nabaz-e-punjab.com

ਲੋਕਾਂ ਨੂੰ ਡਰਾ ਧਮਕਾ ਕੇ ਠੱਗੀਆਂ ਮਾਰਨ ਵਾਲਾ ਪੰਜਾਬ ਪੁਲੀਸ ਦਾ ਜਾਅਲੀ ਸਬ ਇੰਸਪੈਕਟਰ ਰਣਜੀਤ ਸਿੰਘ ਗ੍ਰਿਫ਼ਤਾਰ

ਮੁਲਜ਼ਮ ਵਿਰੁੱਧ-ਜੰਮੂ ਕਸ਼ਮੀਰ, ਜ਼ੀਰਕਪੁਰ, ਤਰਨਤਾਰਨ ਅਤੇ ਨਵਾਂ ਸ਼ਹਿਰ ਦੇ ਥਾਣਿਆਂ ਵਿੱਚ ਦਰਜ ਹਨ ਅਪਰਾਧਿਕ ਕੇਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਸੋਹਾਣਾ ਪੁਲੀਸ ਨੇ ਪੰਜਾਬ ਪੁਲੀਸ ਦਾ ਜਾਅਲੀ ਸਬ ਇੰਸਪੈਕਟਰ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਸਠਿਆਲਾ, ਥਾਣਾ ਬਿਆਸ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸੋਹਾਣਾ ਥਾਣੇ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਅਤੇ ਉਸ ਦੇ ਦੋ ਸਾਥੀ ਸੁਖਪਾਲ ਸਿੰਘ ਅਤੇ ਕੁਲਦੀਪ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 419,420 ਅਤੇ 386 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਪੀੜਤ ਰਾਜੀਵ ਅਰੋੜਾ ਵਾਸੀ ਇੰਦਰਾ ਵਿਕਾਸ ਕਲੋਨੀ, ਨਵੀਂ ਦਿੱਲੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਆਪਣੇ ਫਰਾਰ ਸਾਥੀਆਂ ਨਾਲ ਮਿਲ ਕੇ ਉੱਚ ਅਧਿਕਾਰੀਆਂ ਦੇ ਨਾਂਅ ’ਤੇ ਲੋਕਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕਰਦਾ ਸੀ। ਪੁਲੀਸ ਅਨੁਸਾਰ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਰਣਜੀਤ ਸਿੰਘ ਦੇ ਖ਼ਿਲਾਫ਼ ਜੰਮੂ ਕਸ਼ਮੀਰ, ਜ਼ੀਰਕਪੁਰ, ਤਰਨਤਾਰਨ ਅਤੇ ਨਵਾਂ ਸ਼ਹਿਰ ਦੇ ਥਾਣਿਆਂ ਵਿੱਚ ਚਾਰ ਅਪਰਾਧਿਕ ਕੇਸ ਦਰਜ ਹਨ। ਮੁਲਜ਼ਮ ਪਿਛਲੇ ਕਰੀਬ 20 ਸਾਲਾਂ ਤੋਂ ਮੁਹਾਲੀ ਵਿੱਚ ਰਹਿ ਰਿਹਾ ਸੀ। ਇਸ ਸਮੇਂ ਉਹ ਇੱਥੋਂ ਦੇ ਫੇਜ਼-9 ਸਥਿਤ ਐਚਈ ਬਲਾਕ ਵਿੱਚ ਰਹਿੰਦਾ ਸੀ।
ਸ੍ਰੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਆਪਣੇ ਸਾਥੀਆਂ ਸੁਖਪਾਲ ਸਿੰਘ ਅਤੇ ਕੁਲਦੀਪ ਸਿੰਘ ਨਾਲ ਮਿਲ ਕੇ ਪੰਜਾਬ ਪੁਲੀਸ ਦਾ ਜਾਅਲੀ ਸਬ ਇੰਸਪੈਕਟਰ ਬਣ ਕੇ ਪੀੜਤ ਰਾਜੀਵ ਅਰੋੜਾ ਦੇ ਦਿੱਲੀ ਸਥਿਤ ਦਫ਼ਤਰ ਵਿੱਚ ਦਸਤਕ ਦਿੱਤੀ ਅਤੇ ਉੱਚ ਅਧਿਕਾਰੀਆਂ ਦੇ ਨਾਂ ’ਤੇ ਪੀੜਤ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ। ਇਸ ਮਗਰੋਂ ਮੁਲਜ਼ਮਾਂ ਨੇ ਪੀੜਤ ਵਿਅਕਤੀ ਨੂੰ ਡਰਾ ਧਮਕਾ ਕੇ ਬੀਤੀ 13 ਸਤੰਬਰ ਨੂੰ ਮੁਹਾਲੀ ਦੇ ਸੈਕਟਰ-66 ਵਿੱਚ ਸੱਦਿਆ ਅਤੇ ਪੈਸਿਆਂ ਦੀ ਵਸੂਲੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਮੰਗਣ ਦੇ ਹੋਰ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੇ ਫਰਾਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…