nabaz-e-punjab.com

ਪੰਜਾਬ ਪੁਲਿਸ ਨੇ ਪੰਡੋਰੀ ਗੋਲਾ ਵਰਗੇ ਇਕ ਹੋਰ ਨਕਲੀ ਸ਼ਰਾਬ ਵਾਲੇ ਗਿਰੋਹ ਨੂੰ ਕੀਤਾ ਕਾਬੂ, ਮਜੀਠਾ ਤੋਂ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਪ੍ਰਮੁੱਖ ਸਪਲਾਇਰ ਅਤੇ 10 ਖਰੀਦਦਾਰ ਹੋਏ ਫਰਾਰ, ਉਨ੍ਹਾਂ ਨੂੰ ਲੱਭਣ ਦੀ ਮੁਹਿੰਮ ਜਾਰੀ, ਡੀ.ਜੀ.ਪੀ.

ਸ਼ਰਾਬ ਮਾਫੀਏ ਦਾ ਪਰਦਾਫਾਸ਼ ਕਰਦਿਆਂ ਪਿਛਲੇ ਦਿਨੀਂ 146 ਹੋਰ ਕੇਸਾਂ ਵਿਚ 100 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 8 ਅਗਸਤ:
ਸੂਬੇ ਵਿਚ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਸ਼ਿਕੰਜਾ ਕੱਸਦੇ ਹੋਏ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਮਜੀਠਾ ਤੋਂ 2 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਇਕ ਹੋਰ ਵੱਡੇ ਨਕਲੀ ਸ਼ਰਾਬ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਹ ਜੋੜੀ ਗੁਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਜਾਣੀ ਜਾਂਦੀ ਹੈ, ਉਹ ਪੰਡੋਰੀ ਗੋਲਾ ਕਿਸਮ ਦੀ ਕਾਰਜ ਵਿਧੀ ਅਨੁਸਾਰ ਨਜਾਇਜ ਸ਼ਰਾਬ ਤਿਆਰ ਕਰਕੇ ਵੇਚਦੇ ਸਨ। ਦੱਸਣਯੋਗ ਹੈ ਪਿੰਡ ਪੰਡੋਰੀ ਗੋਲਾ, ਤਰਨਤਾਰਨ ਵਿਚ ਇਕ ਪਿਤਾ ਅਤੇ ਉਸਦੇ ਦੋ ਪੁੱਤਰ ਨਾਜਾਇਜ਼ ਸ਼ਰਾਬ ਦੀ ਸਪਲਾਈ ਵਿਚ ਸ਼ਾਮਲ ਸਨ, ਜਿਨਾਂ ਦੀ ਨਜਾਇਜ ਦਾਰੂ ਕਾਰਨ ਸਭ ਤੋਂ ਵੱਡਾ ਮੌਤ ਦਾ ਦੁਖਾਂਤ ਵਾਪਰਿਆ।
ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸੇ ਮਾਮਲੇ ਵਿੱਚ ਰਾਜੂ ਨਾਮੀ ਵਿਅਕਤੀ ਫਰਾਰ ਹੈ ਜਿਸ ਤੋਂ ਗੁਰਵਿੰਦਰ ਅਤੇ ਲਵਪ੍ਰੀਤ ਨੇ ਨਕਲੀ ਸ਼ਰਾਬ ਖਰੀਦੀ ਸੀ। ਸ੍ਰੀ ਗੁਪਤਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਸੁਲਤਾਨਵਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿਚ ਨਜਾਇਜ ਕਾਰੋਬਾਰ ਦੀ ਪੂਰੀ ਲੜੀ ਨੂੰ ਤੋੜਿਆ ਜਾ ਸਕਦਾ ਹੈ।
ਪੁਲਿਸ ਵਲੋਂ ਬਿੱਕਾ ਨਾਮੀ ਇਕ ਹੋਰ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜਿਸ ਨੇ ਕਥਿਤ ਤੌਰ ‘ਤੇ ਇਸ ਜੋੜੀ ਤੋਂ ਸ਼ਰਾਬ ਖਰੀਦੀ ਸੀ ਅਤੇ 9 ਹੋਰ ਵਿਅਕਤੀਆਂ ਦੀ ਵੀ ਤਲਾਸ਼ ਹੈ ਜਿਨ੍ਹਾਂ ਦੀ ਪਛਾਣ ਉਕਤ ਜੋੜੀ ਦੇ ਨਿਯਮਤ ਖਰੀਦਦਾਰਾਂ ਵਜੋਂ ਕੀਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨੌਂ ਵਿਅਕਤੀਆਂ ਦੀ ਪਛਾਣ ਲਵਪ੍ਰੀਤ ਨੇ ਕੀਤੀ ਹੈ ਜੋ ਉਸ ਤੋਂ ਬਾਕਾਇਦਾ ਸ਼ਰਾਬ ਖਰੀਦ ਰਹੇ ਸਨ।
ਉਨਾ ਦੱਸਿਆ ਕਿ ਗੁਰਵਿੰਦਰ ਦੇ ਘਰੋਂ, ਜਿਥੋ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਕੁੱਲ 160 ਲੀਟਰ ਨਕਲੀ ਸ਼ਰਾਬ 40 ਲੀਟਰ ਦੀ ਸਮਰੱਥਾ ਦੇ 4 ਕੇਨਾਂ ਵਿਚ, 200 ਲੀਟਰ ਦੀ ਸਮਰੱਥਾ ਦੇ 2 ਖਾਲੀ ਡਰੱਮ, 40 ਲੀਟਰ ਦੀ ਸਮਰੱਥਾ ਦੀਆਂ 2 ਖਾਲੀ ਕੇਨ, ਅਤੇ 2-3 ਲੀਟਰ ਦੇ 7 ਛੋਟੇ ਪਾਊਚ ਵੀ ਜ਼ਬਤ ਕੀਤੇ ਗਏ ਹਨ।
ਐਸ.ਐਚ.ਓ ਮਜੀਠਾ ਨੂੰ ਮਿਲੀ ਸੂਹ ਮੁਤਾਬਕ ਇਹ ਗਿ੍ਰਫਤਾਰੀ ਸੁਵਖਤੇ ਕੀਤੀ ਛਾਪੇਮਾਰੀ ਦੌਰਾਨ ਕੀਤੀ ਗਈ। ਡੀਜੀਪੀ ਨੇ ਦੱਸਿਆ ਕਿ ਏ.ਐਸ.ਆਈ ਮੁਖਤਿਆਰ ਸਿੰਘ ਅਤੇ ਏ.ਐਸ.ਆਈ ਨਿਰਮਲ ਸਿੰਘ ਦੀ ਅਗਵਾਈ ਵਿੱਚ ਮਜੀਠਾ ਪੁਲਿਸ ਪਾਰਟੀ ਨੇ ਇਹ ਛਾਪੇਮਾਰੀ ਕੀਤੀ।
ਉਨਾ ਕਿਹਾ ਕਿ ਜਬਤ ਕੀਤੀ ਗਈ ਸ਼ਰਾਬ ਦੇ ਰਸਾਇਣਕ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਹੈ ਕਿ ਇਹ ਸ਼ਰਾਬ ਪੂਰੀ ਤਰਾਂ ਨਕਲੀ ਅਤੇ ਪੀਣ ਦੇ ਪੂਰੀ ਤਰਾਂ ਅਯੋਗ ਸੀ। ਡੀਜੀਪੀ ਨੇ ਅੱਗੇ ਕਿਹਾ ਕਿ ਇਸ ਦੇ ਮੁੱਖ ਰਸਾਇਣਿਕ ਤੱਤਾਂ ਵਿਚ 1- ਪ੍ਰੋਪੇਨਲ, ਆਈਸੋ ਬੂਟੋਨੋਲ, ਐਸੀਟੋਲ, ਈਥਾਈਲ ਲੈਕਟੇਟ ਅਤੇ ਈਥਾਈਲ ਹੈਕਸਾਜ਼ੋਨੇਟ ਸ਼ਾਮਲ ਸਨ।
ਲਵਪ੍ਰੀਤ ਸਿੰਘ, ਗੁਰਿੰਦਰ ਸਿੰਘ ਅਤੇ ਰਾਜੂ ਵਿਰੁੱਧ ਥਾਣਾ ਮਜੀਠਾ ਵਿਖੇ ਐਫਆਈਆਰ ਨੰਬਰ 150, ਆਈ ਪੀ ਸੀ ਦੀ ਧਾਰਾ 307, 61, 1, 14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਾਬ ਮਾਫੀਆ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਵੱਲੋਂ ਸੂਬਾ ਪੱਧਰੀ ਛਾਪੇਮਾਰੀਆਂ ਜਾਰੀ ਹਨ ਜਿਸ ਨਾਲ 24 ਘੰਟਿਆਂ ਵਿੱਚ ਦਰਜ 146 ਮਾਮਲਿਆਂ ਵਿੱਚ 100 ਹੋਰ ਗਿ੍ਰਫਤਾਰੀਆਂ ਹੋਈਆਂ ਹਨ।
ਡੀਜੀਪੀ ਨੇ ਕਿਹਾ ਕਿ ਉਨਾਂ ਨੇ ਜ਼ਿਲਾ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਹ ਸਖਤ ਚੌਕਸੀ ਨੂੰ ਯਕੀਨੀ ਬਣਾਉਣ ਲਈ ਆਪਣੇ ਸਬੰਧਤ ਜ਼ਿਲਿਆਂ ਵਿੱਚ ਡਿਸਟਿਲਰੀਆਂ ਵਿੱਚ ਕੰਮ ਕਰ ਰਹੇ ਸਾਰੇ ਵਿਅਕਤੀਆਂ (ਟਰਾਂਸਪੋਰਟਰਾਂ, ਡਰਾਈਵਰਾਂ, ਕਾਮਿਆਂ ਆਦਿ) ਦੇ ਵੇਰਵੇ ਇਕੱਤਰ ਕਰਨ। ਉਨਾਂ ਇਹ ਵੀ ਦੱਸਿਆ ਕਿ ਕੱਲ ਤਰਨਤਾਰਨ ਅਤੇ ਅੰਮਿ੍ਰਤਸਰ ਦਿਹਾਤੀ ਵਿੱਚ ਨੌਜਵਾਨ ਸਿੱਧੇ ਪੀਪੀਐਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਨਾਜਾਇਜ਼ ਸ਼ਰਾਬ ਅਤੇ ਨਸ਼ਿਆਂ ਵਿਰੁੱਧ ਵਧੇਰੇ ਕਾਰਗਰ ਢੰਗ ਨਾਲ ਨਜਿੱਠਿਆ ਜਾ ਸਕੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …