Nabaz-e-punjaab.com

ਪੰਜਾਬ ਪੁਲੀਸ ਵੱਲੋਂ ਪ੍ਰਾਈਵੇਟ ਫਰਮਾਂ ਦੀ ਸਾਂਝੀਦਾਰੀ ਨਾਲ 112 ਨੰਬਰ ਹੈਲਪਲਾਈਨ ਸੇਵਾ ਵਿੱਚ ਵਾਧਾ

ਸਬਜ਼ੀ ਮੰਡੀਆਂ ਸ਼ੁਰੂ: ਭੀੜ ਪ੍ਰਬੰਧਨ ਪ੍ਰਣਾਲੀ ਤੇ ਲੋੜੀਂਦੀਆਂ ਪਾਬੰਦੀਆਂ ਦੀ ਕੀਤੀ ਜਾ ਰਹੀ ਹੈ ਵਿਵਸਥਾ

ਕਰਫਿਊ ਦੌਰਾਨ ਸੁਚੱਜਾ ਤਾਲਮੇਲ ਬਣਾਉਣ ਲਈ ਸੀਨੀਅਰ ਪੁਲੀਸ ਅਧਿਕਾਰੀਆਂ ਦੀਆਂ ਨਿਯੁਕਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਪੰਜਾਬ ਪੁਲੀਸ ਨੇ ਕਰੋਨਾਵਾਇਰਸ ਦੇ ਚੱਲਦਿਆਂ ਸੂਬੇ ਵਿੱਚ ਕਰਫਿਊ ਕਾਰਨ ਪੈਦਾ ਹੋਈ ਐਮਰਜੈਂਸੀ ਹਾਲਾਂਤ ਨਾਲ ਨਜਿੱਠਣ ਅਤੇ ਲੋਕਾਂ ਦੀ ਸੁਵਿਧਾ ਲਈ ਪ੍ਰਾਈਵੇਟ ਫਰਮਾਂ ਦੀ ਸਾਂਝੀਦਾਰੀ ਨਾਲ 112 ਹੈਲਪਲਾਈਨ ਸੇਵਾ ਦਾ ਦਾਇਰਾ ਵਧਾਉਣ ਦੇ ਨਾਲ-ਨਾਲ ਜ਼ਰੂਰੀ ਵਸਤਾਂ ਦੀ ਸਪਲਾਈ ਸਮੇਤ ਆਪਣੇ ਨਾਗਰਿਕ ਸਹਾਇਤਾ ਪ੍ਰਣਾਲੀਆਂ ਵਿੱਚ ਹੋਰ ਵਾਧਾ ਕੀਤਾ ਹੈ। ਅੱਜ ਇੱਥੋਂ ਦੇ ਸੈਕਟਰ-77 ਸਥਿਤ 112 ਹੈਲਪਲਾਈਨ ਕੇਂਦਰ ਦਾ ਸੀਨੀਅਰ ਅਧਿਕਾਰੀਆਂ ਨੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਲਈ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਅਤੇ 112 ਹੈਲਪਲਾਈਨ ’ਤੇ ਵੱਧ ਰਹੇ ਦਬਾਅ ਨਾਲ ਸਿੱਝਣ ਲਈ ਅੱਜ 11 ਵਰਕ ਸਟੇਸਨਾਂ ਨੂੰ ਜੋੜ ਕੇ 112 ਕਾਲ ਸੈਂਟਰ ਦੀ ਸਮਰੱਥਾ ਵਧਾ ਕੇ 53 ਕਰ ਦਿੱਤੀ ਹੈ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਤਿੰਨ ਸ਼ਿਫ਼ਟਾਂ ਵਿੱਚ ਕੰਮ ਕਰ ਰਹੇ 159 ਕਰਮਚਾਰੀ ਸਟੇਸਨਾਂ ਦਾ ਪ੍ਰਬੰਧਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਸਾਂਝ ਕੇਂਦਰਾਂ ਅਤੇ ਨਿੱਜੀ ਬੀਪੀਓ ਦੇ ਸੰਚਾਲਕਾਂ ਨੂੰ ਇਸ ਕਾਰਜ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ 112 ਵਰਕਰ ਫੋਰਸ ਵਿੱਚ ਸ਼ਾਮਲ ਹੋਣ ਦੀ ਸਿਖਲਾਈ ਦਿੱਤੀ ਗਈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪਹਿਲਾਂ ਹੀ ਵਰਕ ਸਟੇਸ਼ਨਾਂ ਦੀ ਗਿਣਤੀ 32 ਤੋਂ 42 ਕੀਤੀ ਗਈ ਸੀ।
ਡੀਜੀਪੀ ਅਨੁਸਾਰ ਆਮ ਸਮੇਂ ਵਿੱਚ ਡਾਇਲ 112 ’ਤੇ ਆਈਆਂ ਕਾਲਾਂ ਦੀ ਗਿਣਤੀ 4 ਹਜ਼ਾਰ ਤੋਂ 5 ਹਜ਼ਾਰ ਸੀ ਪਰ ਪਿਛਲੇ ਦਿਨਾਂ ਵਿੱਚ ਇਹ ਗਿਣਤੀ 17 ਹਜ਼ਾਰ ਤੋਂ ਵੀ ਟੱਪ ਗਈ ਹੈ। ਇਨ੍ਹਾਂ ਵਿੱਚ ਲਗਭਗ 60 ਫੀਸਦੀ ਕਾਲਾਂ ਕਰੋਨਾਵਾਇਰਸ ਸਬੰਧੀ ਮੁੱਦਿਆਂ ਨਾਲ ਸਬੰਧਤ ਹਨ। ਜਿਸ ਵਿੱਚ ਜ਼ਰੂਰੀ ਵਸਤਾਂ ਦੀ ਵਿਵਸਥਾ, ਐਮਰਜੈਂਸੀ ਡਾਕਟਰੀ ਸਥਿਤੀਆਂ ਅਤੇ ਕਰਫਿਊ ਨਾਲ ਜੁੜੇ ਮੁੱਦੇ, ਕਰਫਿਊ, ਐਂਬੂਲੈਂਸ ਸੇਵਾ, ਸੱਕੀ ਵਿਅਕਤੀਆਂ ਸ਼ਾਮਲ ਹਨ।
ਕਿਸੇ ਵੀ ਸਿਹਤ ਸਬੰਧੀ ਪ੍ਰਸ਼ਨ, ਐਂਬੂਲੈਂਸ ਲਈ ਕਾਲ ਕਰਨ ਵਾਲਿਆਂ ਨੂੰ ਜ਼ਿਲ੍ਹਾ ਕੰਟਰੋਲ ਰੂਮ ਜਾਂ 104/108 ਨਾਲ ਸੰਪਰਕ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਜਦਕਿ ਲੋੜ ਅਨੁਸਾਰ ਦਵਾਈਆਂ, ਕਰਿਆਨਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਵਿਵਸਥਾ ਲਈ ਡਿਪਟੀ ਕਮਿਸ਼ਨਰ, ਸਬੰਧਤ ਅਧਿਕਾਰੀ ਜਾਂ ਸਥਾਨਕ ਵਿਕਰੇਤਾਵਾਂ ਵੱਲੋਂ ਸਥਾਪਿਤ ਜ਼ਿਲ੍ਹਾਵਾਰ ਰੂਮ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਪ੍ਰਣਾਲੀ ਨੂੰ ਹੋਰ ਕਾਰਗਰ ਬਣਾਉਣ ਲਈ ਪੰਜਾਬ ਪੁਲੀਸ ਦੇ ਕਮਿਊਨਿਟੀ ਪੁਲਿਸਿੰਗ ਵਿੰਗ ਨੇ ਸਮੂਹ ਜ਼ਿਲ੍ਹਾ ਕੰਟਰੋਲ ਰੂਮਾਂ ਵਿੱਚ ਸਾਂਝ ਹੈਲਪ ਡੈਸਕ ਸਥਾਪਿਤ ਕੀਤੇ ਹਨ। ਉਹ ਸਾਰੀਆਂ ਕਾਲਾਂ ਜਿਹੜੀਆਂ 112 ਹੈਲਪਲਾਈਨ ਤੋਂ ਜ਼ਿਲ੍ਹਿਆਂ ਵੱਲ ਫਾਰਵਰਡ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਹੈਲਪਡੈਸਕ ਵੱਲੋਂ ਵੀ ਨਜਿੱਠੀਆਂ ਜਾਂਦੀਆਂ ਹਨ ਅਤੇ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਕਾਲ ਕਰਨ ਵਾਲੇ ਨਾਲ ਰਾਬਤਾ ਰੱਖਿਆ ਜਾਂਦਾ ਹੈ। ਸਥਾਨਕ ਪੀਸੀਆਰ ਅਤੇ ਐਸਐਚਓ ਨਾਲ ਤਾਲਮੇਲ ਵਿੱਚ ਰਹਿੰਦੇ ਹੋਏ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋੜੀਂਦੀਆਂ ਚੀਜ਼ਾਂ ਅਤੇ ਦਵਾਈਆਂ ਲੋੜਵੰਦਾਂ ਤੱਕ ਸਮੇਂ ਸਿਰ ਪਹੁੰਚਾਈਆਂ ਜਾਣ। ਲੋੜ ਪੈਣ ਤੇ ਸਿਹਤ ਅਤੇ ਖੁਰਾਕ ਸਪਲਾਈ ਵਰਗੇ ਹੋਰ ਵਿਭਾਗਾਂ ਨਾਲ ਵੀ ਸੰਪਰਕ ਕੀਤਾ ਜਾਂਦਾ ਹੈ।
ਡੀਜੀਪੀ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਸੁੱਕਾ ਰਾਸ਼ਨ ਮੁਹੱਈਆ ਕਰਵਾ ਕੇ ਬਿਹਾਰ ਤੋਂ ਆਏ 55 ਪਰਿਵਾਰਾਂ ਦੇ ਪਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ ਗਈ, ਜੋ ਕਿ ਹੁਣ ਲੁਧਿਆਣਾ ਵਿੱਚ ਰਹਿ ਰਹੇ ਹਨ। ਰਾਜਾ ਸਾਂਸੀ (ਅੰਮ੍ਰਿਤਸਰ) ਵਿੱਚ ਸਥਾਨਕ ਗੁਰਦੁਆਰੇ ਦੇ ਸਹਿਯੋਗ ਨਾਲ ਐਸਐਚਓ ਵੱਲੋਂ 30-35 ਪਰਿਵਾਰਾਂ ਨੂੰ ਰਾਸ਼ਨ ਦੀ ਸਹੂਲਤ ਦਿੱਤੀ ਗਈ, ਜਦੋਂਕਿ ਅੰਮ੍ਰਿਤਸਰ (ਦਿਹਾਤੀ) ਦੇ ਮੁਛੱਲ ਪਿੰਡ ਵਿੱਚ ਇਕ ਮਹਿਲਾ ਜਿਸਨੇ ਹਾਲ ਹੀ ਵਿੱਚ ਇਕ ਬੱਚੇ ਨੂੰ ਜਨਮ ਦਿੱਤਾ ਸੀ, ਨੂੰ ਹਸਪਤਾਲ ਲਿਜਾਇਆ ਗਿਆ। ਮੁਹਾਲੀ ਪੁਲੀਸ ਵੱਲੋਂ 500 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਤੁਰੰਤ ਖਾਣ ਲਈ ਇਕ ਪਕਾਇਆ ਜਾਣ ਵਾਲਾ ਖਾਣਾ ਮੁਹੱਈਆ ਕਰਵਾਇਆ ਗਿਆ। ਪਿਛਲੇ ਤਿੰਨ ਦਿਨਾਂ ਵਿੱਚ 27 ਜ਼ਿਲ੍ਹਿਆਂ ਵਿੱਚ ਕੁੱਲ 542000 ਯੂਨਿਟ ਖਾਣਾ ਵੰਡਿਆ ਗਿਆ ਹੈ। ਇਕ ਹੋਰ ਪਹਿਲ ਕਰਦਿਆਂ ਏਡੀਜੀਪੀ (ਇੰਟੈਲੀਜੈਂਸ) ਵਰਿੰਦਰ ਕੁਮਾਰ ਨੇ ਇਸ ਮੁਸ਼ਕਲ ਸਮੇਂ ਵਿੱਚ ਝੁੱਗੀ ਝੌਂਪੜੀ ਵਾਲਿਆਂ ਦੀ ਦੇਖਭਾਲ ਲਈ ਸੂਬੇ ਦੀਆਂ ਝੁੱਗੀਆਂ-ਝੌਪੜੀਆਂ ਦੀ ਇਕ ਵਿਸਥਾਰਤ ਸੂਚੀ ਤਿਆਰ ਕੀਤੀ ਹੈ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਬਾਅਦ ਪੰਜਾਬ ਪੁਲੀਸ ਨੇ ਮੰਡੀਆਂ ਵਿੱਚ ਪਹੁੰਚ ਰਹੀ ਭੀੜ ਨੂੰ ਸੰਭਾਲਣ ਲਈ ਵੀ ਕਈ ਉਪਾਅ ਕੀਤੇ ਹਨ। ਮੰਡੀਆਂ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਇਕ ਵਿਅਕਤੀ ਨੂੰ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਪ੍ਰਣਾਲੀ ਅਨੁਸਾਰ ਬਾਜ਼ਾਰ ਵਿੱਚ ਦਾਖਲ ਹੋਣ ਵਾਲੀਆਂ ਰੇਹੜੀਆਂ ਨੂੰ ਸਿਰਫ ਇਕ ਘੰਟੇ ਦਾ ਸਮਾਂ ਮਿਲੇਗਾ ਜਦੋਂਕਿ ਵਿਕਰੀ ਲਈ ਮੰਡੀਆਂ ਐਤਵਾਰ ਅਤੇ ਸੋਮਵਾਰ ਨੂੰ ਸਵੇਰੇ 5 ਵਜੇ ਖੁੱਲ੍ਹਣਗੀਆਂ। ਮੰਗਲਵਾਰ ਤੋਂ ਮੰਡੀਆਂ ਸਵੇਰੇ 8 ਵਜੇ ਵਿਕਰੀ ਸ਼ੁਰੂ ਕਰਨਗੀਆਂ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…