
ਪੰਜਾਬ ਪੁਲੀਸ ਦੀ ਇਲਾਕੇ ਵਿੱਚ ਅੱਧੀ ਰਾਤ ਛਾਪੇਮਾਰੀ ਕਾਰਨ ਦਹਿਸ਼ਤ ਦਾ ਮਾਹੌਲ
ਸ਼ਹੀਦੀ ਜੋੜ ਮੇਲ ਦੌਰਾਨ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਣਾ ਮੰਦਭਾਗੀ ਗੱਲ: ਹਰਮੇਸ਼ ਬੜੌਦੀ
ਭੁਪਿੰਦਰ ਸਿੰਗਾਰੀਵਾਲ/ਰਜਨੀਕਾਂਤ ਗਰੋਵਰ, ਨਵਾਂ ਗਰਾਓਂ/ਕੁਰਾਲੀ, 27 ਦਸੰਬਰ:
ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿੱਚ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ ਵਿੱਚ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਜਥੇਦਾਰਾਂ ਦੀ ਆਮਦ ਰੋਕਣ ਲਈ ਪੰਜਾਬ ਪੁਲੀਸ ਵੱਲੋਂ ਦਮਨੀਤੀ ਤਹਿਤ ਇਲਾਕੇ ਵਿੱਚ ਲੰਘੀ ਅੱਧੀ ਰਾਤ ਸਮੇਂ ਤੱਕ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਕਈ ਗਰਮ ਖ਼ਿਆਲੀ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਵੀ ਦਿੱਤਾ।
ਇਸੇ ਦੌਰਾਨ ਕੁਰਾਲੀ ਤੇ ਮਾਜਰੀ ਥਾਣਾ ਦੇ ਪੁਲੀਸ ਕਰਮਚਾਰੀਆਂ ਜਿਥੇ ਅੱਧੀ ਰਾਤ ਵੇਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਹਰਮੇਸ਼ ਸਿੰਘ ਬੜੌਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਥੇ ਕਿਸਾਨ ਆਗੂ ਹਰਿੰਦਰ ਸਿੰਘ ਕੁਬਾਹੇੜੀ ਅਤੇ ਯੂਥ ਕਾਂਗਰਸੀ ਗੁਰਵਿੰਦਰ ਸਿੰਘ ਮੁੰਧੋਂ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਪਰ ਉਹ ਕਿਸੇ ਤਰ੍ਹਾਂ ਪੁਲੀਸ ਦੀ ਗ੍ਰਿਫ਼ਤ ਤੋਂ ਬਚ ਗਏ। ਇਸ ਸਬੰਧੀ ਯੂਥ ਅਕਾਲੀ ਆਗੂ ਗੁਰਵਿੰਦਰ ਸਿੰਘ ਡੂਮਛੇੜੀ, ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ, ਬਲਕਾਰ ਸਿੰਘ ਭੰਗੂ ਅਤੇ ਆਪ ਦੇ ਸੀਨੀਅਰ ਯੂਥ ਆਗੂ ਜਗਦੇਵ ਸਿੰਘ ਮਲੋਆ ਨੇ ਜਾਰੀ ਬਿਆਨ ਰਾਹੀਂ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਪੁਲੀਸ ਨਿਰਦੋਸ ਸਿੱਖਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤੰਗ ਪ੍ਰੇਸ਼ਾਨ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ।
ਉਧਰ, ਹਰਮੇਸ਼ ਬੜੌਦੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਸਗੋਂ ਹਮੇਸ਼ਾਂ ਹੀ ਜਦੋਂ ਸਿੱਖ ਆਗੂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਰਸਤੇ ਵਿੱਚ ਪੁਲੀਸ ਦੀਆਂ ਰੋਕਾਂ ਲਗਾ ਕੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਪੁਲੀਸ ਵੱਲੋਂ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਦੌਰਾਨ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਤੋਂ ਵੀ ਰੋਕਿਆ ਜਾਣ ਲੱਗਾ ਹੈ। ਇਸ ਤੋਂ ਮੰਦਭਾਗੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਹੈ।