ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਿਨਾਂ ਮੈਰਿਟ ਤੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ

ਸੁਪਰੀਮ ਕੋਰਟ ਨੇ ਸਾਰੇ ਬੋਰਡਾਂ ਨੂੰ 31 ਜੁਲਾਈ ਤੋਂ ਪਹਿਲਾਂ ਨਤੀਜਾ ਘੋਸ਼ਿਤ ਕਰਨ ਦੇ ਦਿੱਤੇ ਸੀ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਬਾਰ੍ਹਵੀਂ ਸ਼ੇ੍ਰਣੀ ਦਾ ਨਤੀਜਾ ਆਨਲਾਈਨ ਵਿਧੀ ਰਾਹੀਂ ਐਲਾਨਿਆ ਗਿਆ। ਪਿੱਛੇ ਜਿਹੇ ਸੁਪਰੀਮ ਕੋਰਟ ਨੇ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਨੂੰ ਦੇਖਦੇ ਹੋਏ ਪੰਜਾਬ ਬੋਰਡ ਸਮੇਤ ਦੇਸ਼ ਦੇ ਸਾਰੇ ਬੋਰਡਾਂ ਨੂੰ 31 ਜੁਲਾਈ ਤੋਂ ਪਹਿਲਾਂ ਬਾਰ੍ਹਵੀਂ ਦਾ ਨਤੀਜਾ ਐਲਾਨਣ ਲਈ ਕਿਹਾ ਗਿਆ ਸੀ। ਇਸ ਵਾਰ 96.48 ਫੀਸਦੀ ਵਿਦਿਆਰਥੀ ਪਾਸ ਹੋਏ। ਲੜਕੀਆਂ ਦੀਆਂ ਪਾਸ ਪ੍ਰਤੀਸ਼ਤਤਾ 97.34 ਫੀਸਦੀ ਹੈ ਜਦੋਂਕਿ ਲੜਕਿਆਂ ਦੀ ਪਾਸ ਫੀਸਦੀ 95.74 ਬਣਦੀ ਹੈ। ਇਸ ਵਾਰ ਕਰੀਬ 10 ਹਜ਼ਾਰ 282 ਬੱਚਿਆਂ ਦਾ ਨਤੀਜਾ ਲੇਟ ਹੈ। ਵਿਦਿਆਰਥੀ ਭਲਕੇ ਸਨਿੱਚਰਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਸਕੂਲ ਬੋਰਡ ਦੀ ਵੈਬਸਾਈਟ http://www.pseb.ac.in ’ਤੇ ਆਪਣਾ ਨਤੀਜਾ ਦੇਖ ਸਕਣਗੇ। ਇਸ ਤੋਂ ਇਲਾਵਾ www.indiaresults.com ’ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਬੋਰਡ ਮੁਖੀ ਨੇ ਨਤੀਜਾ ਘੋਸ਼ਿਤ ਕਰਨ ਦੇ ਫਾਰਮੂਲੇ ਬਾਰੇ ਦੱਸਦਿਆਂ ਕਿਹਾ ਕਿ ਦਸਵੀਂ ਦੇ 30 ਅੰਕ, ਗਿਆਰ੍ਹਵੀਂ ਦੇ 30 ਅੰਕ ਅਤੇ ਬਾਰ੍ਹਵੀਂ ਦੇ ਪ੍ਰੀ-ਬੋਰਡ ਅਤੇ ਇੰਟਰਨਲ ਅਸੈਸਮੈਂਟ ਦੇ 40 ਅੰਕ ਜੋੜ ਕੇ ਬਾਰ੍ਹਵੀਂ ਦਾ ਨਤੀਜਾ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿੱਖਿਆ ਮੰਤਰੀ ਦੀ ਅਗਵਾਈ ਲੀਹਾਂ ਅਨੁਸਾਰ ਅੱਜ ਇਹ ਨਤੀਜਾ ਐਲਾਨਿਆ ਗਿਆ ਤਾਂ ਜੋ ਵਿਦਿਆਰਥੀ ਆਲ ਇੰਡੀਆ ਪੱਧਰ ਜਾਂ ਵਿਦੇਸ਼ਾਂ ਵਿੱਚ ਅਗਲੀ ਪੜ੍ਹਾਈ ਕਰਨ ਲਈ ਦਾਖ਼ਲੇ ਲੈ ਸਕਣ। ਉਨ੍ਹਾਂ ਦੱਸਿਆ ਕਿ ਅੱਜ ਐਲਾਨੇ ਨਤੀਜੇ ਵਿੱਚ ਜੇਕਰ ਕੋਈ ਤਰੱੁਟੀ ਪਾਈ ਜਾਂਦੀ ਹੈ ਜਾਂ ਤਾਂ ਸਬੰਧਤ ਵਿਦਿਆਰਥੀ ਨਤੀਜਾ ਐਲਾਨੇ ਜਾਣ ਤੋਂ 20 ਦਿਨ ਦੇ ਅੰਦਰ-ਅੰਦਰ ਬਿਨਾਂ ਕਿਸੇ ਲੇਟ ਫੀਸ ਦੇ ਕੇਵਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੋਧ ਕਰਵਾ ਸਕਦੇ ਹਨ। ਆਖ਼ਰੀ ਮਿਤੀ ਤੋਂ ਬਾਅਦ ਸੋਧ ਲਈ ਲੋੜੀਦੇ ਦਸਤਾਵੇਜ਼ਾਂ ਦੇ ਨਾਲ ਸੋਧ ਲਈ ਨਿਰਧਾਰਿਤ ਫੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ।
ਚੇਅਰਮੈਨ ਨੇ ਦੱਸਿਆ ਕਿ ਬਾਰ੍ਹਵੀਂ ਦਾ ਨਤੀਜਾ 96.48 ਫੀਸਦੀ ਰਿਹਾ ਹੈ। ਪਿਛਲੇ ਸਾਲ ਵਾਂਗ ਐਤਕੀਂ ਵੀ ਬਿਨਾਂ ਮੈਰਿਟ ਸੂਚੀ ਜਾਰੀ ਕੀਤਿਆਂ ਹੀ ਨਤੀਜਾ ਐਲਾਨਿਆ ਗਿਆ। ਕਿਉਂਕਿ ਇਸ ਸਾਲ ਵੀ ਕਰੋਨਾ ਮਹਾਮਾਰੀ ਦੇ ਕਾਰਨ ਸਕੂਲੀ ਬੱਚਿਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨਹੀਂ ਲਈਆਂ ਸਕੀਆਂ ਹਨ। ਜਿਸ ਕਾਰਨ ਐਤਕੀਂ ਵੀ ਵਿਦਿਆਰਥੀਆਂ ਦੀ ਸਕੂਲ ਦੀ ਕਾਰਗੁਜ਼ਾਰੀ ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਅਨੁਪਾਤਕ ਅੰਕਾਂ ਨੂੰ ਆਧਾਰ ਬਣਾ ਕੇ ਨਤੀਜਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਵਿੱਚ ਰੈਗੂਲਰ 2 ਲੱਖ 92 ਹਜ਼ਾਰ 663 ਵਿਦਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 2 ਲੱਖ 82 ਹਜ਼ਾਰ 349 ਬੱਚੇ ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.48 ਫੀਸਦੀ ਹੈ। ਇਸ ਸਾਲ ਵੀ ਕੁੜੀਆਂ ਨੇ ਆਪਣੀ ਸਰਦਾਰੀ ਬਰਕਰਾਰ ਰੱਖਦੇ ਹੋਏ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 97.34 ਫੀਸਦੀ ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 95.94 ਫੀਸਦੀ ਹੈ। ਪੇਂਡੂ ਅਤੇ ਸ਼ਹਿਰੀ ਖੇਤਰ ਦੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਕ੍ਰਮਵਾਰ 96.37 ਅਤੇ 96.63 ਫੀਸਦੀ ਹੈ।
ਓਪਨ ਸਕੂਲਾਂ ਦੇ 14,310 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਅਪੀਅਰ ਹੋਏ ਸੀ। ਜਿਨ੍ਹਾਂ ਚੋਂ 13,272 ਬੱਚੇ ਪਾਸ ਹੋਏ ਹਨ। ਇੱਥੇ ਵੀ ਲੜਕੀਆਂ, ਮੁੰਡਿਆਂ ਤੋਂ ਮੋਹਰੀ ਰਹੀਆਂ ਹਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.01 ਫੀਸਦੀ ਅਤੇ ਮੁੰਡਿਆਂ ਦੀ 92.18 ਫੀਸਦੀ ਹੈ। ਇੰਜ ਹੀ ਵੋਕੇਸ਼ਨਲ ਗਰੁੱਪ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਵੱਧ 98.51 ਫੀਸਦੀ ਹੈ ਜਦੋਂਕਿ ਹਿਊਮੈਨਟੀਜ਼ ਗਰੁੱਪ ਦੀ 97.10 ਫੀਸਦੀ, ਕਾਮਰਸ ਗਰੁੱਪ ਦੀ 94.87 ਫੀਸਦੀ ਅਤੇ ਸਾਇੰਸ ਗਰੁੱਪ ਦੇ ਬੱਚਿਆਂ ਦੀ 94 ਫੀਸਦੀ ਬਣਦੀ ਹੈ।
ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਅੱਜ ਐਲਾਨੇ ਆਪਣੇ ਨਤੀਜੇ ਤੋਂ ਜੇਕਰ ਕੋਈ ਪ੍ਰੀਖਿਆਰਥੀ ਸੰਤੁਸ਼ਟ ਨਹੀਂ ਹੈ ਤਾਂ ਉਹ ਸਾਰੇ ਵਿਸ਼ਿਆਂ ਦੀ ਦੁਬਾਰਾ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆ ਦੇਣ ਲਈ ਸਵੈ-ਘੋਸ਼ਣਾ ਪੱਤਰ ਦੀ ਕਾਪੀ ਜੋ ਕਿ ਸਬੰਧਤ ਵਿਦਿਆਰਥੀ ਜਾਂ ਉਸ ਦੇ ਮਾਪਿਆਂ ਵੱਲੋਂ ਪ੍ਰੀਖਿਆ ਦੇ ਵੇਰਵੇ ਦਰਜ ਕਰਕੇ ਨਤੀਜਾ ਐਲਾਨੇ ਜਾਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਸਕੂਲ ਦੀ ਲਾਗਇੰਨ ਆਈਡੀ ਰਾਹੀਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਭੇਜ ਸਕਦੇ ਹਨ। ਇਨ੍ਹਾਂ ਅਸੰਤੁਸ਼ਟ ਪ੍ਰੀਖਿਆਰਥੀਆਂ ਤੋਂ ਇਲਾਵਾ ਆਪਣੀ ਕਾਰਗੁਜ਼ਾਰੀ ਸੁਧਾਰਨ, ਵਾਧੂ ਵਿਸ਼ੇ ਜਾਂ ਓਪਨ ਸਕੂਲ ਪ੍ਰਣਾਲੀ ਅਧੀਨ ਤਿੰਨ ਜਾਂ ਤਿੰਨ ਤੋਂ ਵੱਧ ਵਿਸ਼ਿਆਂ ਦੀ ਰੀ-ਅਪੀਅਰ ਲਈ ਫਾਰਮ ਭਰਨ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਹਾਲਾਤ ਸੁਖਾਵੇਂ ਹੋਣ ’ਤੇ ਪਹਿਲਾਂ ਪ੍ਰਾਪਤ ਹੋਈ ਫੀਸ ਦੇ ਅਧਾਰ ’ਤੇ ਆਉਣ ਵਾਲੇ ਸਮੇਂ ਦੌਰਾਨ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਤੀਜਿਆਂ ਨਾਲ ਸਬੰਧਤ ਸਰਟੀਫਿਕੇਟ ਡਿਜੀਲਾਕਰ ’ਤੇ ਅਪਲੋਡ ਕੀਤੇ ਜਾਣਗੇ। ਇਸ ਮੌਕੇ ਬੋਰਡ ਦੇ ਸਕੱਤਰ ਸ੍ਰੀਮਤੀ ਈਸ਼ਾ ਕਾਲੀਆ ਵੀ ਮੌਜੂਦ ਸਨ। ਅਖੀਰ ਵਿੱਚ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Business

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …