ਜਗਤਾਰ ਸਿੰਘ ਹਵਾਰਾ ਨੂੰ 12 ਜਨਵਰੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰੇ ਪੰਜਾਬ ਪੁਲੀਸ: ਕੌਮੀ ਇਨਸਾਫ਼ ਮੋਰਚਾ

ਮੁਹਾਲੀ-ਚੰਡੀਗੜ੍ਹ ਦੀ ਹੱਦ ’ਤੇ ਸਿੱਖਾਂ ਦਾ ਪੱਕਾ ਮੋਰਚਾ ਚੌਥੇ ਦਿਨ ’ਚ ਦਾਖ਼ਲ, ਨਿਹੰਗ ਸਿੰਘ ਤੇ ਨੌਜਵਾਨ ਪਹੁੰਚੇ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਹੱਡ ਚੀਰਵੀਂ ਠੰਢ ਵਿੱਚ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ, ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਲੜੀਵਾਰ ਧਰਨਾ ਜਾਰੀ ਹੈ। ਮੰਗਲਵਾਰ ਨੂੰ ਚੌਥੇ ਦਿਨ ਵੀ ਮਨੁੱਖ ਅਧਿਕਾਰ ਸੰਗਠਨਾਂ, ਪੰਥ ਦਰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਅਤੇ ਨੌਜਵਾਨ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਅੱਜ ਖੁੱਲ੍ਹੇ ਅਸਮਾਨ ਹੇਠ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਰਹੇ।
ਇਸ ਮੌਕੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਸੀਨੀਅਰ ਵਕੀਲ ਅਮਰ ਸਿੰਘ ਚਾਹਲ ਅਤੇ ਦਿਲਸ਼ੇਰ ਸਿੰਘ ਨੇ ਯੂਟੀ ਪ੍ਰਸ਼ਾਸਨ ਨੂੰ ਤੱਥਾਂ ਦੇ ਆਧਾਰਿਤ ਅਤੇ ਸਾਰੇ ਕਾਨੂੰਨੀ ਨੁੱਕਤੇ ਰੱਖਦੇ ਹੋਏ ਸਿੱਖ ਕੈਦੀਆਂ ਨਾਲ ਹੋ ਰਹੀਆਂ ਵਧੀਕੀਆਂ ਤੋਂ ਜਾਣੂ ਕਰਵਾਇਆ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਵਿੱਚ ਬਿਨਾਂ ਕਿਸੇ ਕੇਸ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਹੈ ਅਤੇ ਅਦਾਲਤ ਦੇ ਹੁਕਮਾਂ ਪਾਲਣਾ ਕਰਕੇ ਭਾਈ ਹਵਾਰਾ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 1998 ਵਿੱਚ ਮੁਹਾਲੀ ’ਚ ਦਰਜ ਇੱਕ ਕੇਸ ਸਬੰਧੀ ਟਰਾਇਲ ਵੀ ਪੈਂਡਿੰਗ ਪਿਆ ਹੈ। ਇਸ ਕੇਸ ਵਿੰਚ ਅਦਾਲਤ ਵੱਲੋਂ 12 ਜਨਵਰੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ। ਇਸ ਸਬੰਧੀ ਹਫ਼ਤਾ ਪਹਿਲਾਂ ਹੀ ਮੁਹਾਲੀ ਦੇ ਐੱਸਐੱਸਪੀ ਨੂੰ ਗੁਹਾਰ ਲਗਾਈ ਜਾ ਚੁੱਕੀ ਹੈ। ਉਨ੍ਹਾਂ ਪੰਜਾਬ ਪੁਲੀਸ ਤੋਂ ਮੰਗ ਕੀਤੀ ਕਿ 30 ਹਜ਼ਾਰੀ ਅਦਾਲਤ ’ਚੋਂ ਪ੍ਰੋਡਕਸ਼ਨ ਵਰੰਟ ਲੈ ਕੇ ਜਗਤਾਰ ਸਿੰਘ ਹਵਾਰਾ ਨੂੰ ਮੁਹਾਲੀਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਇਸ ਮੌਕੇ ਬਾਪੂ ਗੁਰਚਰਨ ਸਿੰਘ, ਅਖੰਡ ਕੀਰਤਨੀ ਜਥੇ ਦੇ ਸੇਵਾਦਾਰ ਆਰਪੀ ਸਿੰਘ, ਰਜਿੰਦਰ ਸਿੰਘ ਬਾਲੀ, ਨਿਹੰਗ ਸਿੰਘਾਂ ਸਮੇਤ ਹੋਰ ਸਿੱਖ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਆਰਪੀ ਸਿੰਘ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਧਰਨਾ ਸਥਾਨ ’ਤੇ ਸੰਗਤ ਨੂੰ ਜੋੜਨ ਲਈ ਰੋਜ਼ਾਨਾ ਢਾਡੀ ਜਥੇ ਅਤੇ ਰਾਗੀ ਸਿੰਘਾਂ ਤੋਂ ਢਾਡੀ ਵਾਰਾਂ ਅਤੇ ਸ਼ਬਦ ਕੀਰਤਨ ਦਾ ਗਾਇਨ ਕਰਵਾਇਆ ਜਾਵੇ। ਦਿਨ ਦੀ ਸ਼ੁਰੂਆਤ ਸਵੇਰੇ ਤੜਕੇ ਆਸਾ ਜੀ ਦੀ ਵਾਰ, ਨਿਤਨੇਮ, ਸ਼ਾਮ ਨੂੰ ਰਹਿਰਾਸ ਅਤੇ ਸੌਣ ਤੋਂ ਪਹਿਲਾਂ ਕੀਰਤਨ ਸੋਹਿਲੇ ਦਾ ਪਾਠ ਉਚਾਰਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਪਿਛਲੇ ਸਮੇਂ ਦੌਰਾਨ ਹੋਈਆਂ ਭੁਲਾਂ ਤੇ ਗਲਤੀਆਂ ਤੋਂ ਵੀ ਸਬਕ ਸਿੱਖਣਾ ਚਾਹੀਦਾ ਹੈ।
ਜਗਤਾਰ ਸਿੰਘ ਹਵਾਰਾ ਨਾਲ ਜੇਲ੍ਹ ਵਿੱਚ ਰਹੇ ਨਿਹੰਗ ਸਿੰਘਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਮੇਂ ਦੀਆਂ ਸਰਕਾਰਾਂ ਨੂੰ ਲਲਕਾਰੇ ਹੋਏ ਕਿਹਾ ਕਿ ਹੁਕਮਰਾਨ ਸਿੱਖਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲੈਣ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਪੰਥ ਆਜ਼ਾਦ ਹੈ ਤਾਂ ਹੀ ਸਾਰੇ ਸੁਖੀ ਰਹਿਣਗੇ। ਸਰਕਾਰ ਨੂੰ ਅਲਟੀਮੇਟਮ ਦੇਣ ਬਾਰੇ ਪੁੱਛੇ ਜਾਣ ’ਤੇ ਨਿਹੰਗ ਸਿੰਘਾਂ ਨੇ ਕਿਹਾ ਕਿ ਇਹ ਸਰਕਾਰ ਦੀ ਮਰਜ਼ੀ ਹੈ, ਜਦੋਂ ਸਿੱਖਾਂ ਦੀਆਂ ਚਾਰ ਕੌਮੀ ਮੰਗਾਂ ਪ੍ਰਵਾਨ ਕਰ ਲਈਆਂ ਜਾਣਗੀਆਂ, ਸਾਰੇ ਸਿੱਖ ਮੋਰਚਾ ਫਹਿਤ ਕਰਕੇ ਆਪਣੇ ਘਰਾਂ ਨੂੰ ਪਰਤ ਜਾਣਗੇ ਨਹੀਂ ਤਾਂ ਆਉਣ ਵਾਲੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਭਾਈ ਜਸਵਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਮਾਮਲਿਆਂ ਸਬੰਧੀ ਜ਼ਿੰਮੇਵਾਰ ਅਫ਼ਸਰਾਂ ਅਤੇ ਸਿਆਸੀ ਆਗੂਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਧਰਨੇ ਵਿੱਚ ਨੌਜਵਾਨ ਵਰਗ ਅਤੇ ਸਿੱਖ ਸੰਗਤ ਜੁੜਨੀ ਸ਼ੁਰੂ ਹੋ ਗਈ ਹੈ ਅਤੇ ਆਉਂਦੇ ਦਿਨਾਂ ਵਿੱਚ ਇੱਥੇ ਵੱਡੇ ਇਕੱਠ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਆਪਣੀ ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਜੇਲ੍ਹ ਵਿੱਚ ਬੰਦੀ ਬਣਾ ਕੇ ਨਹੀਂ ਰੱਖਿਆ ਜਾ ਸਕਦਾ ਪ੍ਰੰਤੂ ਭਾਰਤ ਵਿੱਚ ਕਾਲੇ ਕਾਨੂੰਨਾਂ ਤਹਿਤ ਇਹ ਸਾਰਾ ਕੁੱਝ ਵਾਪਰ ਰਿਹਾ ਹੈ ਅਤੇ ਹੁਕਮਰਾਨ ਡੂੰਘੀ ਸਾਜ਼ਿਸ਼ ਦੇ ਤਹਿਤ ਸੁਰੱਖਿਆ ਦਾ ਮੁੱਦਾ ਬਣਾ ਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਰਾਹ ਵਿੱਚ ਦਿੱਕਤਾਂ ਖੜੀਆਂ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …