Share on Facebook Share on Twitter Share on Google+ Share on Pinterest Share on Linkedin ਪੰਜਾਬ ਸੈਣੀ ਕਲਚਰਲ ਵੈਲਫੇਅਰ ਸੁਸਾਇਟੀ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਇਕਬਾਲ ਸਿੰਘ ਲਾਲਪੁਰਾ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਉਣਾ ਸਮਾਜ ਲਈ ਵੱਡੀ ਪ੍ਰਾਪਤੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ: ਪੰਜਾਬ ਸੈਣੀ ਕਲਚਰਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਪੰਜਾਬ ਦੀਆਂ ਵਿਧਾਨ ਸਭਾ 2022 ਚੋਣਾਂ ਵਿਚ ਭਾਜਪਾ ਦੀ ਹਮਾਇਤ ਦਾ ਐਲਾਨ ਕੀਤਾ ਹੈ। ਅੱਜ ਮੁਹਾਲੀ ਪ੍ਰੈੱਸ ਕਲੱਬ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਹਰਭਾਗ ਸਿੰਘ ਸੈਣੀ ਦੇਸੂਮਾਜਰਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਭਾਜਪਾ ਵੱਲੋਂ ਪੰਜਾਬ ਪੱਖੀ ਚੁੱਕੇ ਕਦਮਾਂ ਕਾਰਨ ਸੈਣੀ ਸਮਾਜ ਨੇ ਆਗਾਮੀ ਚੋਣਾਂ ਵਿਚ ਹਮਾਇਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੈਣੀ ਸਮਾਜ ’ਚੋਂ ਇਕਬਾਲ ਸਿੰਘ ਲਾਲਪੁਰਾ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਉਣਾ ਸਮਾਜ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਲਾਂਘਾ ਖੋਲਣਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਵਾਨ ਕਰਦਿਆਂ 26 ਦਸੰਬਰ ਨੂੰ ਕੌਮੀ ਪੱਧਰ ਉੱਤੇ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕਰਨਾ, ਦਿੱਲੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦੇਣਾ ਅਤੇ ਸੈਣੀ ਸਮਾਜ ਦੇ ਮਹੱਤਵਪੂਰਨ ਆਗੂਆਂ ਨੂੰ ਟਿਕਟਾਂ ਦੇ ਕੇ ਨਿਵਾਜ਼ਣ ਦੀ ਗੱਲ ਵੀ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਪਹਿਲਾਂ ਦਰਜਨ ਦੇ ਕਰੀਬ ਵਿਧਾਇਕ ਸੈਣੀ ਸਮਾਜ ਵਿਚੋਂ ਬਣਦੇ ਰਹੇ ਹਨ, ਪਰ ਪਿਛਲੇ ਸਮੇਂ ਵਿਚ ਸਾਰੀਆਂ ਰਾਜਸੀ ਪਾਰਟੀਆਂ ਨੇ ਸੈਣੀ ਬਰਾਦਰੀ ਨੂੰ ਅਣਗੌਲਿਆਂ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੈਣੀ ਸਮਾਜ 31 ਹਲਕਿਆਂ ਵਿਚ ਵਿਧਾਇਕ ਦੀ ਜਿੱਤ-ਹਾਰ ਦਾ ਫੈਸਲਾ ਕਰਦੀ ਹੈ ਜਦਕਿ 10 ਹਲਕੇ ਅਜਿਹੇ ਹਨ ਜਿਥੇ ਸੈਣੀ ਸਮਾਜ ਵਿਧਾਇਕ ਬਣਾਉਣ ਦੀ ਸਮਰਥਾ ਰੱਖਦਾ ਹੈ। ਪੱਤਰਕਾਰਾਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਨਾ ਰਲਣ ਦੀ ਗੱਲ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਇਕ ਕੌਮੀ ਪਾਰਟੀ ਹੈ ਅਤੇ ਪੰਜਾਬ ਬੁਰੀ ਤਰਾਂ ਕਰਜ਼ੇ ਵਿੱਚ ਫਸਿਆ ਹੋਇਆ ਹੈ। ਇਸ ਲਈ ਪੰਜਾਬ ਨੂੰ ਕਰਜ਼ੇ ’ਚੋਂ ਕੱਢਣ ਅਤੇ ਬਹੁਪੱਖੀ ਵਿਕਾਸ ਕਰਨ ਲਈ ਕੇਂਦਰ ਨਾਲ ਰਾਬਤਾ ਕਰਨਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀ ਮੰਗ ਵੀ ਮੰਨ ਲਈ ਹੈ ਅਤੇ ਦੇਰੀ ਲਈ ਮੁਆਫ਼ੀ ਵੀ ਮੰਗੀ ਹੈ। ਪ੍ਰਧਾਨ ਮੰਤਰੀ ਵੱਲੋਂ ਚੁੱਕਿਆ ਇਹ ਕਦਮ ਇਕ ਵੱਡਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਪਾਰਟੀਆਂ ਨਾਲ ਵੀ ਗੱਠਜੋੜ ਹੈ ਅਤੇ ਭਾਜਪਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਛੇਤੀ ਹੀ ਕੋਈ ਕਦਮ ਚੁੱਕਣ ਦੀ ਸੰਭਾਵਨਾ ਹੈ। ਉਪਰੋਕਤ ਸਾਰੀਆਂ ਪੰਜਾਬ ਪੱਖੀ ਗੱਲਾਂ ਨੂੰ ਦੇਖਦਿਆਂ ਸੈਣੀ ਸਮਾਜ ਨੇ ਇਸ ਵਾਰ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਸੈਣੀ ਯੂਥ ਫਾਊਂਡੇਸ਼ਨ ਰਾਸ਼ਟਰੀ ਅਤੇ ਜ਼ਿਲ੍ਹਾ ਸੰਗਰੂਰ ਪ੍ਰਧਾਨ ਜੈਪਾਲ ਸੈਣੀ, ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸੈਣੀ, ਜਨਰਲ ਸਕੱਤਰ ਸੁਰਜੀਤ ਸਿੰਘ ਸੈਣੀ, ਸੰਗਠਨ ਸਕੱਤਰ ਬਲਵੀਰ ਸਿੰਘ ਸੈਣੀ, ਸਕੱਤਰ ਦੀਦਾਰ ਸਿੰਘ ਸੈਣੀ, ਪ੍ਰੈਸ ਸਕੱਤਰ ਅਮਰਦੀਪ ਸਿੰਘ ਸੈਣੀ, ਸਲਾਹਕਾਰ ਗੁਰਮੇਲ ਸਿੰਘ, ਸਕੱਤਰ ਗਿਆਨ ਚੰਦ ਸੈਣੀ, ਮੈਂਬਰ ਐਗਜ਼ੈਕਟਿਵ ਪ੍ਰਦੀਪ ਕੁਮਾਰ ਸੈਣੀ ਅਤੇ ਮੈਂਬਰ ਕਰਮ ਚੰਦ ਸੈਣੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ