ਪੰਜਾਬ ਪੁਲੀਸ ਦਾ ਮੁਹਾਲੀ ਵਿੱਚ ਐਂਟੀ ਨਾਰਕੋਟਿੰਗ-ਕਮ-ਸਪੈਸ਼ਲ ਅਪਰੇਸ਼ਨ ਸੈੱਲ ਸਥਾਪਿਤ

ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲੀਸ ਅਫ਼ਸਰਾਂ ਨੂੰ ਜਾਰੀ ਕੀਤੇ ਗਏ ਤਾਜ਼ਾ ਆਦੇਸ਼

ਭੁੱਲਰ ਨੇ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੂੰ ਲਾਇਆ ਨਵੇਂ ਜਾਂਚ ਸੈੱਲ ਦਾ ਇੰਚਾਰਜ

ਮੁਹਾਲੀ ਦੇ ਫੇਜ਼-7 ਸਥਿਤ ਮਟੌਰ ਥਾਣੇ ਦੀ ਪੁਰਾਣੀ ਇਮਾਰਤ ’ਚੋਂ ਚੱਲੇਗਾ ਪੁਲੀਸ ਦਾ ਨਵਾਂ ਅਪਰੇਸ਼ਨ ਸੈੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਪੰਜਾਬ ਪੁਲੀਸ ਦੇ ਕੰਮ-ਕਾਜ ਵਿੱਚ ਹੋਰ ਵਧੇਰੇ ਸੁਧਾਰ ਲਿਆਉਣ ਅਤੇ ਗੰਭੀਰ ਕਿਸਮ ਦੇ ਜੁਰਮ ਨੂੰ ਠੱਲ੍ਹ ਪਾਉਣ ਲਈ ਮੁਹਾਲੀ ਦੇ ਫੇਜ਼-7 ਸਥਿਤ ਮਟੌਰ ਥਾਣੇ ਦੀ ਪੁਰਾਣੀ ਇਮਾਰਤ ਵਿੱਚ ਆਪਣੀ ਕਿਸਮ ਦਾ ਪਹਿਲਾਂ ਐਂਟੀ ਨਾਰਕੋਟਿੰਗ-ਕਮ-ਸਪੈਸ਼ਲ ਅਪਰੇਸ਼ਨ ਸੈੱਲ ਸਥਾਪਿਤ ਕੀਤਾ ਗਿਆ ਹੈ। ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੂੰ ਇਸ ਨਵੇਂ ਜਾਂਚ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ, ਜਗਰਾਓ, ਜਲੰਧਰ ਅਤੇ ਲੁਧਿਆਣਾ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਗੰਭੀਰ ਕਿਸਮ ਦੇ ਅਪਰਾਧ ਨੂੰ ਠੱਲ੍ਹਣ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਹੀਨੀਅਸ ਕਰਾਈਮ ਨੂੰ ਰੋਕਣ ਅਤੇ ਟਰੇਸ ਕਰਨ ਲਈ ਇਹ ਵਿਸ਼ੇਸ਼ ਸੈੱਲ ਸਥਾਪਿਤ ਕੀਤਾ ਗਿਆ ਹੈ।
ਇਸ ਸਬੰਧੀ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸੈੱਲ ਰੂਪਨਗਰ ਰੇਂਜ ਏਰੀਆ ਵਿੱਚ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਨਸ਼ਿਆਂ ਦੀ ਰੋਕਥਾਮ ਲਈ ਠੋਸ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦਾ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਇਹ ਸੈੱਲ ਜੁਰਮਾਂ ਦੀ ਰੋਕਥਾਮ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਯੋਗ ਉਪਰਾਲੇ ਕਰੇਗਾ ਤਾਂ ਜੋ ਸੰਗੀਨ ਜੁਰਮਾਂ ਅਤੇ ਸੰਗਠਿਤ ਅਪਰਾਧਾਂ ’ਤੇ ਪਾਇਆ ਜਾ ਸਕੇ।
ਡੀਅਆਈਜੀ ਭੁੱਲਰ ਦੇ ਪੱਤਰ ਅਨੁਸਾਰ ਰੂਪਨਗਰ ਰੇਂਜ ਅਧੀਨ ਆਉਂਦੇ ਜ਼ਿਲ੍ਹਿਆਂ ਦੇ ਐਸਪੀ (ਡੀ) ਆਪਣੀਆਂ ਜ਼ਿਲ੍ਹਾ ਪੁਲੀਸ ਦੀਆਂ ਡਿਊਟੀਆਂ ਤੋਂ ਇਲਾਵਾ ਇਸ ਸੈੱਲ ਦੀਆਂ ਗਤੀਵਿਧੀਆਂ ਦੀ ਵੀ ਦੇਖਰੇਖ ਕਰਨਾ ਯਕੀਨੀ ਬਣਾਉਣਗੇ ਅਤੇ ਲੋੜ ਪੈਣ ’ਤੇ ਇਸ ਵਿਸ਼ੇਸ਼ ਜਾਂਚ ਸੈੱਲ ਨੂੰ ਜ਼ਿਲ੍ਹੇ ਵਿੱਚ ਮੌਜੂਦ ਟੈਕਨੀਕਲ ਸੈੱਲ ਅਤੇ ਹੋਰ ਅਜਿਹੇ ਸੈੱਲਾਂ\ਟੀਮਾਂ ਦੀ ਮਦਦ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ।
ਇਸ ਤੋਂ ਇਹ ਅਧਿਕਾਰੀ ਸਮੇਂ ਸਮੇਂ ’ਤੇ ਇਸ ਸੈੱਲ ਦੀ ਪ੍ਰਗਤੀ ਬਾਰੇ ਆਪਣੇ ਜ਼ਿਲ੍ਹੇ ਦੇ ਐਸਐਸਪੀ ਸਮੇਤ ਨਿਮਨਹਸਤਾਖਰੀ ਨੂੰ ਸੂਚਿਤ ਕਰਨ ਦੇ ਵੀ ਪਾਬੰਦ ਹੋਣਗੇ। ਕਿਉਂਕਿ ਇਹ ਸਪੈਸ਼ਲ ਸੈੱਲ ਮੁਹਾਲੀ ਵਿੱਚ ਸਥਾਪਿਤ ਹੋਣ ਨਾਲ ਡੀਐਸਪੀ (ਹੈੱਡਕੁਆਰਟਰ) ਨੂੰ ਮੁੱਢਲੇ ਤੌਰ ’ਤੇ ਸੁਪਰਵਿਜ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਆਪਣੀ ਰੁਟੀਨ ਡਿਊਟੀ ਤੋਂ ਇਲਾਵਾ ਇਹ ਨਵੀਂ ਡਿਊਟੀ ਨਿਭਾਉਣ ਦੇ ਵੀ ਪਾਬੰਦ ਹੋਣਗੇ। ਇਸ ਪੱਤਰ ਦਾ ਉਤਾਰਾ ਮੁਹਾਲੀ, ਰੂਪਨਗਰ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਐਸਐਸਪੀਜ਼ ਨੂੰ ਵੀ ਭੇਜਿਆ ਗਿਆ ਹੈ।

ਉਧਰ, ਐਂਟੀ ਨਾਰਕੋਟਿੰਗ-ਕਮ-ਸਪੈਸ਼ਲ ਅਪਰੇਸ਼ਨ ਸੈੱਲ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਅੱਜ ਮਟੌਰ ਥਾਣੇ ਦੀ ਪੁਰਾਣੀ ਇਮਾਰਤ ਜਿੱਥੇ ਨਵਾਂ ਜਾਂਚ ਸੈੱਲ ਸਥਾਪਿਤ ਕੀਤਾ ਗਿਆ ਹੈ, ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇੱਥੇ ਇੰਚਾਰਜ ਦੇ ਦਫ਼ਤਰ ਸਮੇਤ, ਮੁਨਸ਼ੀਆਂ ਅਤੇ ਕੰਪਿਊਟਰ ਅਪਰੇਟਰ ਅਤੇ ਹੋਰ ਸਟਾਫ਼ ਦੇ ਬੈਠਣ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਲਈ ਨਵੀਂ ਹਵਾਲਾਤ ਅਤੇ ਪੁੱਛਗਿੱਛ ਕਰਨ ਲਈ ਪੁੱਛਗਿੱਛ ਕੇਂਦਰ ਬਣਾਇਆ ਜਾਵੇਗਾ। ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਫਿਲਹਾਲ ਇੱਥੇ ਦੋ ਦਰਜਨ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਰਾਣੀ ਇਮਾਰਤ ਦੀ ਰੈਨੋਵੇਸ਼ਨ ਤੋਂ ਬਾਅਦ ਇੱਥੇ ਅਪਰਾਧਿਕ ਮਾਮਲਿਆਂ ਦੀ ਤਫ਼ਤੀਸ਼ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Load More Related Articles

Check Also

ਮੋਗਾ ਗੈਂਗਰੇਪ: ਸਾਬਕਾ ਐੱਐੱਸਪੀ ਸਣੇ ਚਾਰ ਦੋਸ਼ੀ ਪੁਲੀਸ ਅਫ਼ਸਰਾਂ ਨੂੰ 5-5 ਸਾਲ ਦੀ ਕੈਦ ਤੇ ਜੁਰਮਾਨਾ

ਮੋਗਾ ਗੈਂਗਰੇਪ: ਸਾਬਕਾ ਐੱਐੱਸਪੀ ਸਣੇ ਚਾਰ ਦੋਸ਼ੀ ਪੁਲੀਸ ਅਫ਼ਸਰਾਂ ਨੂੰ 5-5 ਸਾਲ ਦੀ ਕੈਦ ਤੇ ਜੁਰਮਾਨਾ ਨਬਜ਼-ਏ-…