Nabaz-e-punjab.com

ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਤੋਂ ਭਾਰਤ ਵੱਲ ਦੋ ਡਰੋਨਾਂ ਰਾਹੀਂ ਹਥਿਆਰਾਂ ਦੀ ਤਸਕਰੀ ਮਾਮਲੇ ਦੀ ਜਾਂਚ ਸ਼ੁਰੂ

ਅਗਸਤ ਵਿੱਚ ਪਹਿਲੀ ਡਰੋਨ ਤੇ ਤਿੰਨ ਦਿਨ ਪਹਿਲਾਂ ਦੂਜੀ ਅੱਧ ਸੜੀ ਡਰੋਨ ਦੀ ਬਰਾਮਦਗੀ ਦਾ ਹੋਇਆ ਖੁਲਾਸਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਸਤੰਬਰ:
ਪੰਜਾਬ ਪੁਲੀਸ ਵੱਲੋਂ ਪਿਛਲੇ ਇਕ ਮਹੀਨੇ ਦੌਰਾਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਦੋ ਡਰੋਨਾਂ ਦੀ ਬਰਾਮਦਗੀ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਵੱਡੇ ਪੱਧਰ ’ਤੇ ਜਾਂਚ ਆਰੰਭ ਦਿੱਤੀ ਹੈ। ਪੰਜਾਬ ਪੁਲਿਸ ਦੇ ਬੁਲਾਰੇ ਵੱਲੋਂ ਸ਼ੁੱਕਰਵਾਰ ਰਾਤ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਪੁਲੀਸ ਦੀਆਂ ਟੀਮਾਂ ਪਾਕਿਸਤਾਨ ਤੋਂ ਇਨ੍ਹਾਂ ਡਰੋਨਾਂ ਭੇਜਣ ਦੇ ਮਾਮਲੇ ਦੀ ਅਤਿਵਾਦੀ ਗਰੁੱਪਾਂ ਨਾਲ ਕਿਸੇ ਕਿਸਮ ਦੇ ਸਬੰਧਾਂ ਦਾ ਪਤਾ ਕਰਨ ਵਿੱਚ ਜੁੱਟ ਗਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਤੱਕ ਅਜਿਹੀਆਂ ਦੋ ਡਰੋਨਾਂ ਬਰਾਮਦ ਹੋਈਆਂ ਹਨ ਜਿਨ੍ਹਾਂ ਵਿੱਚੋਂ ਇਕ ਪਿਛਲੇ ਮਹੀਨੇ ਬਰਾਮਦ ਹੋਈ ਅਤੇ ਦੂਜੀ ਤਿੰਨ ਦਿਨ ਪਹਿਲਾਂ ਤਰਤ ਤਾਰਨ ਜ਼ਿਲੇ ਵਿੱਚ ਝਬਾਲ ਕਸਬੇ ਕੋਲ ਅੱਧ ਸੜੀ ਹਾਲਤ ਵਿੱਚ ਮਿਲੀ।
ਪੁਲਿਸ ਨੇ ਇਹ ਸਪੱਸ਼ਟੀਕਰਨ ਉਸ ਵੇਲੇ ਜਾਰੀ ਕੀਤਾ ਹੈ ਜਦੋਂ ਕੁੱਝ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਅੱਜ ਇਕ ਹੋਰ ਡਰੋਨ ਬਰਾਮਦ ਹੋਈ ਹੈ। ਪੁਲਿਸ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਹੁਣ ਤੱਕ ਹੋਈ ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਕਸ਼ਮੀਰ ਵਿੱਚ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਆਧਾਰਿਤ ਅਤਿਵਾਦੀ ਗਰੁੱਪ ਅਗਸਤ ਮਹੀਨੇ ਤੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਹਨ ਅਤੇ ਹੁਣ ਤੱਕ ਬਰਾਮਦ ਹੋਈਆਂ ਦੋਵੇਂ ਡਰੋਨਾਂ ਨੂੰ ਭੇਜਣ ਵਿੱਚ ਪਾਕਿਸਤਾਨ ਦੀ ਆਈਐਸਆਈ ਨਾਲ ਜੁੜੇ ਵੱਖ-ਵੱਖ ਅਤਿਵਾਦੀ ਗਰੁੱਪ, ਗੁਆਂਢੀ ਦੇਸ਼ਾਂ ਦੀ ਸਰਪ੍ਰਸਤੀ ਵਾਲੇ ਜਿਹਾਦੀ ਤੇ ਖਾਲਿਸਤਾਨ ਪੱਖੀ ਗਰੁੱਪ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਰਾਮਦਗੀਆਂ ਨਾਲ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਅਤਿਵਾਦੀ ਗਰੁੱਪ ਡਰੋਨਾਂ ਰਾਹੀਂ ਕਈ ਤਰ੍ਹਾਂ ਦੇ ਦਹਿਸ਼ਤੀ ਤੇ ਕਮਿਊਨੀਕੇਸ਼ਨ ਹਾਰਡਵੇਅਰ ਪ੍ਰਦਾਨ ਕਰਨ ਦੀ ਸਮਰੱਥਾ ਹਾਸਲ ਕਰਨ ਵਾਲੇ ਹੋ ਗਏ ਹਨ।
ਬੁਲਾਰੇ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ 13 ਅਗਸਤ 2019 ਨੂੰ ਅੰਮ੍ਰਿਤਸਰ ਦਿਹਾਤੀ ਜ਼ਿਲੇ ਦੇ ਪੁਲਿਸ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਮੋਹਾਵਾ ਜੋ ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ ਡੇਢ ਕਿਲੋ ਮੀਟਰ ਦੂਰ ਸਥਿਤ ਹੈ, ਵਿਖੇ ਡਿੱਗੇ ਹੋਏ ‘ਹੈਕਸਾਕਾਪਟਰ ਡਰੋਨ’ ਦੀ ਬਰਾਮਦਗੀ ਤੋਂ ਬਾਅਦ ਆਪਣੀ ਚੌਕਸੀ ਵਧਾ ਦਿੱਤੀ ਸੀ। ਇਹ ਬਰਾਮਦਗੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਕ ਅਣਪਛਾਣੀ ਫੋਨ ਕਾਲ ਆਉਣ ’ਤੇ ਕੀਤੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਮੋਹਾਵਾ ਪਿੰਡ ਵਿੱਚ ਇਕ ਕਿਸਾਨ ਦੇ ਝੋਨੇ/ਚਾਰੇ ਦੇ ਖੇਤ ਵਿੱਚ ਇਕ ਪੱਖੇ ਵਰਗੀ ਚੀਜ਼ ਮਿਲੀ ਹੈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਬਰਾਮਦ ਕੀਤਾ ਡਰੋਨ ‘ਯੂ 10 ਕੇਵੀ100-ਯੂ’ ਮਾਡਲ ਦਾ ਹੈ ਅਤੇ ਇਸ ਨੂੰ ਇਕ ਚਾਈਨੀਜ਼ ਕੰਪਨੀ ਟੀ-ਮੋਟਰਜ਼ ਵਲੋਂ ਡਿਜ਼ਾਇਨ ਕੀਤਾ ਅਤੇ ਬਣਾਇਆ ਗਿਆ ਹੈ। ਹੈਕਸਾਕਾਪਟਰ ਵਿਚ ਇੱਟ ਆਕਾਰੀ ਚਾਰ ਬੈਟਰੀਆਂ (ਮਾਡਲ ਟੈਟੂ-ਮੇਡ ਇਨ ਚਾਈਨਾ) ਵੀ ਲੱਗੀਆ ਪਾਈਆਂ ਗਈਆਂ ਹਨ।
ਡਰੋਨ ਦਾ ਏਅਰਫਰੇਮ ਟੈਰੋਟ 680 ਪ੍ਰੋ ਦਾ ਬਣਿਆ ਹੋਇਆ ਪਾਇਆ ਗਿਆ ਹੈ। ਤਫਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਦੇ ਹੈਕਸਾਕਾਪਟਰ (6 ਇਲੈਕਟ੍ਰਿਕ ਮੋਟਰਾਂ) 21 ਕਿਲੋਗ੍ਰਾਮ ਭਾਰ ਚੁੱਕਣ ਦੀ ਸਮਰੱਥਾ ਰੱਖਦੇ ਹਨ ਅਤੇ ਇਸ ਨੂੰ ਵੱਖ-ਵੱਖ ਪੁਰਜ਼ਿਆਂ ਦੁਆਰਾ ਜੋੜ ਕੇ ਬਣਾਇਆ ਜਾਂਦਾ ਹੈ ਜੋ ਕਿ ਬਾਜ਼ਾਰ ਵਿਚੋਂ ਆਸਾਨੀ ਨਾਲ ਮਿਲ ਜਾਂਦੇ ਹਨ। ਹੈਕਸਾਕਾਪਟਰ ਦੀ ਹੋਰ ਜਾਂਚ ਕਰਨ ਨਾਲ ਸਾਹਮਣੇ ਆਇਆ ਹੈ ਕਿ 20-25 ਕਿਲੋਗ੍ਰਾਮ ਭਾਰ ਚੁੱਕਣ ਕਾਰਨ ਇਸ ਦੇ ਹਿੱਸੇ ਅਤੇ ਮੋਟਰ ਪ੍ਰੋਪੈਲਰ ਨੂੰ ਮਾਮੂਲੀ ਨੁਕਸਾਨ ਪੁੱਜਿਆ ਸੀ ਜਿਸ ਕਰਕੇ ਇਸ ਦੀ ਸੰਭਾਵਤ ਤੌਰ ’ਤੇ ਕਰੈਸ਼ ਲੈਂਡਿੰਗ ਹੋਈ ਹੋਵੇਗੀ। ਇਸ ਡਰੋਨ ਵਿਚੋਂ ਚਿੱਟੇ ਰੰਗ ਦੀ ਨਾਈਲੋਨ ਦੀ ਬਣੀ ਰੱਸੀ ਦੇ ਹਿੱਸੇ ਵੀ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਡਰੌਨ ਸਬੰਧੀ ਵੇਰਵਿਆਂ ਨੂੰ ਕੇਂਦਰ ਸਰਕਾਰ ਨਾਲ ਸਾਂਝਾ ਕੀਤਾ ਗਿਆ ਹੈ ਤਾਂ ਜੋ ਸਬੰਧਤ ਕੇਂਦਰੀ ਏਜੰਸੀਆਂ ਇਸ ਦੀ ਤਕਨੀਕੀ ਜਾਂਚ ਕਰ ਸਕਣ। ਸੂਬਾ ਸਰਕਾਰ ਨੇ ਭਾਰਤ-ਪਾਕਿਸਤਾਨ ਦੇ ਸਰਹੱਦ ’ਤੇ ਵੱਡੇ ਆਕਾਰ ਦੇ ਡਰੋਨ ਦੀਆਂ ਗਤੀਵਿਧੀਆਂ ਸਬੰਧੀ ਕੇਂਦਰ ਸਰਕਾਰ ਕੋਲ ਗੰਭੀਰਤਾ ਵੀ ਪ੍ਰਗਟਾਈ। ਉਨ੍ਹਾਂ ਵੱਲੋਂ ਇਹ ਵੀ ਉਜਾਗਰ ਕੀਤਾ ਗਿਆ ਕਿ ਜਿਹਾਦੀ ਅਤੇ ਖਾਲਿਸਤਾਨੀ ਅਤਿਵਾਦੀ ਸਮੂਹਾਂ ਵੱਲੋਂ ਇਸ ਤਰ੍ਹਾਂ ਦੀ ਸਮਰੱਥਾ ਅਤੇ ਯੋਗਤਾ ਵਾਲੇ ਡਰੌਨ ਦੀ ਵਰਤੋਂ ਰਾਸ਼ਟਰੀ ਸੁਰੱਖਿਆ ਖਾਸ ਤੌਰ ‘ਤੇ ਸੁਰੱਖਿਆ ਸਿਸਟਮ, ਜਨਤਕ ਮੀਟਿੰਗਾਂ/ਸਮਾਗਮਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦੇ ਹਨ।
ਇਸ ਤਰ੍ਹਾਂ ਦੇ ਡਰੋਨਾਂ ਦੀ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਡਰੋਨਾਂ ਦੀ ਪਹਿਚਾਣ ਕਰਨਾ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਇਹ ਅਤਿ ਜ਼ਰੂਰੀ ਹੈ ਕਿ ਇਸ ਸਬੰਧੀ ਲੋੜੀਂਦੇ ਤੇ ਸਖਤ ਇੰਤਜ਼ਾਮਾਂ ਦਾ ਪ੍ਰਬੰਧ ਕਰਨ ਲਈ ਲਾਜ਼ਮੀ ਕਦਮ ਚੁੱਕੇ ਜਾਣ। ਇਸ ਡਰੋਨ ਦੀ ਬਰਾਮਦਗੀ ਤੋਂ ਬਾਅਦ ਵਧਾਈ ਚੌਕਸੀ ਦੇ ਸਿੱਟੇ ਵਜੋਂ ਪੁਲੀਸ ਨੂੰ ਅਤਿਵਾਦੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਮਿਲੀ। ਇਸ ਗਿਰੋਹ ਵਿੱਚ ਅਕਾਸ਼ਦੀਪ ਅਤੇ ਉਸਦੇ ਸਾਥੀ ਜਿਨ੍ਹਾਂ ਵਿੱਚ ਬਾਬਾ ਬਲਵੰਤ ਸਿੰਘ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਉਰਫ਼ ਬਿੰਦਾ ਸ਼ਾਮਲ ਸਨ। ਇਸ ਤੋਂ ਬਾਅਦ ਹਥਿਆਰਾਂ ਦੀ ਵੱਡੀ ਖੇਪ ਦੀ ਹੈਂਡਲਿੰਗ ਵਿੱਚ ਸ਼ੁਭਦੀਪ ਦਾ ਹੱਥ ਹੋਣ ਕਾਰਨ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਵਿਅਕਤੀਆਂ ਪਾਸੋਂ ਬਰਾਮਦ ਕੀਤੀ ਗਈ ਹਥਿਆਰਾਂ ਦੀ ਖੇਪ ਵਿੱਚ ਹੈਂਡ ਗਰੇਨੇਡ, ਸੈਟੇਲਾਈਟ ਫੋਨ, ਵਾਇਰਲੈਸ ਸੈੱਟ ਅਤੇ ਸੰਚਾਰ ਦੇ ਹੋਰ ਯੰਤਰ ਸ਼ਾਮਲ ਹਨ। ਗ੍ਰਿਫ਼ਤਾਰ ਵਿਅਕਤੀ ਤੋਂ ਕੀਤੀ ਪੁੱਛ-ਗਿੱਛ ਦੇ ਨਤੀਜੇ ਵਜੋਂ ਤਿੰਨ ਦਿਨਾਂ ਮਗਰੋਂ ਅੱਧ ਸੜੇ ਡਰੋਨ ਦੀ ਬਰਾਮਦਗੀ ਵਿੱਚ ਸਫ਼ਲਤਾ ਮਿਲੀ। ਅਕਾਸ਼ਦੀਪ ਨੇ ਦੱਸਿਆ ਕਿ ਸਤੰਬਰ ਦੇ ਸ਼ੁਰੂ ਵਿੱਚ ਅੱਧ ਸੜੇ ਡਰੋਨ ਨਾਲ 9 ਐਮਐਮ ਦੇ 2 ਪਿਸਤੌਲਾਂ ਦੀ ਤਸਕਰੀ ਕੀਤੀ ਗਈ ਸੀ। ਜਦੋਂ ਤੱਕ ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਹਥਿਆਰ ਸੁੱਟ ਕੇ ਡਰੋਨ ਪਾਕਿਸਤਾਨ ਨੂੰ ਵਾਪਸ ਮੁੜਦਾ ਉਸ ਤੋਂ ਪਹਿਲਾਂ ਹੀ ਭਾਰਤ ਵਾਲੇ ਪਾਸੇ ਇਹ ਡਰੋਨ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ।
ਵਿਦੇਸ਼ੀ ਹੱਥਾਂ ’ਚ ਖੇਡ ਰਿਹਾ ਖਾਲਿਸਤਾਨ ਜਿੰਦਾਬਾਦ ਫੋਰਸ (ਕੇਜੀਐਫ) ਦਾ ਸਰਗਨਾ ਗੁਰਮੀਤ ਬੱਗਾ ਅਤੇ ਉਸਦੇ ਪਾਕਿਸਤਾਨ ਆਧਾਰਿਤ ਅਤਿਵਾਦੀ ਸਾਥੀ ਜਿਨ੍ਹਾਂ ਵਿੱਚ ਕੇਜੀਐਫ ਮੁਖੀ ਰਣਜੀਤ ਸਿੰਘ ਉਰਫ਼ ਨੀਟਾ ਸ਼ਾਮਲ ਹਨ ਅਤੇ ਪਾਕਿਸਤਾਨੀ ਅੱਤਵਾਦੀ ਗਰੁੱਪ ਚਲਾ ਰਹੇ ਹਨ, ਨੇ ਅਕਾਸ਼ਦੀਪ ਅਤੇ ਉਸਦੇ ਸਾਥੀਆਂ ਨੂੰ ਭਾਰਤ ਵਾਲੇ ਪਾਸੇ ਡਰੋਨ ਦੇ ਡਿੱਗਣ ਸਬੰਧੀ ਸੂਚਨਾ ਦਿੱਤੀ। ਉਨ੍ਹਾਂ ਅਕਾਸ਼ਦੀਪ ਨੂੰ ਡਰੋਨ ਦੇ ਡਿੱਗਣ ਵਾਲੀ ਥਾਂ ਦੀ ਵੀ ਸੂਚਨਾ ਦਿੱਤੀ ਅਤੇ ਅਕਾਸ਼ਦੀਪ ਨੂੰ ਕਰੈਸ਼ ਵਾਲੀ ਥਾਂ ’ਤੇ ਜਾ ਕੇ ਡਰੋਨ ਨੂੰ ਨਸ਼ਟ ਕਰਨ ਲਈ ਕਿਹਾ ਤਾਂ ਜੋ ਪੁਲੀਸ ਨੂੰ ਡਰੋਨਾਂ ਰਾਹੀਂ ਹਥਿਆਰਾਂ ਦੀ ਡਲਿਵਰੀ ਦਾ ਪਤਾ ਨਾ ਲੱਗ ਜਾਵੇ। ਇਸ ਬਾਰੇ ਸੂਚਨਾ ਮਿਲਦਿਆਂ ਹੀ ਅਕਾਸ਼ਦੀਪ ਅਤੇ ਉਸਦੇ ਸਾਥੀਆਂ ਨੇ ਡਰੋਨ ਡਿੱਗਣ ਵਾਲੀ ਜਗ੍ਹਾਂ ’ਤੇ ਜਾ ਕੇ ਡਰੋਨ ਨੂੰ ਨਸ਼ਟ ਕਰ ਦਿੱਤਾ ਅਤੇ ਡਰੋਨ ਦਾ ਸਟੀਲ ਢਾਂਚੇ ਨੂੰ ਨਾਲੇ ਵਿੱਚ ਸੁੱਟ ਦਿੱਤਾ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …