ਪੰਜਾਬ ਪੁਲਿਸ ਵੱਲੋਂ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਨਾਰਕੋ-ਅੱਤਵਾਦ ਮਾਡਿਊਲ ਦਾ ਪਰਦਾਫਾਸ਼

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਦੇ ਯਤਨਾਂ ਤਹਿਤ ਆਈ.ਐਸ.ਆਈ. ਅਧਾਰਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨਾ ਇੱਕ ਵੱਡੀ ਸਫ਼ਲਤਾ

ਗ੍ਰਿਫਤਾਰ ਵਿਅਕਤੀ ਕੈਨੇਡਾ ਅਧਾਰਿਤ ਲਖਬੀਰ ਲੰਡਾ, ਪਾਕਿਸਤਾਨ ਅਧਾਰਿਤ ਹਰਵਿੰਦਰ ਰਿੰਦਾ ਅਤੇ ਇਟਲੀ ਅਧਾਰਿਤ ਹਰਪ੍ਰੀਤ ਹੈਪੀ ਦਾ ਨਜ਼ਦੀਕੀ ਸਾਥੀ: ਡੀਜੀਪੀ ਗੌਰਵ ਯਾਦਵ

ਪੁਲਿਸ ਨੇ ਲੰਡਾ ਅਤੇ ਰਿੰਦਾ ਗੈਂਗ ਦੇ ਪੰਜ ਹੋਰ ਮੈਂਬਰਾਂ ਦੀ ਕੀਤੀ ਪਛਾਣ, ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ: ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ/ਅੰਮ੍ਰਿਤਸਰ, 4 ਅਕਤੂਬਰ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਨੂੰ ਹੋਰ ਤੇਜ਼ ਕਰਨ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਈ.ਐਸ.ਆਈ. ਅਧਾਰਿਤ ਨਾਰਕੋ-ਅੱਤਵਾਦ ਮਾਡਿਊਲ ਦਾ ਪਰਦਾਫਾਸ਼ ਕਰਕੇ ਇਸ ਦੇ ਮੁੱਖ ਸੰਚਾਲਕ ਨੂੰ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ, ਗੌਰਵ ਯਾਦਵ ਨੇ ਦਿੱਤੀ।

ਇਹ ਮਾਡਿਊਲ ਕੈਨੇਡਾ ਅਧਾਰਿਤ ਲਖਬੀਰ ਸਿੰਘ ਉਰਫ ਲੰਡਾ, ਪਾਕਿਸਤਾਨ ਅਧਾਰਿਤ ਹਰਵਿੰਦਰ ਸਿੰਘ ਰਿੰਦਾ ਅਤੇ ਇਟਲੀ ਅਧਾਰਿਤ ਹਰਪ੍ਰੀਤ ਸਿੰਘ ਉਰਫ ਹੈਪੀ ਵੱਲੋਂ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਹੈ।

ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਤਰਨਤਾਰਨ ਦੇ ਪਿੰਡ ਰਾਜੋਕੇ ਵਾਸੀ ਯੋਗਰਾਜ ਸਿੰਘ ਉਰਫ ਯੋਗ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮਾਡਿਊਲ ਦੇ ਪੰਜ ਹੋਰ ਸੰਚਾਲਕਾਂ ਦੀ ਵੀ ਸ਼ਨਾਖਤ ਕੀਤੀ ਹੈ, ਜੋ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਮਾਡਿਊਲ ਨਾਲ ਜੁੜੇ ਹੋਏ ਹਨ।

ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਆਰਡੀਐਕਸ ਲੋਡ ਟਿਫਿਨ ਬਾਕਸ, ਜਿਸ ਨੂੰ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਜਾਂ ਟਿਫਿਨ ਬੰਬ ਬਣਾਇਆ ਗਿਆ ਸੀ; ਦੋ ਆਧੁਨਿਕ ਏ.ਕੇ.-56 ਅਸਾਲਟ ਰਾਈਫਲਾਂ ਸਮੇਤ ਦੋ ਮੈਗਜ਼ੀਨਾਂ ਅਤੇ 30 ਜ਼ਿੰਦਾ ਕਾਰਤੂਸ; ਇੱਕ .30 ਬੋਰ ਦਾ ਪਿਸਤੌਲ ਸਮੇਤ 6 ਜਿੰਦਾ ਕਾਰਤੂਸ; ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਯੋਗਰਾਜ ਇਸ ਮਾਡਿਊਲ ਦਾ ਮੁੱਖ ਸੰਚਾਲਕ ਹੈ ਅਤੇ ਉਹ ਸੂਬਾ ਪੁਲਿਸ ਅਤੇ ਕੇਂਦਰੀ ਇਨਫੋਰਸਮੈਂਟ ਏਜੰਸੀਆਂ ਨੂੰ ਸਤੰਬਰ 2019 ਵਿੱਚ ਤਰਨਤਾਰਨ ਵਿੱਚ ਪੰਜ ਏਕੇ-47 ਅਸਾਲਟ ਰਾਈਫਲਾਂ ਜ਼ਬਤ ਕਰਨ ਦੇ ਮਾਮਲੇ ਸਮੇਤ ਘੱਟੋ-ਘੱਟ ਪੰਜ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ-ਵਿਸਫੋਟਕ ਸਮੱਗਰੀ-ਨਸ਼ੇ ਦੀ ਤਸਕਰੀ ਸਬੰਧੀ ਸਰਹੱਦੋਂ ਪਾਰ ਦੀਆਂ ਕਾਰਵਾਈਆਂ ਅੱਤਵਾਦੀ/ਗੈਂਗਸਟਰ ਲੰਡਾ, ਰਿੰਦਾ ਅਤੇ ਹੈਪੀ ਤੇ ਜੇਲ੍ਹ ਵਿੱਚ ਬੰਦ ਸਮੱਗਲਰ ਗੁਰਪਵਿਤਰ ਉਰਫ਼ ਸਾਈਂ ਵਾਸੀ ਲਖਨਾ, ਤਰਨਤਾਰਨ ਦੇ ਨਿਰਦੇਸ਼ਾਂ ‘ਤੇ ਯੋਗਰਾਜ ਵੱਲੋਂ ਕੀਤੀਆਂ ਜਾਂਦੀਆਂ ਸਨ। ਉਹਨਾਂ ਅੱਗੇ ਦੱਸਿਆ ਕਿ ਯੋਗਰਾਜ ਵੱਡੇ ਪੱਧਰ ‘ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਅਤੇ ਅੱਗੇ ਡਿਲਿਵਰੀ ਲਈ ਸਰਗਰਮ ਸੀ।

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਲੰਡਾ-ਰਿੰਡਾ ਅੱਤਵਾਦੀ ਮਾਡਿਊਲ ਦੇ ਮੈਂਬਰਾਂ ਦਾ ਪਰਦਾਫਾਸ਼ ਕਰਨ ਲਈ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮੌਜੂਦਾ ਮਾਡਿਊਲ ਦੇ ਪੰਜ ਸੰਚਾਲਕਾਂ ਦੀ ਪਛਾਣ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਹਨਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਹਥਿਆਰਾਂ ਅਤੇ ਵਿਸਫੋਟਕਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਐਫ.ਆਈ.ਆਰ. ਨੰਬਰ 107 ਮਿਤੀ 04/10/2022 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/27-ਏ/29/61/85 ਅਤੇ ਅਸਲਾ ਐਕਟ ਦੀਆਂ ਧਾਰਾ 25/54/59 ਤਹਿਤ ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …