ਸੜਕ ਹਾਦਸਿਆਂ ਨੂੰ ਘਟਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲਵੇਗੀ ਪੰਜਾਬ ਪੁਲੀਸ

ਪੰਜਾਬ ਪੁਲੀਸ ਦੇ ਟਰੈਫ਼ਿਕ ਵਿੰਗ ਨੇ ਸੜਕ ਸੁਰੱਖਿਆ ਤੇ ਟਰੈਫ਼ਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਸਮਝੌਤਾ ਸਹੀਬੱਧ

ਮੈਪ ਮਾਈ ਇੰਡੀਆ, ਸੇਫ਼ ਸੁਸਾਇਟੀ, ਇੰਟੋਜ਼ੀ ਟੈੱਕ ਤੇ ਮੁਸਕਾਨ ਫਾਊਂਡੇਸ਼ਨ ਨੇ ਪੰਜਾਬ ਪੁਲੀਸ ਨਾਲ ਹੱਥ ਮਿਲਾਇਆ

ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਪੰਜਾਬ ਪੁਲੀਸ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ

ਨਬਜ਼-ਏ-ਪੰਜਾਬ, ਮੁਹਾਲੀ, 6 ਅਕਤੂਬਰ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੜਕੀ ਸੁਰੱਖਿਆ ਅਤੇ ਟਰੈਫ਼ਿਕ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਕਦਮ ਚੁੱਕਦਿਆਂ ਪੰਜਾਬ ਪੁਲੀਸ ਦੇ ਟਰੈਫ਼ਿਕ ਵਿੰਗ ਨੇ ਚਾਰ ਨਾਮਵਰ ਸੰਸਥਾਵਾਂ ਨਾਲ ਐਮਓਯੂ (ਸਮਝੌਤਾ) ਸਹੀਬੱਧ ਕੀਤਾ ਹੈ ਤਾਂ ਜੋ ਸੂਬੇ ਵਿੱਚ ਹੋਰ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਆਵਾਜਾਈ ਨੈੱਟਵਰਕ ਨੂੰ ਯਕੀਨੀ ਬਣਾਇਆ ਜਾ ਸਕੇ।
ਮੁਹਾਲੀ ਦੇ ਪੰਜਾਬ ਰੋਡ ਸੇਫ਼ਟੀ ਐਂਡ ਟਰੈਫ਼ਿਕ ਰਿਸਰਚ ਸੈਂਟਰ ਵਿਖੇ ਇੱਕ ਮਹੱਤਵਪੂਰਨ ਸਮਾਗਮ ਦੌਰਾਨ ਪੰਜਾਬ ਦੇ ਏਡੀਜੀਪੀ (ਟਰੈਫ਼ਿਕ) ਏਐਸ ਰਾਏ ਦੀ ਅਗਵਾਈ ਹੇਠ ਪ੍ਰਮੁੱਖ ਕੰਪਨੀਆਂ ਜਿਨ੍ਹਾਂ ਵਿੱਚ ਮੈਪ ਮਾਈ ਇੰਡੀਆ, ਪੰਜਾਬ ਆਧਾਰਿਤ ਸੇਫ਼ ਸੁਸਾਇਟੀ, ਗੁਰੂਗਰਾਮ ਸਥਿਤ ਇੰਟੋਜੀ ਟੈਕ ਪ੍ਰਾਈਵੇਟ ਲਿਮਟਿਡ ਅਤੇ ਜੈਪੁਰ ਸਥਿਤ ਮੁਸਕਾਨ ਫਾਊਂਡੇਸ਼ਨ ਸ਼ਾਮਲ ਹਨ, ਨਾਲ ਐਮਓਯੂ ਸਹੀਬੱਧ ਕੀਤੇ ਗਏ।
ਇਸ ਮੌਕੇ ਮੈਪ ਮਾਈ ਇੰਡੀਆ ਦੇ ਸੀਈਓ-ਕਮ-ਕਾਰਜਕਾਰੀ ਨਿਰਦੇਸ਼ਕ ਰੋਹਨ ਵਰਮਾ, ਸੇਫ਼ ਸੁਸਾਇਟੀ ਦੇ ਚੇਅਰਪਰਸਨ ਰੁਪਿੰਦਰ ਸਿੰਘ, ਮੁਸਕਾਨ ਫਾਊਂਡੇਸ਼ਨ ਦੇ ਟਰੱਸਟੀ ਸ਼ਾਂਤਨੂ ਬਸੀਨ ਅਤੇ ਇੰਟੋਜ਼ੀ ਦੇ ਸੰਸਥਾਪਕ ਤੇ ਸੀਈਓ ਨਰੇਸ਼ ਕੁਮਾਰ ਹਾਜ਼ਰ ਸਨ। ਇਹ ਅਮਲ ਸੜਕ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਪਰਾਧੀਆਂ ਨੂੰ ਕਾਬੂ ਕਰਨ ਲਈ ਸਮਰਪਿਤ ਇੱਕ ਵਿਸ਼ੇਸ਼ ਪੁਲੀਸ ਟੀਮ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਏਡੀਜੀਪੀ ਰਾਏ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਦੇ ਸਾਂਝੇ ਯਤਨ ਸੁਰੱਖਿਅਤ ਸੜਕਾਂ, ਟਰੈਫ਼ਿਕ ਦੇ ਕੁਸ਼ਲ ਤੇ ਬਿਹਤਰ ਬੰਦੋਬਸਤ ਅਤੇ ਪੰਜਾਬ ਦੇ ਉੱਜਵਲ ਭਵਿੱਖ ਲਈ ਰਾਹ ਪੱਧਰਾ ਕਰਨਗੇ। ਉਨ੍ਹਾਂ ਕਿਹਾ ,‘‘ਅਸੀਂ ਸਾਰੇ ਨਾਗਰਿਕਾਂ ਲਈ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ ਹਾਂ।’’ ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਸੜਕ ਸੁਰੱਖਿਆ ਅਤੇ ਟਰੈਫ਼ਿਕ ਪ੍ਰਬੰਧਨ ਰਣਨੀਤੀਆਂ ਨੂੰ ਵਧਾਉਣ ਲਈ ਵਿਗਿਆਨਕ ਜਾਂਚ ਅਤੇ ਗਿਆਨ ਸਿਰਜਣ ਦਾ ਮਾਹੌਲ ਪੈਦਾ ਕਰਨਗੀਆਂ। ਜਦੋਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਪੰਜਾਬ ਵਿੱਚ ਟਰੈਫ਼ਿਕ ਕੰਟਰੋਲ ਦੀ ਦਿਸ਼ਾ ਵਿੱਚ ਕ੍ਰਾਂਤੀ ਲਿਆਉਣ ਲਈ ਅਨੁਕੂਲਿਤ ਵਾਤਾਵਰਨ ਸਿਰਜੇਗਾ ਤਾਂ ਜੋ ਬਿਹਤਰ ਟਰੈਫ਼ਿਕ ਦਾ ਪ੍ਰਬੰਧਨ ਕਰਕੇ ਦੁਰਘਟਨਾਵਾਂ ਨੂੰ ਟਾਲਿਆ ਜਾ ਸਕੇ।
ਏਡੀਜੀਪੀ ਨੇ ਕਿਹਾ ,‘‘ਇਹ ਪਹਿਲਕਦਮੀ ਨਾ ਸਿਰਫ਼ ਸੜਕੀ ਮੌਤਾਂ ਅਤੇ ਹਾਦਸਿਆਂ ਨੂੰ ਘਟਾ ਕੇ ਸਾਰੇ ਨਾਗਰਿਕਾਂ ਲਈ ਇੱਕ ਸੁਰੱਖਿਅਤ ਵਾਤਾਵਰਨ ਪੈਦਾ ਕਰੇਗੀ, ਸਗੋਂ ਟਰੈਫ਼ਿਕ ਪ੍ਰਬੰਧਨ, ਕੰਟਰੋਲ, ਆਵਾਜਾਈ, ਸੜਕ ਸੁਰੱਖਿਆ ਇੰਜੀਨੀਅਰਿੰਗ, ਇੰਟੈਲੀਜੈਂਟ ਟਰਾਂਸਪੋਰਟ ਹੱਲ, ਐਮ-ਪੁਲਸਿੰਗ, ਈ-ਪੁਲਸਿੰਗ ਅਤੇ ਪੰਜਾਬ ਪੁਲੀਸ ਨੂੰ ਸਿਖਲਾਈ ਨਾਲ ਹੋਰ ਮੁਹਾਰਤ ਵੱਲ ਹੁਲਾਰਾ ਦੇਵੇਗੀ।
ਪੰਜਾਬ ਰੋਡ ਸੇਫ਼ਟੀ ਐਂਡ ਟਰੈਫ਼ਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਨਵਦੀਪ ਅਸੀਜਾ ਨੇ ਕਿਹਾ ਕਿ ਸੜਕ ਸੁਰੱਖਿਆ ਵਿੱਚ ਵਿਗਿਆਨਕ ਨਜ਼ਰੀਆ ਲਿਆਉਣ ਲਈ ਪੰਜਾਬ ਪੁਲੀਸ ਦੀ ਇਹ ਇੱਕ ਹੋਰ ਪਹਿਲਕਦਮੀ ਹੈ। ਇਸ ਨਾਲ ਟਰੈਫ਼ਿਕ ਵਿੰਗ ਵਿੱਚ ਡਾਟਾ-ਆਧਾਰਿਤ ਫ਼ੈਸਲੇ ਲੈਣ ਦੀ ਸਮਰੱਥਾ ਹੋਰ ਵਧੇਗੀ। ਜ਼ਿਕਰਯੋਗ ਹੈ ਕਿ ਹਸਤਾਖਰਕਰਤਾਵਾਂ ਨੇ 2021 ਤੋਂ 2030 ਤੱਕ ਸੰਯੁਕਤ ਰਾਸ਼ਟਰ ਸੰਘ ਵੱਲੋਂ ਮਨੋਨੀਤ ‘ਡੀਕੇਡ ਆਫ਼ ਐਕਸ਼ਨ ਆਨ ਰੋਡ ਸੇਫ਼ਟੀ’ ਨੂੰ ਪੂਰਨ ਸਮਰਥਨ ਦਾ ਵਾਅਦਾ ਵੀ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…