ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਬਾਜ਼ੀ ਮਾਰੀ

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਆਦਿੱਤੀ ਅੱਵਲ

ਲੁਧਿਆਣਾ ਦੀ ਅਲੀਸ਼ਾ ਸ਼ਰਮਾ ਨੇ ਦੂਜਾ ਅਤੇ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਮੱਲਿਆ

ਨਬਜ਼-ਏ-ਪੰਜਾਬ, ਮੁਹਾਲੀ, 18 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ 2024 ਵਿੱਚ ਲਈ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰ ਕੇ ਮੁੰਡਿਆਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ। ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਜਾਰੀ 316 ਵਿਦਿਆਰਥੀਆਂ ਦੀ ਮੈਰਿਟ ਸੂਚੀ ਮੁਤਾਬਕ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ (ਲੁਧਿਆਣਾ) ਦੀ ਵਿਦਿਆਰਥਣ ਆਦਿੱਤੀ ਪੁੱਤਰੀ ਅਜੈ ਕੁਮਾਰ ਸਿੰਘ ਨੇ ਕੁੱਲ 650/650 (100 ਫੀਸਦੀ) ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਆਦਿੱਤੀ ਖੇਡ ਕੋਟੇ ਦੇ ਵਾਧੂ ਅੰਕ ਲੈ ਕੇ ਇਸ ਮੁਕਾਮ ’ਤੇ ਪਹੁੰਚੀ ਹੈ।
ਇਸੇ ਸਕੂਲ ਦੀ ਅਲੀਸਾ ਸ਼ਰਮਾ ਪੁੱਤਰੀ ਮਹਿੰਦਰ ਸ਼ਰਮਾ ਨੇ 650/645 ਅੰਕ ਲੈ ਕੇ ਦੂਜਾ ਅਤੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੈਲ ਤਹਿਸੀਲ ਬਾਬਾ ਬਕਾਲਾ (ਅੰਮ੍ਰਿਤਸਰ) ਦੀ ਵਿਦਿਆਰਥਣ ਕਰਮਨਪ੍ਰੀਤ ਕੌਰ ਪੁੱਤਰੀ ਜਗਰੂਪ ਸਿੰਘ ਨੇ 650/645 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਦੋਵਾਂ ਦੀ ਪਾਸ ਪ੍ਰਤੀਸ਼ਤਤਾ 99.23 ਫੀਸਦੀ ਬਣਦੀ ਹੈ।
ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਐਚਐਮ 150, ਜਮਾਲਪੁਰ ਕਲੋਨੀ (ਲੁਧਿਆਣਾ) ਦੀ ਸੁਹਾਨੀ ਚੌਹਾਨ ਪੁੱਤਰੀ ਲਲਿਤ ਚੌਹਾਨ ਨੇ 650\643 ਅੰਕ ਲੈ ਕੇ ਚੌਥਾ ਅਤੇ ਇਸੇ ਸਕੂਲ ਦੇ ਸੌਰਵ ਜਿੰਦਲ ਪੁੱਤਰ ਅਮਿਤ ਜਿੰਦਲ ਨੇ 650\642 ਅੰਕ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ ਕ੍ਰਮਵਾਰ 98.92 ਫੀਸਦੀ ਅਤੇ 98.77 ਫੀਸਦੀ ਬਣਦੀ ਹੈ।
ਪੰਜਾਬ ਵਿੱਚ ਕੁੱਲ 2 ਲੱਖ 81 ਹਜ਼ਾਰ 098 ਰੈਗੂਲਰ ਵਿਦਿਆਰਥੀ ਦਸਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ। ਜਿਨ੍ਹਾਂ ’ਚੋਂ 2 ਲੱਖ 73 ਹਜ਼ਾਰ ਅਤੇ 348 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ ਜਦੋਂਕਿ 7166 ਵਿਦਿਆਰਥੀਆਂ ਦੀ ਰੀਅਪੀਰੀਅਰ ਆਈ ਹੈ। ਕੁੱਝ ਕਾਰਨਾਂ ਕਰਕੇ ਕਰੀਬ 190 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ ਅਤੇ 394 ਵਿਦਿਆਰਥੀਆਂ ਦਾ ਨਤੀਜਾ ਫੇਲ ਐਲਾਨਿਆ ਗਿਆ ਹੈ। ਓਵਰਆਲ ਦਸਵੀਂ ਦੀ ਪਾਸ ਪ੍ਰਤੀਸ਼ਤਤਾ 97.24 ਫੀਸਦੀ ਰਹੀ ਹੈ। 1 ਲੱਖ 32 ਹਜ਼ਾਰ 642 ਲੜਕੀਆਂ ’ਚੋਂ 1 ਲੱਖ 30 ਹਜ਼ਾਰ 132 ਪਾਸ ਹੋਈਆਂ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.11 ਫੀਸਦੀ ਹੈ। ਜਦੋਂਕਿ 1 ਲੱਖ 48 ਹਜ਼ਾਰ 445 ਲੜਕਿਆਂ ’ਚੋਂ 1 ਲੱਖ 43 ਹਜ਼ਾਰ 206 ਪਾਸ ਹੋਏ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.47 ਫੀਸਦੀ ਬਣਦੀ ਹੈ। 11 ਟਰਾਂਜੈਡਰਾਂ ’ਚੋਂ 10 ਪਾਸ ਹੋਏ। ਜੇਕਰ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਨਤੀਜਿਆਂ ’ਤੇ ਝਾਤ ਮਾਰੀਏ ਤਾਂ ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.58 ਫੀਸਦੀ ਅਤੇ ਸ਼ਹਿਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 96.60 ਫੀਸਦੀ ਹੈ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.32 ਫੀਸਦੀ ਅਤੇ ਨਾਨ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 98.01 ਫੀਸਦੀ ਹੈ। ਏਡਿਡ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 93.71 ਫੀਸਦੀ ਬਣਦੀ ਹੈ।
ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਭਲਕੇ 19 ਅਪਰੈਲ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ਉੱਤੇ ਦੇਖ ਸਕਦੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸਾ-ਨਿਰਦੇਸਾਂ ਅਤੇ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਿਬੀਰ ਬੇਦੀ ਦੀ ਅਗਵਾਈ ਹੇਠ ਪੰਜਾਬ ਬੋਰਡ ਨੇ ਉਤਰ ਭਾਰਤ ਵਿੱਚ ਸਭ ਤੋਂ ਪਹਿਲਾਂ ਨਤੀਜਾ ਘੋਸ਼ਿਤ ਕੀਤਾ ਗਿਆ ਹੈ ਜਦੋਂਕਿ ਦੇਸ਼ ਵਿੱਚ ਅਜੇ ਤਾਈ ਸੀਬੀਐਸਈ ਜਾਂ ਕਿਸੇ ਹੋਰ ਬੋਰਡ ਨੇ ਨਤੀਜਾ ਨਹੀਂ ਐਲਾਨਿਆ ਹੈ। ਉਨ੍ਹਾਂ ਨੇ ਨਤੀਜਾ ਤਿਆਰ ਕਰਨ ਲਈ ਸਮੁੱਚੇ ਮੁਲਾਂਕਣ ਅਮਲੇ ਸਮੇਤ ਬੋਰਡ ਦੇ ਸਬੰਧਤ ਅਧਿਕਾਰੀਆਂ ਅਤੇ ਸਟਾਫ਼ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਿੱਖਿਆ ਬੋਰਡ ਦੇ ਉਪ ਸਕੱਤਰ ਡਾ. ਗੁਰਮੀਤ ਕੌਰ ਤੇ ਮਨਮੀਤ ਸਿੰਘ ਭੱਠਲ ਅਤੇ ਸਹਾਇਕ ਸਕੱਤਰ ਰਣਜੀਤ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…