦੀ ਰਿਹਾਇਸ਼ ਤੋਂ, 5 ਲੱਖ ਰੁਪਏ ਬੀਐਸਐਫ ਦੇ ਕਾਂਸਟੇਬਲ ਤੋਂ ਅਤੇ 4.5 ਲੱਖ ਰੁਪਏ ਗੁਰਜੰਟ ਸਿੰਘ ਕੋਲੋਂ ਬਰਾਮਦ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …