ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ

ਮੰਗਲਵਾਰ ਨੂੰ ਸਾਰਾ ਦਿਨ ਹਸਪਤਾਲ ’ਚ ਮੌਜੂਦ ਰਹੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ ਅਤੇ ਮੰਗਲਵਾਰ ਦੇਰ ਸ਼ਾਮ ਨੂੰ ਉਨ੍ਹਾਂ ਦੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਬੁੱਧਵਾਰ ਤੋਂ ਮੈਡੀਕਲ ਆਈਸੀਯੂ ਵਿੱਚ ਦਾਖ਼ਲ ਸਨ। ਉਹ ਦਿਲ ਦੇ ਰੋਗ ਤੋਂ ਪੀੜਤ ਸਨ ਅਤੇ ਕੁੱਝ ਦਿਨਾਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ। ਅੰਤਿਮ ਸਮੇਂ ਵੱਡੇ ਬਾਦਲ ਕੋਲ ਉਨ੍ਹਾਂ ਦੀ ਨੂੰਹ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਮੌਜੂਦ ਸਨ। ਬੀਬੀ ਬਾਦਲ ਅੱਜ ਦਿਨ ਭਰ ਹਸਪਤਾਲ ਵਿੱਚ ਵੱਡੇ ਬਾਦਲ ਕੋਲ ਹੀ ਰਹੇ ਅਤੇ ਡਾਕਟਰਾਂ ਤੋਂ ਪਲ-ਪਲ ਦੀ ਖ਼ਬਰ ਲੈਂਦੇ ਰਹੇ। ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਦੇਰ ਰਾਤ ਤੱਕ ਹਸਪਤਾਲ ਵਿੱਚ ਮੌਜੂਦ ਰਹੇ ਅਤੇ ਡਾਕਟਰਾਂ ਨਾਲ ਗੱਲ ਕਰਕੇ ਵੱਡੇ ਬਾਦਲ ਦੀ ਸਿਹਤ ਅਤੇ ਇਲਾਜ ਪ੍ਰਕਿਰਿਆ ਬਾਰੇ ਡਿਟੇਲ ਵਿੱਚ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਸਮਰੀ ਰਿਪੋਰਟ ਵੀ ਚੈੱਕ ਕੀਤੀ ਸੀ। ਅੱਜ ਦਿਨ ਵਿੱਚ ਬਾਦਲ ਹੂਰਾਂ ਦੀ ਹਾਲਤ ਪਹਿਲਾਂ ਨਾਲੋਂ ਕੁੱਝ ਬਿਹਤਰ ਦੱਸੀ ਜਾ ਰਹੀ ਸੀ ਅਤੇ ਡਾਕਟਰਾਂ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਦੇਰ ਸ਼ਾਮ ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ।
ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਬਾਦਲ ਪਰਿਵਾਰ ਵੱਲੋਂ ਪਿਛਲੇ ਐਤਵਾਰ ਉਨ੍ਹਾਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪ੍ਰਾਈਵੇਟ ਵਾਰਡ ਵਿੱਚ ਦਾਖ਼ਲ ਕਰ ਲਿਆ ਸੀ। ਜਿੱਥੇ ਇਲਾਜ ਦੌਰਾਨ ਬੀਤੇ ਬੁੱਧਵਾਰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਵਾਰਡ ’ਚੋਂ ਤੁਰੰਤ ਮੈਡੀਕਲ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਉਤਾਰ ਚੜਾ ਆਉਂਦੇ ਰਹੇ।
ਹਾਲਾਂਕਿ ਬੀਤੇ ਦਿਨੀਂ ਵੱਡੇ ਬਾਦਲ ਦੀ ਸਿਹਤ ਵਿੱਚ ਸੁਧਾਰ ਆਉਣ ਅਤੇ ਐਤਵਾਰ ਨੂੰ ਉਨ੍ਹਾਂ (ਬਾਦਲ) ਨੂੰ ਆਈਸੀਯੂ ’ਚੋਂ ਦੁਬਾਰਾ ਪ੍ਰਾਈਵੇਟ ਵਾਰਡ ਵਿੱਚ ਸ਼ਿਫ਼ਟ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਅਗਲੇ ਇੱਕ ਦੋ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਸਕਦੀ ਹੈ, ਪ੍ਰੰਤੂ ਅੱਜ ਉਹ ਬਿਮਾਰੀ ਨਾਲ ਲੜਦਿਆਂ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ। ਬਾਦਲ ਦੀ ਮੌਤ ਦੀ ਖ਼ਬਰ ਵਿਸ਼ਵ ਭਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਲਈ ਅਤੇ ਨੈਸ਼ਨਲ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਸੋਕ ਸੁਨੇਹੇ ਆਉਣੇ ਸ਼ੁਰੂ ਹੋ ਗਏ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਵੱਡੇ ਬਾਦਲ ਹੂਰਾਂ ਸਖ਼ਤ ਬਿਮਾਰ ਹੋ ਗਏ ਸਨ। ਜਨਵਰੀ ਮਹੀਨੇ ਉਹ ਰੁਟੀਨ ਚੈੱਕਅਪ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਗਏ ਸਨ। ਜਿੱਥੇ ਉਨ੍ਹਾਂ ਦੀ ਕੋਵਿਡ ਟੈੱਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਅਤੇ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਰਹਿਣਾ ਪਿਆ ਸੀ। ਹਾਲਾਂਕਿ ਬਿਹਤਰ ਇਲਾਜ ਤੋਂ ਬਾਅਦ ਉਹ ਇਸ ਬਿਮਾਰੀ ਤੋਂ ਉੱਭਰ ਗਏ ਸਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਮੁੜ ਵਰਕਰਾਂ ਨੂੰ ਮਿਲਣਾ ਅਤੇ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ ਕਰੀਬ ਸਵਾ ਸਾਲ ਬਾਅਦ ਹੁਣ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਜਿਸ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਦੀ ਸਰਪੰਚੀ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਅਤੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਵੱਡੇ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ। ਉਹ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ। ਉਹ ਲੋਕਾਂ ਵਿੱਚ ਕਾਫ਼ੀ ਹਰਮਨ ਪਿਆਰੇ ਆਗੂ ਵਜੋਂ ਜਾਣੇ ਜਾਂਦੇ ਸਨ। ਅਕਾਲੀ ਦਲ ਦੀ ਸਰਕਾਰ ਦੌਰਾਨ ਉਨ੍ਹਾਂ ਨੇ ਸੰਗਤ ਦਰਸ਼ਨ ਪ੍ਰੋਗਰਾਮ ਉਲੀਕ ਕੇ ਨਵੀਂ ਪਿਰਤ ਪਾਈ ਸੀ। ਉਹ ਬਹੁਤ ਨੇੜੇ ਤੋਂ ਆਪਣੇ ਵਰਕਰਾਂ ਨੂੰ ਮਿਲਦੇ ਸਨ ਅਤੇ ਮੁੱਖ ਮੰਤਰੀ ਹੁੰਦਿਆਂ ਵੀ ਉਹ ਕਦੇ ਕਿਸੇ ਅਧਿਕਾਰੀ ਜਾਂ ਪਾਰਟੀ ਆਗੂ ਤੇ ਵਰਕਰ ਨੂੰ ਉੱਚੀ ਆਵਾਜ਼ ਵਿੱਚ ਨਹੀਂ ਬੋਲੇ।

ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਫੋਨ ’ਤੇ ਗੱਲਬਾਤ ਕਰਕੇ ਵੱਡੇ ਬਾਦਲ ਦਾ ਹਾਲ ਚਾਲ ਪੁੱਛਿਆ ਸੀ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਸੀ। ਅਕਾਲੀ ਦਲ, ਲੰਬਾ ਸਮਾਂ ਭਾਜਪਾ ਦਾ ਭਾਈਵਾਲ ਰਿਹਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਤੋਂ ਲੈ ਕੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਾਦਲ ਪਰਿਵਾਰ ਦੇ ਚੰਗੇ ਸਬੰਧ ਰਹੇ ਹਨ ਪ੍ਰੰਤੂ ਪਿੱਛੇ ਜਿਹੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ ਲੇਕਿਨ ਇਸ ਦੇ ਬਾਵਜੂਦ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅੱਜ ਵੀ ਵੱਡੇ ਬਾਦਲ ਨੂੰ ਪੂਰਾ ਸਤਿਕਾਰ ਦਿੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…