
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਸਿਰਫ਼ ਇੱਕ ਦਿਨ ਦਾ ਅਲਟੀਮੇਟਮ, ਹੜਤਾਲ ’ਤੇ ਜਾਣ ਦਾ ਐਲਾਨ
ਐਰੋਸਿਟੀ, ਆਈਟੀ ਸਿਟੀ ਤੇ ਪੂਰੇ ਸ਼ਹਿਰ ’ਚੋਂ ਘਰ-ਘਰ ਤੋਂ ਕੂੜਾ ਚੁੱਕਣਾ ਬੰਦ ਕਰਨ ਦੀ ਚਿਤਾਵਨੀ
ਨਬਜ਼-ਏ-ਪੰਜਾਬ, ਮੁਹਾਲੀ, 21 ਅਪਰੈਲ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਅੱਜ ਇੱਥੇ ਮਿਉਂਸਪਲ ਭਵਨ ਸੈਕਟਰ-68 ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਰਾਜਨ ਚਾਵਰੀਆ, ਬ੍ਰਿਜ ਮੋਹਨ, ਰਜਿੰਦਰ ਬਾਗੜੀ, ਰਾਜੂ ਸੰਗੇਲਿਆ, ਸਚਿਨ ਕੁਮਾਰ, ਰੋਸ਼ਨ ਲਾਲ ਅਤੇ ਜ਼ੀਰਕਪੁਰ ਤੋਂ ਜੈ ਸਿੰਘ, ਸ਼ਮਸ਼ੇਰ ਸਿੰਘ, ਨਵਾਂ ਗਰਾਓਂ ਤੋਂ ਸੁਖਵੀਰ ਸਿੰਘ, ਤੀਰਥਪਾਲ, ਖਰੜ ਤੋਂ ਬਿੰਦਰ ਸਿੰਘ, ਬਲਕੇਸ਼ ਕੁਮਾਰ ਅਤੇ ਹੋਰ ਕਈ ਆਗੂ ਸ਼ਾਮਲ ਹੋਏ।
ਪਿਛਲੇ ਦਿਨੀਂ ਆਈਟੀ ਸਿਟੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕੁਟੇਸ਼ਨਾਂ ਲੈ ਕੇ ਕਿਸੇ ਹੋਰ ਬੰਦੇ ਨੂੰ ਘਰ-ਘਰ ਤੋਂ ਕੂੜਾ ਚੁੱਕਣ ਦਾ ਠੇਕਾ ਦੇਣ ਦੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਸਫ਼ਾਈ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਨ ਅਤੇ ਉਨ੍ਹਾਂ ਤੋਂ ਰੁਜ਼ਗਾਰ ਖੋਹਣ ਦਾ ਦੋਸ਼ ਲਾਇਆ। ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਬੀਤੀ 8 ਅਪਰੈਲ ਨੂੰ ਫੈਡਰੇਸ਼ਨ ਵੱਲੋਂ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਘਰਾਂ ਅੱਗੇ ਕੂੜਾ ਸੁੱਟ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਉਸ ਦਿਨ ਆਈਟੀ ਸਿਟੀ ਥਾਣਾ ਦੇ ਐਸਐਚਓ ਵੱਲੋਂ ਫ਼ੈਸਲਾ ਕਰਵਾਇਆ ਗਿਆ ਸੀ ਕਿ ਕਿਸੇ ਬਾਹਰਲੇ ਬੰਦੇ ਨੂੰ ਠੇਕਾ ਨਹੀਂ ਦਿੱਤਾ ਜਾਵੇਗਾ ਪਰ ਇਸ ਤੋਂ ਅੱਗੇ ਗੱਲ ਨਹੀਂ ਤੁਰੀ।
ਹੁਣ ਇਹ ਫਾਈਲ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਟੇਬਲ ’ਤੇ ਪਈ ਹੈ। ਸਫ਼ਾਈ ਸੇਵਕਾਂ ਨੇ ਇੱਕ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਮੰਗਲਵਾਰ 22 ਅਪਰੈਲ ਤੱਕ ਉਨ੍ਹਾਂ ਦੀ ਮੰਗ ਦਾ ਨਿਪਟਾਰਾ ਨਹੀਂ ਕੀਤਾ ਗਿਆ ਅਤੇ ਨਵੇਂ ਠੇਕੇਦਾਰ ਦੀ ਐਂਟਰੀ ਬੰਦ ਨਹੀਂ ਕਰਵਾਈ ਗਈ ਤਾਂ ਜਥੇਬੰਦੀ ਮੁੜ ਸੰਘਰਸ਼ ਵਿੱਢੇਗੀ ਅਤੇ ਸਫ਼ਾਈ ਸੇਵਕਾਂ ਵੱਲੋਂ 25 ਅਪਰੈਲ ਤੋਂ ਐਰੋਸਿਟੀ, ਆਈਟੀ ਸਿਟੀ ਸਮੇਤ ਪੂਰੇ ਸ਼ਹਿਰ ਵਿੱਚ ਘਰ-ਘਰ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਜਾਵੇਗਾ। ਇਸ ਦੌਰਾਨ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਵਾਧਵਾ, ਮੈਂਬਰ ਮਨਪ੍ਰੀਤ ਸਿੰਘ ਸਿੱਧੂ, ਐਕਸੀਅਨ ਯੋਗੇਸ਼ ਮੋਹਨ ਅਤੇ ਅਸਿਸਟੈਂਟ ਕਮਿਸ਼ਨਰ ਕਾਲੀਚਰਨ ਦੇ ਘਰਾਂ ਮੂਹਰੇ ਅਤੇ ਐੱਸਐੱਸਪੀ ਦਫ਼ਤਰ ਦੇ ਅੱਗੇ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਉਕਤ ਵਿਅਕਤੀ ਜ਼ਿੰਮੇਵਾਰ ਹੋਣਗੇ।