ਡਰੱਗ ਤਸਕਰੀ ਕੇਸ: ਪੰਜਾਬ ਪੁਲੀਸ ਵੱਲੋਂ ਅਦਾਲਤ ਵਿੱਚ ਲੰਮੀ ਚੌੜੀ ਪੜਤਾਲੀਆਂ ਰਿਪੋਰਟ ਪੇਸ਼

ਮੁਹਾਲੀ ਅਦਾਲਤ ਵੱਲੋਂ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਤੇ ਮੁਲਜ਼ਮ ਜਗਜੀਤ ਚਾਹਲ ਦੇ ਪ੍ਰੋਡਕਸ਼ਨ ਵਾਰੰਟ ਜਾਰੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਪੰਜਾਬ ਪੁਲੀਸ ਵੱਲੋਂ ਡਰੱਗ ਤਸਕਰੀ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਗਠਿਤ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਦੀ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਆਂਸਲ ਬੇਰੀ ਦੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 31 ਮਾਰਚ ਨਿਰਧਾਰਿਤ ਕੀਤੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਖ਼ਿਲਾਫ਼ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤਾ ਗਿਆ ਹੈ।
ਉਧਰ, ਸਾਬਕਾ ਕੌਮਾਂਤਰੀ ਪਹਿਲਵਾਨ ਅਤੇ ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਉਰਫ਼ ਭੋਲਾ ਅਤੇ ਮੁਲਜ਼ਮ ਜਗਜੀਤ ਸਿੰਘ ਚੌਹਾਨ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਦੋਵੇਂ ਮੁਲਜ਼ਮਾਂ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ਵਿੱਚ ਅਰਜ਼ੀਆਂ ਦਾਇਰ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ। ਭੋਲਾ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਅੱਜ ਇੱਕ ਵੱਖਰੇ ਕੇਸ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ੀ ਕਾਰਨ ਉਹ ਮੁਹਾਲੀ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦੇ। ਅਦਾਲਤ ਨੇ ਦੋਵੇਂ ਮੁਲਜ਼ਮਾਂ ਦੀਆਂ ਅਰਜ਼ੀਆਂ ਪ੍ਰਵਾਨ ਕਰਦਿਆਂ ਅਗਲੀ ਪੇਸ਼ੀ ’ਤੇ ਹਾਜ਼ਰ ਹੋਣ ਲਈ ਉਨ੍ਹਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ।
ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਮਨਜਿੰਦਰ ਸਿੰਘ ਅੌਲਖ ਉਰਫ਼ ਬਿੱਟੂ ਅੌਲਖ, ਅਨਿਲ ਚੌਹਾਨ, ਸਰਬਜੀਤ ਸਿੰਘ ਸਾਬਾ, ਸਤਿੰਦਰ ਸਿੰਘ ਧਾਮਾ, ਬਲਜਿੰਦਰ ਸਿੰਘ ਸੋਨੂੰ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਸੁਰਜੀਤ ਸਿੰਘ, ਹਰਮਿੰਦਰ ਸਿੰਘ, ਪਰਮਜੀਤ ਸਿੰਘ ਚਾਹਲ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਦੀਪ ਸਿੰਘ ਦੀਪ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਉਕਤ ਸਾਰੇ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਹੀ ਦੋਸ਼ ਤੈਅ ਹੋ ਚੁੱਕੇ ਹਨ ਅਤੇ ਕੁੱਝ ਸਮਾਂ ਪਹਿਲਾਂ ਮੁਲਜ਼ਮ ਅਨੂਪ ਸਿੰਘ ਕਾਹਲੋਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਕੇਸ ਦੀ ਸੁਣਵਾਈ 31 ਮਾਰਚ ’ਤੇ ਅੱਗੇ ਪਾ ਦਿੱਤੀ ਹੈ। ਇਸ ਮੌਕੇ ਬਚਾਅ ਪੱਖ ਦੇ ਵਕੀਲਾਂ ਅਤੇ ਮੁਲਜ਼ਮਾਂ ਦੀ ਮੰਗ ’ਤੇ ਪੁਲੀਸ ਵੱਲੋਂ ਕੇਸ ਦੀ ਸੁਣਵਾਈ ਮੌਕੇ ਮੁਲਜ਼ਮਾਂ ਨੂੰ ਜਾਂਚ ਰਿਪੋਰਟ ਦੀਆਂ ਕਾਪੀਆਂ ਵੀ ਸੌਂਪੀਆਂ ਗਈਆਂ। ਪੁਲੀਸ ਨੇ ਸਪਲੀਮੈਂਟਰੀ ਚਲਾਨ ਅਤੇ ਜਾਂਚ ਰਿਪੋਰਟ ਵਿੱਚ ਮੁਲਜ਼ਮਾਂ ਦੇ ਖ਼ਿਲਾਫ਼ ਡਰੱਗ ਤਸਕਰੀ ਦੇ ਦੋਸ਼ਾਂ ਸਬੰਧੀ ਪੁਖ਼ਤਾ ਸਬੂਤ ਅਤੇ ਮੁਲਜ਼ਮਾਂ ਕੋਲੋਂ ਬਰਾਮਦ ਨਗਦੀ ਅਤੇ ਨਸ਼ੀਲੇ ਪਦਾਰਥਾਂ ਦਾ ਹਵਾਲਾ ਦਿੱਤਾ ਹੈ।
(ਬਾਕਸ ਆਈਟਮ-1)
ਉਧਰ, ਈਡੀ ਵੱਲੋਂ ਭੋਲਾ ਕੇਸ ਦੀ ਸੁਣਵਾਈ ਪਟਿਆਲਾ ਅਦਾਲਤ ਵਿੱਚ ਤਬਦੀਲ ਕਰਨ ਲਈ ਦਾਇਰ ਅਰਜ਼ੀ ਸਬੰਧੀ ਜ਼ਿਲ੍ਹਾ ਅਦਾਲਤ ਨੇ ਅਗਲੀ ਸੁਣਵਾਈ ਵੀ 31 ਮਾਰਚ ਤੱਕ ਅੱਗੇ ਟਲ ਦਿੱਤੀ ਹੈ। ਦੱਸਿਆ ਗਿਆ ਹੈ ਕਿ ਜਗਦੀਸ਼ ਭੋਲਾ ਦੇ ਖ਼ਿਲਾਫ਼ ਪਟਿਆਲਾ ਅਦਾਲਤ ਵਿੱਚ ਵੀ ਡਰੱਗ ਤਸਕਰੀ ਮਾਮਲੇ ਦੀ ਸੁਣਵਾਈ ਚਲ ਰਹੀ ਹੈ। ਉਂਜ ਜਗਦੀਸ਼ ਭੋਲਾ ਦੇ ਖ਼ਿਲਾਫ਼ ਸਾਲ 2009 ਵਿੱਚ ਮੁੰਬਈ ਦੇ ਥਾਣੇ ਵਿੱਚ ਦਰਜ ਡਰੱਗ ਤਸਕਰੀ ਦਾ ਇੱਕ ਹੋਰ ਵੱਖਰਾ ਕੇਸ ਮੁੰਬਈ ਅਦਾਲਤ ਵਿੱਚ ਚਲ ਰਿਹਾ ਹੈ। ਪਿੱਛੇ ਜਿਹੇ ਮੁੰਬਈ ਪੁਲੀਸ ਭੋਲਾ ਨੂੰ ਰਾਹਦਾਰੀ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ ਮੁੰਬਈ ਲੈ ਗਈ ਸੀ ਅਤੇ ਨਿਆਇਕ ਹਿਰਾਸਤ ਅਧੀਨ ਭੋਲਾ ਮੁੰਬਈ ਜੇਲ੍ਹ ਵਿੱਚ ਹੈ ਅਤੇ ਮੌਜੂਦਾ ਸਮੇਂ ਵਿੱਚ ਉਸ ਨੂੰ ਪੇਸ਼ੀਆਂ ’ਤੇ ਵੱਖ-ਵੱਖ ਅਦਾਲਤਾਂ ਵਿੱਚ ਆਉਣਾ ਪੈਂਦਾ ਹੈ ਅਤੇ ਹਰ ਵਾਰੀ ਪੁਲੀਸ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਵੀ ਕਰਨੇ ਪੈਂਦੇ ਹਨ।
(ਬਾਕਸ ਆਈਟਮ-2)
ਜ਼ਿਕਰਯੋਗ ਹੈ ਕਿ ਭੋਲਾ ਤੇ ਸਾਥੀਆਂ ਨੂੰ ਇਕ ਸਾਂਝੇ ਅਪਰੇਸ਼ਨ ਤਹਿਤ 11 ਨਵੰਬਰ 2013 ਨੂੰ ਬਨੂੜ ਅਤੇ ਪਟਿਆਲਾ ਪੁਲੀਸ ਵੱਲੋਂ ਨਵੀਂ ਦਿੱਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 18 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤੂਆਂ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਬਨੂੜ ਦੇ ਤਤਕਾਲੀ ਐਸ.ਐਚ.ਓ ਗੁਰਜੀਤ ਸਿੰਘ ਨੇ ਬੀਤੀ 15 ਮਈ 2013 ਨੂੰ ਗੁਪਤ ਸੂਚਨਾ ’ਤੇ ਬਨੂੜ ਖੇਤਰ ’ਚੋਂ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਭੋਲਾ ਆਪਣੀ ਸਕਾਰਪਿਊ ਗੱਡੀ ਛੱਡ ਕੇ ਪੁਲੀਸ ਨੂੰ ਝਕਾਨੀ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਉਦੋਂ ਸੀ.ਆਈ.ਏ. ਸਟਾਫ਼ ਰਾਜਪੁਰਾ ਦੇ ਤਤਕਾਲੀ ਇੰਚਾਰਜ ਮਹਿੰਦਰ ਸਿੰਘ ਦੀ ਮਦਦ ਨਾਲ ਪੁਲੀਸ ਨੇ ਭੋਲਾ ਦੀ ਸਕਾਰਪਿਊ ਗੱਡੀ ’ਚੋਂ 18 ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਮੁਲਜ਼ਮਾਂ ਖ਼ਿਲਾਫ਼ ਹੋਰਨਾਂ ਵੱਖ-ਵੱਖ ਥਾਣਿਆਂ ਵਿੱਚ ਵੀ ਅਪਰਾਧਿਕ ਕੇਸ ਦਰਜ ਹਨ। ਇਹ ਸਾਰੇ ਮਾਮਲੇ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ।
(ਬਾਕਸ ਆਈਟਮ-3)
ਉਧਰ, ਡਰੱਗ ਤਸਕਰੀ ਮਾਮਲੇ ਵਿੱਚ ਮੁਹਾਲੀ ਅਦਾਲਤ ਵਿੱਚ ਅੱਜ ਪੇਸ਼ੀ ’ਤੇ ਆਏ ਜਗਦੀਸ਼ ਭੋਲਾ ਦੇ ਸਾਥੀਆਂ ਨੂੰ ਵਾਪਸੀ ਵੇਲੇ ਰੋਟੀ ਅਤੇ ਦਵਾਈਆਂ ਵੀ ਨਸੀਬ ਨਹੀਂ ਹੋਈਆਂ। ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਤੇ ਦੋਸਤ ਆਲੂਆਂ ਵਾਲੇ ਪਰੌਂਠੇ ਪੈਕਿੰਗ ਕਰਵਾ ਕੇ ਲਿਆਏ ਸੀ ਅਤੇ ਇੱਕ ਸਮਰਥਕ ਕੋਲ ਲਿਫਾਫੇ ਵਿੱਚ ਵੱਖ ਵੱਖ ਦਵਾਈਆਂ ਸਨ। ਲੇਕਿਨ ਜੇਲ੍ਹ ’ਚੋਂ ਮੁਲਜ਼ਮਾਂ ਨਾਲ ਆਏ ਸੁਰੱਖਿਆ ਕਰਮਚਾਰੀਆਂ ਨੇ ਮੁਲਜ਼ਮਾਂ ਨੂੰ ਰੋਟੀ ਅਤੇ ਦਵਾਈਆਂ ਨਹੀਂ ਦੇਣ ਦਿੱਤੀਆਂ। ਜਿਸ ਦਾ ਉਨ੍ਹਾਂ ਨੇ ਕਾਫੀ ਬੁਰਾ ਮਨਾਇਆ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਅਦਾਲਤ ਦੀ ਆਗਿਆ ਤੋਂ ਬਿਨਾਂ ਮੁਲਜ਼ਮਾਂ ਨੂੰ ਕੋਈ ਵੀ ਬਾਹਰੀ ਚੀਜ ਨਹੀਂ ਦੇ ਸਕਦੇ ਹਨ। ਉਂਜ ਪੁਲੀਸ ਨੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਜੇਲ੍ਹ ਵਿੱਚ ਮਿਲ ਕੇ ਰੋਟੀ ਅਤੇ ਦਵਾਈਆਂ ਦੇਣ ਲਈ ਜ਼ਰੂਰ ਆਖਿਆ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…