
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਬਾਜੀ ਮਾਰੀ
ਫਰੀਦਕੋਟ ਦੀ ਗਗਨਦੀਪ ਕੌਰ ਨੇ 100 ਫੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਅੱਵਲ
ਫਰੀਦਕੋਟ ਦੀ ਹੀ ਨਵਜੋਤ ਨੇ ਦੂਜਾ ਅਤੇ ਮਾਨਸਾ ਦੀ ਹਰਮਨਦੀਪ ਕੌਰ ਨੇ ਤੀਜਾ ਸਥਾਨ ਮੱਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ ਅਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆਂ (ਫਰੀਦਕੋਟ) ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 100 ਫੀਸਦੀ (650\650) ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਇਸੇ ਸਕੂਲ ਦੀ ਨਵਜੋਤ ਪੁੱਤਰੀ ਵਿਜੈ ਕੁਮਾਰ ਨੇ 648 ਅੰਕ (99.69 ਫੀਸਦੀ) ਲੈ ਕੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਮੰਢਾਲੀ (ਮਾਨਸਾ) ਦੀ ਹਰਮਨਦੀਪ ਕੌਰ ਨੇ 646 ਅੰਕ (99.38 ਫੀਸਦੀ) ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਂਜ ਪਹਿਲੀਆਂ 10 ਪੁਜ਼ੀਸ਼ਨਾਂ ’ਤੇ ਲੜਕੀਆਂ ਹੀ ਕਾਬਜ਼ ਹਨ।
ਵਾਈਸ ਚੇਅਰਮੈਨ ਡਾ. ਭਾਟੀਆ ਨੇ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਵਿੱਚ ਕੁੱਲ 2 ਲੱਖ 81 ਹਜ਼ਾਰ 327 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 2 ਲੱਖ 74 ਹਜ਼ਾਰ 400 ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.54 ਫੀਸਦੀ ਰਹੀ ਹੈ। ਦਸਵੀਂ ਸ਼੍ਰੇਣੀ ਦੀ ਇਸ ਪ੍ਰੀਖਿਆ ਵਿੱਚ ਲੜਕੀਆਂ ਨੇ ਇੱਕ ਵਾਰੀ ਫੇਰ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪੱਖੋਂ ਲੜਕਿਆਂ ਤੋਂ ਘੱਟ ਨਹੀਂ ਹਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 98.46 ਫੀਸਦੀ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 96.73 ਫੀਸਦੀ ਰਹੀ ਹੈ।
ਸਰਕਾਰੀ ਸਕੂਲਾਂ ਦੇ 1 ਲੱਖ 89 ਹਜ਼ਾਰ 211 ’ਚੋਂ 1 ਲੱਖ 84 ਹਜ਼ਾਰ 974 ਬੱਚੇ ਪਾਸ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਾ 97.76 ਫੀਸਦੀ ਅਤੇ ਪ੍ਰਾਈਵੇਟ ਸਕੂਲਾਂ ਦੇ 92 ਹਜ਼ਾਰ 116 ’ਚੋਂ 89426 ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97 ਫੀਸਦੀ ਹੈ। ਉਨ੍ਹਾਂ ਦੱਸਿਆ ਕਿ 653 ਵਿਦਿਆਰਥੀ ਫੇਲ ਹਨ ਜਦੋਂਕਿ 6171 ਬੱਚਿਆਂ ਦੀ ਕੰਪਾਰਟਮੈਂਟ ਆਈ ਹੈ ਅਤੇ ਤਕਨੀਕੀ ਕਾਰਨਾਂ ਕਰਕੇ 103 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ। ਓਪਨ ਸਕੂਲ ਪ੍ਰਣਾਲੀ ਤਹਿਤ 9469 ਪ੍ਰੀਖਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 7505 ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀ ਪ੍ਰਤੀਸ਼ਤਤਾ 79.26 ਫੀਸਦੀ ਹੈ। ਇਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੇ 303 ’ਚਂ 244, ਪ੍ਰਾਈਵੇਟ ਸਕੂਲਾਂ ਦੇ 9166 ’ਚੋਂ 7281 ਪਾਸ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਕਿਹਾ ਕਿ ਇਸ ਵਰ੍ਹੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਕਾਫ਼ੀ ਬਿਹਤਰ ਰਹੀ ਹੈ। ਇਹ ਸੂਬਾ ਸਰਕਾਰ ਵੱਲੋਂ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸੇ ਤਰ੍ਹਾਂ ਪੇਂਡੂ ਖੇਤਰ ਦਾ ਨਤੀਜਾ ਸ਼ਹਿਰੀ ਖੇਤਰ ਨਾਲੋਂ ਵਧੀਆ ਹੋਣ ਦਾ ਸਿਹਰਾ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਸਿਰ ਬੱਝਦਾ ਹੈ। ਡਾ. ਭਾਟੀਆ ਦੇ ਕਹਿਣ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਸਿੱਖਿਆ ਬੋਰਡ ਵੱਲੋਂ ਆਪਣਾ ਪ੍ਰਦਰਸ਼ਨ ਹੋਰ ਵੀ ਬਿਹਤਰ ਕੀਤਾ ਜਾਵੇਗਾ ਤਾਂ ਜੋ ਸਰਕਾਰ ਵੱਲੋਂ ਨਿਰਧਾਰਿਤ ਟੀਚੇ ਪ੍ਰਾਪਤ ਕੀਤੇ ਜਾ ਸਕਣ।
ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਨਤੀਜਾ ਐਲਾਨੇ ਜਾਣ ਉਪਰੰਤ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਡਿਜੀਲਾਕਰ ’ਤੇ ਉਪਲਬਧ ਕਰਵਾਏ ਜਾਣਗੇ। ਪ੍ਰੀਖਿਆਰਥੀ ਆਪਣੇ ਡਿਜੀਟਲ ਸਰਟੀਫਿਕੇਟ ਡਿਜੀਲਾਕਰ ਰਾਹੀਂ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਆਪਣੇ ਪ੍ਰੀਖਿਆ ਫ਼ਾਰਮ ਵਿੱਚ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰੀ ਗਈ ਸੀ, ਉਨ੍ਹਾਂ ਦੇ ਸਰਟੀਫਿਕੇਟ 20 ਦਿਨਾਂ ਦੇ ਅੰਦਰ-ਅੰਦਰ ਸਬੰਧਤ ਸਕੂਲਾਂ ਨੂੰ ਖ਼ੇਤਰੀ ਦਫ਼ਤਰਾਂ ਰਾਹੀਂ ਭੇਜ ਦਿੱਤੇ ਜਾਣਗੇ। ਕਾਰਗੁਜ਼ਾਰੀ ਵਿੱਚ ਸੁਧਾਰ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਪਹਿਲਾਂ ਜਾਰੀ ਕੀਤਾ ਸਰਟੀਫਿਕੇਟ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਉਪਰੰਤ ਹੀ ਨਵਾਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਰੀ-ਅਪੀਅਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਵੀ ਡਿਜੀਲਾਕਰ ’ਤੇ ਉਪਲਬਧ ਕਰਵਾਏ ਜਾਣਗੇ। ਜਿਨ੍ਹਾਂ ਪ੍ਰੀਖਿਆਰਥੀਆਂ ਨੇ ਹਾਰਡ ਕਾਪੀ ਦੀ ਆਪਸ਼ਨ ਭਰੀ ਹੈ, ਉਨ੍ਹਾਂ ਨੂੰ ਰਜਿਸਟਰਡ ਡਾਕ ਰਾਹੀਂ ਦਾਖ਼ਲਾ ਫ਼ਾਰਮ ਵਿੱਚ ਭਰੇ ਪਤੇ ’ਤੇ ਸਰਟੀਫਿਕੇਟ ਭੇਜਿਆ ਜਾਵੇਗਾ।
ਕੰਟਰੋਲਰ (ਪ੍ਰੀਖਿਆਵਾਂ) ਨੇ ਵਿਦਿਆਰਥੀ ਦਸਵੀਂ ਜਮਾਤ ਦੇ ਅੱਜ ਐਲਾਨੇ ਨਤੀਜੇ ਸਬੰਧੀ ਪੂਰੇ ਵੇਰਵੇ ਅਤੇ ਪੂਰਾ ਨਤੀਜਾ ਭਲਕੇ 27 ਮਈ ਨੂੰ ਸਵੇਰੇ 8 ਵਜੇ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ www.indiaresults.com ’ਤੇ ਉਪਲਬਧ ਕਰਵਾਇਆ ਜਾਵੇਗਾ। ਨਤੀਜੇ ਸਬੰਧੀ ਇਹ ਵੇਰਵੇ ਕੇਵਲ ਵਿਦਿਆਰਥੀਆਂ ਦੀ ਸੂਚਨਾ ਲਈ ਹਨ। ਇਸ ਮੌਕੇ ਉਪ ਸਕੱਤਰ ਗੁਰਤੇਜ਼ ਸਿੰਘ, ਸ੍ਰੀਮਤੀ ਗੁਰਮੀਤ ਕੌਰ, ਮਨਮੀਤ ਸਿੰਘ ਭੱਠਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।