Nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ ਤੇ ਦਸਵੀਂ ਦਾ ਨਤੀਜਾ ਐਲਾਨਿਆ

ਓਪਨ ਸਕੂਲ, ਸੁਨਹਿਰੀ ਮੌਕੇ, ਕਾਰਗੁਜ਼ਾਰੀ ਸੁਧਾਰ ਤੇ ਵਾਧੂ ਵਿਸ਼ਿਆਂ ਵਾਲੇ ਬੱਚਿਆਂ ਲਏ ਪੇਪਰ ਜਾਣਗੇ: ਸਿੰਗਲਾ

ਬਾਰ੍ਹਵੀਂ ਦੇ ਬਾਕੀ ਰਹਿੰਦੇ ਵਿਸ਼ਿਆਂ ਦੀ ਮੁੜ ਲਈ ਜਾਵੇਗੀ ਪ੍ਰੀਖਿਆ, ਛੇਤੀ ਜਾਰੀ ਕੀਤੀ ਜਾਵੇਗੀ ਡੇਟਸ਼ੀਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਸ਼ਾਮ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਹੁਣ ਤੱਕ ਇਤਿਹਾਸ ਵਿੱਚ ਇਹ ਪਹਿਲਾਂ ਮੌਕਾ ਜਦੋਂ ਦਸਵੀਂ ਜਮਾਤ ਦਾ ਨਤੀਜਾ ਮੈਰਿਟ ਸੂਚੀ ਤੋਂ ਬਿਨਾਂ ਐਲਾਨਿਆ ਹੋਵੇ। ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ\ਲੌਕਡਾਊਨ ਕਾਰਨ ਐਤਕੀਂ ਸਹੀ ਤਰੀਕੇ ਨਾਲ ਵਿਦਿਆਰਥੀਆਂ ਦੇ ਸਾਰੇ ਵਿਸ਼ਿਆਂ ਦੇ ਪੇਪਰ ਨਹੀਂ ਲਏ ਜਾ ਸਕੇ ਹਨ। ਇਹ ਨਤੀਜੇ ਵਿਦਿਆਰਥੀਆਂ ਦੇ ਗਰੇਡਿੰਗ ਦੇ ਆਧਾਰ ’ਤੇ ਐਲਾਨੇ ਗਏ ਹਨ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਉਕਤ ਜਮਾਤਾਂ ਦੇ ਨਤੀਜੇ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ’ਤੇ ਉਪਲਬਧ ਕਰਵਾਏ ਗਏ ਹਨ। ਇਹ ਨਤੀਜੇ ਸਿਰਫ਼ ਰੈਗੂਲਰ/ਰਜਿਸਟਰਡ ਵਿਦਿਆਰਥੀਆਂ ਦੀ ਕੰਟੀਨਿਊਸ ਕੰਪਰੀਹੈਂਸਿਵ ਇਵੈਲਿਊਏਸ਼ਨ (ਸੀਸੀਈ) ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਓਪਨ ਸਕੂਲ, ਸੁਨਹਿਰੀ ਮੌਕੇ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਿਆਂ ਵਾਲੇ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਦੇ ਪੇਪਰ ਜਲਦ ਲਏ ਜਾਣਗੇ ਕਿਉਂਕਿ ਉਨ੍ਹਾਂ ਦੇ ਮੁਲਾਂਕਣ ਲਈ ਸੀਸੀਈ ਦੀ ਵਿਵਸਥਾ ਨਹੀਂ ਹੁੰਦੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਓਪਨ ਸਕੂਲ, ਸੁਨਹਿਰੀ ਮੌਕੇ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਿਆਂ ਦੇ ਵਿਦਿਆਰਥੀਆਂ ਦੀਆਂ ਬਾਅਦ ਵਿੱਚ ਪ੍ਰੀਖਿਆਵਾਂ ਲਈਆਂ ਜਾਣਗੀਆਂ ਅਤੇ ਇਸ ਸਬੰਧੀ ਸੂਬੇ ਦੇ ਹਾਲਾਤ ਆਮ ਵਾਂਗ ਹੋਣ ’ਤੇ ਡੇਟਸ਼ੀਟ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਮਾਹੌਲ ਸੁਖਾਵਾਂ ਹੋਣ ’ਤੇ ਹੀ ਇਨ੍ਹਾਂ ਅਤੇ ਬਾਰ੍ਹਵੀਂ ਜਮਾਤ ਦੇ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ ਅਤੇ ਜਲਦੀ ਹੀ ਡੇਟਸ਼ੀਟ ਜਾਰੀ ਕੀਤੀ ਜਾਵੇਗੀ। ਸਿੰਗਲਾ ਨੇ ਦੱਸਿਆ ਕਿ ਇਹ ਨਤੀਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦਸ਼ਾਂ ਦੀ ਲੋਅ ਵਿੱਚ ਐਲਾਨੇ ਗਏ ਹਨ।ਇਸ ਸਬੰਧੀ ਕੁਝ ਦਿਨ ਪਹਿਲਾਂ ਹੀ ਪੰਜਾਬ ਕੈਬਨਿਟ ਵੱਲੋਂ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਨਤੀਜੇ ਪ੍ਰੀ ਬੋਰਡ ਪ੍ਰੀਖਿਆ ਦੇ ਅੰਕਾਂ ਨੂੰ ਆਧਾਰ ਬਣਾ ਕੇ ਘੋਸ਼ਿਤ ਕਰਨ ਦਾ ਫੈਸਲਾ ਲਿਆ ਗਿਆ ਸੀ ਅਤੇ ਇਸ ਸਬੰਧੀ 4 ਮੈਂਬਰੀ ਉੱਚ ਤਾਕਤੀ ਵਿਸ਼ੇਸ਼ ਕਮੇਟੀ ਨੇ ਵੀ ਬੋਰਡ ਮੈਨੇਜਮੈਂਟ ਨੂੰ ਆਪਣੀ ਸਿਫਾਰਸ਼ ਕੀਤੀ ਗਈ ਸੀ।
ਸ੍ਰੀ ਸਿੰਗਲਾ ਨੇ ਕਿਹਾ ਕਿ ਓਪਨ ਸਕੂਲ ਜਾਂ ਇਨ੍ਹਾਂ ਹੋਰ ਸ਼੍ਰੇਣੀਆਂ ਵਿੱਚ ਸੀਸੀਈ ਦੇ ਵਿਵਸਥਾ ਨਹੀਂ ਹੁੰਦੀ ਜਿਸ ਕਾਰਨ ਇਨ੍ਹਾਂ ਸ਼੍ਰੇਣੀਆਂ ਅਧੀਨ ਆਉਦੇ ਵਿਦਿਆਰਥੀਆਂ ਦੇ ਪੇਪਰ ਲਏ ਜਾਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਲੈਣ ਮੌਕੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਸਾਰੀਆਂ ਸਾਵਧਾਨੀਆਂ ਵਰਤਣੀਆਂ ਯਕੀਨੀ ਬਣਾਏਗਾ ਤਾਂ ਜੋ ਵਿਦਿਆਰਥੀਆਂ ਸਮੇਤ ਪ੍ਰੀਖਿਆ ਅਮਲੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਸਕੂਲੀ ਗਤੀਵਿਧੀਆਂ ’ਤੇ ਲਗਾਈਆਂ ਗਈਆਂ ਰੋਕਾਂ ਹਟਾਉਣ ਤੋਂ ਬਾਅਦ ਹੀ ਸੁਰੱਖਿਅਤ ਤਰੀਕੇ ਨਾਲ ਪ੍ਰੀਖਿਆਵਾਂ ਲੈਣ ਲਈ ਨਵੇਂ ਸਿਰਿਓਂ ਡੇਟਸ਼ੀਟ ਜਾਰੀ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਮੰਤਵ ਨਾਲ ਐਤਕੀਂ ਕਈ ਸਾਲਾਂ ਬਾਅਦ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਗਈ ਹੈ। ਉਧਰ, ਇਸ ਤੋਂ ਪਹਿਲਾਂ ਦਸਵੀਂ ਜਮਾਤ ਦਾ ਨਤੀਜਾ ਮੈਰਿਟ ਨੂੰ ਆਧਾਰ ਬਣਾ ਤਿਆਰ ਕੀਤਾ ਜਾਂਦਾ ਸੀ ਅਤੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1 ਲੱਖ, 75 ਹਜ਼ਾਰ ਅਤੇ 50 ਹਜ਼ਾਰ ਦਾ ਨਗਦ ਪੁਰਸਕਾਰ ਦਿੱਤਾ ਜਾਂਦਾ ਸੀ। ਇਹੀਂ ਨਹੀਂ ਦਸਵੀਂ ਵਿੱਚ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਲੈਣ ਵਾਲੇ ਬੱਚਿਆਂ ਨੂੰ ਸਰਕਾਰੀ ਮੈਰੀਟੋਰੀਅਮ ਸਕੂਲਾਂ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀ ਪੜ੍ਹਾਈ ਮੁਫ਼ਤ ਕਰਵਾਈ ਜਾਂਦੀ ਸੀ ਪ੍ਰੰਤੂ ਸਾਰਾ ਕੁੱਝ ਉਲਟਾ ਪੁਲਟਾ ਹੋ ਗਿਆ ਅਤੇ ਇਸ ਵਾਰ ਮੈਰੀਟੋਰੀਅਮ ਸਕੂਲਾਂ ਵਿੱਚ ਦਾਖ਼ਲ ਦੇਣ ਵੇਲੇ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …