
ਪੰਜਾਬ ਪੁਲੀਸ ਹੁਣ ਆਨ ਡਿਮਾਂਡ ਕੋਵਿਡ ਮਰੀਜ਼ਾਂ ਨੂੰ ਘਰਾਂ ਵਿੱਚ ਸਪਲਾਈ ਕਰੇਗੀ ਖਾਣਾ
ਸੋਹਾਣਾ ਥਾਣਾ ਕੰਪਲੈਕਸ ਵਿੱਚ ਬਣਾਈ ਮਾਡਰਨ ਰਸੋਈ, ਐਸਪੀ ਸਿਟੀ ਹਰਵਿੰਦਰ ਵਿਰਕ ਨੇ ਕੀਤਾ ਖੁਲਾਸਾ
ਡੀਐਸਪੀ ਰਮਨਦੀਪ ਸਿੰਘ ਨੂੰ ਨੋਡਲ ਅਫ਼ਸਰ ਦੀ ਜ਼ਿੰਮੇਵਾਰੀ ਦਿੱਤੀ, 24 ਘੰਟੇ ਖੁੱਲ੍ਹੀ ਰਹੇਗੀ ਪੁਲੀਸ ਦੀ ਰਸੋਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਪੰਜਾਬ ਪੁਲੀਸ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਹੁਣ ਕਰੋਨਾ ਮਹਾਮਾਰੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਚੱਲਦਿਆਂ ਕੋਵਿਡ ਮਰੀਜ਼ਾਂ ਨੂੰ ਘਰਾਂ ਵਿੱਚ ਖਾਣਾ ਪਰੋਸੇਗੀ। ਇਸ ਸਬੰਧੀ ਇੱਥੋਂ ਦੇ ਸੋਹਾਣਾ ਥਾਣਾ ਕੰਪਲੈਕਸ ਵਿੱਚ ਮਾਡਰਨ ਰਸੋਈ ਬਣਾਈ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਰੋਨਾ ਦੀ ਦੂਜੀ ਲਹਿਰ ਕਾਫ਼ੀ ਖ਼ਤਰਨਾਕ ਸਾਬਤ ਹੋ ਰਹੀ ਹੈ ਅਤੇ ਕਈ ਥਾਵਾਂ ’ਤੇ ਪੂਰਾ ਟੱਬਰ ਹੀ ਕਰੋਨਾ ਤੋਂ ਪੀੜਤ ਹੈ। ਉਨ੍ਹਾਂ ਦੱਸਿਆ ਕਿ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲੀਸ ਵੱਲੋਂ ਕਰੋਨਾ ਪੀੜਤਾਂ ਨੂੰ ਘਰਾਂ ਵਿੱਚ ਖਾਣਾ ਸਪਲਾਈ ਕੀਤਾ ਜਾਵੇਗਾ। ਪੁਲੀਸ ਦੀ ਰਸੋਈ 24 ਘੰਟੇ ਖੁੱਲ੍ਹੀ ਰਹੇਗੀ।
ਐਸਪੀ ਵਿਰਕ ਨੇ ਦੱਸਿਆ ਕਿ ਪੁਲੀਸ ਦੀ ਰਸੋਈ ਵਿੱਚ ਹਾਈ ਜੈਨਿਕ ਤਰੀਕੇ ਨਾਲ ਖਾਣਾ ਤਿਆਰ ਕੀਤਾ ਜਾਵੇਗਾ ਅਤੇ ਖਾਣਾ ਬਣਾਉਣੇ ਸਮੇਂ ਪੂਰੀ ਤਰ੍ਹਾਂ ਕੋਵਿਡ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਸਾਵਧਾਨੀ ਵਰਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਘਰਾਂ ਵਿੱਚ ਖਾਣਾ ਸਪਲਾਈ ਕੀਤਾ ਜਾਵੇਗਾ। ਇਸ ਸਬੰਧੀ ਪੀਸੀਆਰ ਦੇ ਵਾਹਨਾਂ ਅਤੇ ਡਲਿਵਰੀ ਬੁਲਾਏ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਸ੍ਰੀ ਵਿਰਕ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਡੀਐਸਪੀ (ਐਚ) ਰਮਨਦੀਪ ਸਿੰਘ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਕੋਈ ਵੀ ਲੋੜਵੰਦ ਵਿਅਕਤੀ ਪੁਲੀਸ ਨੂੰ ਆਪਣੀ ਸਮੱਸਿਆ ਦੱਸ ਕੇ ਖਾਣਾ ਮੰਗਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨੋਡਲ ਅਫ਼ਸਰ ਵੱਲੋਂ ਰੋਜ਼ਾਨਾ ਤਿਆਰ ਕੀਤੇ ਖਾਣੇ ਅਤੇ ਕੋਵਿਡ ਮਰੀਜ਼ਾਂ ਦੀਆਂ ਕਾਲਾਂ ਅਤੇ ਉਨ੍ਹਾਂ ਨੂੰ ਸਪਲਾਈ ਕੀਤੇ ਭੋਜਣ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ।
ਇਸ ਦੌਰਾਨ ਐਸਪੀ ਵਿਰਕ ਅਤੇ ਹੋਰਨਾਂ ਅਧਿਕਾਰੀਆਂ ਨੇ ਰਸੋਈ ਦਾ ਨਿਰੀਖਣ ਕੀਤਾ ਅਤੇ ਖਾਣਾ ਤਿਆਰ ਕਰਨ ਤੋਂ ਲੈ ਕੇ ਪੈਕਿੰਗ ਕਰਨ ਅਤੇ ਘਰਾਂ ਵਿੱਚ ਸਪਲਾਈ ਕਰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 6 ਪੁਲੀਸ ਥਾਣੇ ਤੇ ਚੌਕੀਆਂ ਹਨ। ਇਨ੍ਹਾਂ ਅਧੀਨ ਆਉਂਦੇ ਖੇਤਰ ਵਿੱਚ ਪੁਲੀਸ ਕਰੋਨਾ ਪੀੜਤਾਂ ਨੂੰ ਖਾਣਾ ਸਪਲਾਈ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਨਾਲ-ਨਾਲ ਕਰੋਨਾ ਸੰਕਟ ਵਿੱਚ ਲੋੜਵੰਦਾਂ ਨੂੰ ਖਾਣਾ ਦੇਣਾ ਪੁਲੀਸ ਸਮੇਤ ਹਰੇਕ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਡੀਐਸਪੀ-ਕਮ-ਨੋਡਲ ਅਫ਼ਸਰ ਰਮਨਦੀਪ ਸਿੰਘ, ਡੀਐਸਪੀ ਦੀਪ ਕੰਵਲ, ਸੋਹਾਣਾ ਥਾਣਾ ਦੇ ਐਸਐਚਓ ਭਗਵੰਤ ਸਿੰਘ ਵੀ ਹਾਜ਼ਰ ਸਨ।