
ਪੰਜਾਬ ਵੱਲੋਂ ਨੌਜਵਾਨ ਐਨ.ਆਰ.ਆਈਜ਼ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਸਕੀਮ ਦਾ ਪ੍ਰਸਤਾਵ
ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਨਿਵੇਕਲਾ ਪ੍ਰੋਗਰਾਮ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਤੋਂ ਸਮਰਥਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 11 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿਚ ਵਸੇ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਦੇ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ (ਸੀ.ਵਾਈ.ਆਰ) ਪ੍ਰੋਗਰਾਮ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਤੋਂ ਸਮਰਥਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਮੰਗਲਵਾਰ ਨੂੰ ਇੱਕ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਇਸ ਪ੍ਰਸਤਾਵਿਤ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਇੰਗਲੈਂਡ, ਜਰਮਨੀ, ਫਰਾਂਸ, ਇਟਲੀ, ਕੈਨੇਡਾ ਦੇ ਪੂਰਬੀ ਅਤੇ ਪੱਛਮੀ ਦੇ ਤੱਟਾਂ, ਅਮਰੀਕਾ ਦੇ ਪੂਰਬੀ ਅਤੇ ਪੱਛਮੀ ਦੇ ਤੱਟਾਂ ਵਰਗੇ ਦੇਸ਼ਾਂ ਤੋਂ ਇਨ੍ਹਾਂ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ ਜਿੱਥੇ ਪੰਜਾਬੀ ਐਨ.ਆਰ.ਆਈਜ਼ ਦੀ ਵੱਡੀ ਤਾਦਾਦ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਹੇਠ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਵਸੇ ਨੌਜਵਾਨਾਂ ਨੂੰ ਉਨ੍ਹਾਂ ਥਾਵਾਂ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਸਬੰਧਤ ਹਨ ਜਾਂ ਉਨ੍ਹਾਂ ਦੇ ਦਾਦਾ-ਦਾਦੀ, ਨਾਨਾ-ਨਾਨੀ ਦਾ ਜਨਮ ਹੋਇਆ ਸੀ ਜਾਂ ਉਨ੍ਹਾਂ ਨੇ ਖੁਦ ਆਪਣੇ ਜੀਵਨ ਦੇ ਮੁਢਲੇ ਸਾਲ ਗੁਜ਼ਾਰੇ ਹਨ। ਇਹ ਪ੍ਰਸਤਾਵਿਤ ਸਕੀਮ 16 ਤੋਂ 22 ਸਾਲ ਦੀ ਉਮਰ ਵਾਲੇ ਨੌਜਵਾਨ ਲੜਕੇ-ਲੜਕੀਆਂ ਲਈ ਸ਼ੁਰੂ ਕੀਤੀ ਜਾ ਸਕੇਗੀ। ਉਨ੍ਹਾਂ ਸੁਝਾਅ ਦਿੱਤਾ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਮੁੜ ਜੁੜਣ ਲਈ ਮੰਚ ਮੁਹੱਈਆ ਕਰਵਾਏਗਾ। ਇਸ ਦੇ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਪਿਛੋਕੜ ਅਤੇ ਸੱਭਿਆਚਾਰ ਬਾਰੇ ਵੀ ਸਿੱਖਣ ਦਾ ਮੌਕਾ ਮਿਲੇਗਾ ਜਿਸ ਨਾਲ ਉਹ ਸਬੰਧਤ ਹਨ। ਇਸ ਦੇ ਨਾਲ ਉਨ੍ਹਾਂ ਦੀਆਂ ਆਪਣੇ ਦੇਸ਼ ਦੀਆਂ ਜੜ੍ਹਾਂ ਨਾਲ ਭਾਵੁਕ ਤੰਦਾਂ ਵੀ ਮਜ਼ਬੂਤ ਹੋਣਗੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿਚ ਵਸੇ ਭਾਰਤੀ ਮੂਲ ਦੇ ਨੌਜਵਾਨਾਂ ਵਿਚ ਆਪਣੇ ਜੱਦੀ ਘਰਾਂ ਬਾਰੇ ਜਾਣਨ ਲਈ ਬਹੁਤ ਜ਼ਿਆਦਾ ਉਕਸੁਕਤਾ ਹੈ।
ਤਿੰਨ ਦਿਨਾਂ ਦੇ ਲਈ ਪਿੰਡ ਵਿਚ ਠਹਿਰਾਅ ਤੋਂ ਇਲਾਵਾ ਇਸ ਸਕੀਮ ਦੇ ਹੇਠ ਜੱਲ੍ਹਿਆਂਵਾਲਾ ਬਾਗ, ਵਾਗਾਹ ਬਾਰਡਰ, ਸ਼ਹੀਦ ਭਗਤ ਸਿੰਘ ਯਾਦਗਾਰ, ਖਾਲਸਾ ਵਿਰਾਸਤੀ ਯਾਦਗਾਰ ਅਤੇ ਹੋਰਨਾਂ ਇਤਿਹਾਸਕ, ਸੱਭਿਆਚਾਰਕ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਦੇ ਦੌਰੇ ਨੂੰ ਵੀ ਲਿਆਂਦਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਐਨ.ਆਰ.ਆਈਜ਼ ਜਾਂ ਪੰਜਾਬੀ ਮੂਲ ਦੇ ਲੋਕਾਂ ਲਈ ‘ਫਰੈਂਡਜ਼ ਆਫ ਪੰਜਾਬ’ ਸਕੀਮ ਸ਼ੁਰੂ ਕੀਤੀ ਹੈ ਜਿਸ ਦੇ ਹੇਠ ਉਹ ਸੂਬੇ ਦੇ ਵਿਕਾਸ ਅਤੇ ਵਾਧੇ ਵਿਚ ਸ਼ਮੂਲੀਅਤ ਕਰਨਗੇ। ਇਹ ਨਵਾਂ ਪ੍ਰੋਗਰਾਮ ਨੌਜਵਾਨਾਂ ਵਿਚ ਐਨ.ਆਰ.ਆਈ ਸਰਗਰਮੀਆਂ ਨੂੰ ਵਧਾਏਗਾ ਜੋ ਕਿ ਸੂਬੇ ਦੇ ਪ੍ਰੋਗਰਾਮ ਦਾ ਅਹਿਮ ਵਸੀਲਾ ਹੋ ਸਕਦੇ ਹਨ।