Nabaz-e-punjab.com

ਜਲੰਧਰ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਐਨਸੀਆਰਟੀ ਦੀਆਂ ਜਾਅਲੀ ਪਾਠ-ਪੁਸਤਕਾਂ ਦਾ ਜ਼ਖ਼ੀਰਾ ਬਰਾਮਦ

ਤਰੁਣ ਬੁੱਕ ਬਾਈਡਿੰਗ ਹਾਊਸ ਜਲੰਧਰ ਸਿੱਖਿਆ ਬੋਰਡ ਦੇ ਪ੍ਰਿੰਟਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ: ਸਕੱਤਰ

ਸਿੱਖਿਆ ਬੋਰਡ ਦੇ ਅਧਿਕਾਰੀ ਜਾਂ ਪ੍ਰਿੰਟਰਾਂ ਦੀ ਭੂਮਿਕਾ ਸਾਹਮਣੇ ਆਉਣ ’ਤੇ ਹੋਵੇਗੀ ਸਖ਼ਤ ਕਾਰਵਾਈ: ਗੋਇਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਐਨਸੀਆਰਟੀ ਦੀਆਂ ਜਾਅਲੀ ਪਾਠ-ਪੁਸਤਕਾਂ ਦਾ ਜਲੰਧਰ ਵਿੱਚ ਵੱਡਾ ਜ਼ਖ਼ੀਰਾ ਬਰਾਮਦ ਹੋਣ ਦੇ ਮਾਮਲੇ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ)-ਕਮ-ਸਕੂਲ ਬੋਰਡ ਦੇ ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ ਨੇ ਸਪੱਸ਼ਟ ਆਖਿਆ ਕਿ ਜੇਕਰ ਇਸ ਸਬੰਧੀ ਸਿੱਖਿਆ ਬੋਰਡ ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਅਤੇ ਪਿੰ੍ਰਟਰ ਦੀ ਭੂਮਿਕਾ ਸਾਹਮਣੇ ਆਈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੱਜ ਇੱਥੇ ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਸਿੱਖਿਆ ਬੋਰਡ ਦੇ ਅਧਿਕਾਰੀਆਂ ਵੱਲੋਂ ਜਲੰਧਰ ਪੁਲੀਸ ਦੀ ਮਦਦ ਨਾਲ ਬੀਤੀ 17 ਨਵੰਬਰ ਪੰਜਾਬ ਬੋਰਡ ਅਤੇ ਦਿੱਲੀ ਸਥਿਤ ਨੈਸ਼ਨਲ ਕੌਂਸਲ ਫਾਰ ਐਜੂਕੇਸ਼ਨ ਰਿਸਚਰਜ ਐਂਡ ਟਰੇਨਿੰਗ (ਐਨਸੀਈਆਰਟੀ) ਦੀਆਂ ਜਾਅਲੀ ਪਾਠ-ਪੁਸਤਕਾਂ ਦਾ ਜ਼ਖ਼ੀਰਾ ਬਲਦੇਵ ਨਗਰ ਜਲੰਧਰ ਸਥਿਤ ਤਰੁਣ ਬੁੱਕ ਬਾਈਡਰ ਦੀ ਵਰਕਸ਼ਾਪ ’ਚੋਂ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਤਰੁਣ ਬੁੱਕ ਬਾਈਡਿੰਗ ਹਾਊਸ ਬੋਰਡ ਦੇ ਪ੍ਰਿੰਟਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਿੰਟਰ ਵੱਲੋਂ ਛਾਪੀਆਂ ਜਾ ਰਹੀਆਂ ਕਿਤਾਬਾਂ ਅਗਲੇ ਵਿੱਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਵੇਚੀਆਂ ਜਾਣੀਆਂ ਸਨ।
ਸਕੱਤਰ ਨੇ ਇਸ ਗੱਲੋਂ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਇਹ ਪ੍ਰਿੰਟਰ ਬੋਰਡ ਕੋਲ ਰਜਿਸਟਰ ਹੀ ਨਹੀਂ ਹੈ ਤਾਂ ਫਿਰ ਉਸ ਕੋਲ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ (ਪਾਠ ਪੁਸਤਕਾਂ) ਦਾ ਮੈਂਟਰ ਕਿੱਥੋਂ ਆਇਆ। ਉਨ੍ਹਾਂ ਦੱਸਿਆ ਕਿ ਜਲੰਧਰ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਪੁਲੀਸ ਨੂੰ ਜਾਂਚ ਵਿੱਚ ਜੋ ਵੀ ਰਿਕਾਰਡ ਲੋੜੀਂਦਾ ਹੋਵੇਗਾ, ਉਹ ਮੁਹੱਈਆ ਕਰਵਾਇਆ ਜਾਵੇਗਾ ਅਤੇ ਮਾਮਲੇ ਦੀ ਤੈਅ ਤੱਕ ਜਾਣ ਲਈ ਜਾਂਚ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਂਜ ਅਧਿਕਾਰੀ ਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਉਕਤ ਪ੍ਰਿੰਟਰ ਨੂੰ ਕਿਤਾਬਾਂ ਦਾ ਮਟੀਰੀਅਲ ਬੋਰਡ ਦੇ ਕਿਸੇ ਅਧਿਕਾਰੀ ਅਤੇ ਛੋਟੇ ਮੁਲਾਜ਼ਮ ਜਾਂ ਜਿਹੜੀਆਂ ਪ੍ਰਿੰਟਿੰਗ ਪ੍ਰੈੱਸਾਂ ਨੂੰ ਪਹਿਲਾਂ ਬੋਰਡ ਵੱਲੋਂ ਇਹ ਕੰਮ ਸੌਂਪਿਆਂ ਜਾਂਦਾ ਰਿਹਾ ਹੈ। ਕਿਤੇ ਉਧਰੋਂ ਤਾਂ ਸਪਲਾਈ ਨਹੀਂ ਹੋਇਆ ਹੈ? ਉਨ੍ਹਾਂ ਸਾਫ਼ ਆਖਿਆ ਕਿ ਜੇਕਰ ਇਸ ਮਾਮਲੇ ਵਿੱਚ ਬੋਰਡ ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਅਤੇ ਅਧਿਕਾਰਤ ਪ੍ਰਿੰਟਰ ਦੀ ਭੂਮਿਕਾ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀਆਂ ਜਾਅਲੀ ਪਾਠ-ਪੁਸਤਕਾਂ ਵਿੱਚ ਸਿੱਖਿਆ ਬੋਰਡ ਦੀਆਂ ਜਮਾਤ 9ਵੀਂ ਅਤੇ 10ਵੀਂ ਦੀ ਇੱਕ ਹੋਰ ਨਵਾਂ ਸਾਲ, ਜਮਾਤ 9ਵੀਂ ਦੀ ਸਮਾਜਿਕ ਸਿੱਖਿਆ (ਅੰਗਰੇਜ਼ੀ) ਭਾਗ-1 ਅਤੇ ਭਾਗ-2, ਜਮਾਤ 9ਵੀਂ ਅਤੇ 10ਵੀਂ ਦੀ ਸਾਹਿਤ ਮਾਲਾ, ਜਮਾਤ 9ਵੀਂ ਅਤੇ 10ਵੀਂ ਦੀ ਵੰਨਗੀ ਸ਼ਾਮਲ ਹਨ। ਇਨ੍ਹਾਂ ਪਾਠ-ਪੁਸਤਕਾਂ ਦੀ ਛਪਾਈ ਦਾ ਠੇਕਾ ਬੋਰਡ ਵੱਲੋਂ ਪਿਛਲੇ ਸਾਲਾਂ ਦੌਰਾਨ ਜਲੰਧਰ ਦੇ ਕਾਸਮਿਕ ਪ੍ਰਿੰਟਰ, ਮਨੂਜਾ ਪ੍ਰਿੰਟਰ, ਤਾਨੀਆ ਪ੍ਰਿੰਟਰ ਅਤੇ ਨੋਵਾ ਪਬਲੀਕੇਸ਼ਨ ਨੂੰ ਦਿੱਤਾ ਗਿਆ ਸੀ, ਲੇਕਿਨ ਹੁਣ ਇਨ੍ਹਾਂ ਪ੍ਰੈੱਸਾਂ ਦੇ ਠੇਕੇ ਦੀ ਮਿਆਦ ਪੁੱਗ ਚੁੱਕੀ ਹੈ। ਬੋਰਡ ਵੱਲੋਂ ਹਰ ਸਾਲ ਕਿਤਾਬਾਂ ਦੀ ਛਪਾਈ ਲਈ ਟੈਂਡਰ ਪ੍ਰਕਿਰਿਆ ਅਪਨਾਈ ਜਾਂਦੀ ਹੈ ਅਤੇ ਸਬੰਧਤ ਪ੍ਰਿੰਟਰਾਂ ਨੂੰ ਕਾਗਜ਼ ਮੁਹੱਈਆ ਕਰਵਾ ਕੇ ਕਿਤਾਬਾਂ ਦੀ ਛਪਾਈ ਦਾ ਠੇਕਾ ਦਿੱਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…