Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਬਾਜੀ ਮਾਰੀ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਮੋਹਰੀ ਰਹੀਆਂ ਵਿਦਿਆਰਥਣਾਂ ਨੇ ਬਰਾਬਰ ਅੰਕ ਲਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਅੱਜ ਬਾਅਦ ਦੁਪਹਿਰ ਆਨਲਾਈਨ ਵਿਧੀ ਰਾਹੀਂ ਬਾਰ੍ਹਵੀਂ ਜਮਾਤ ਸਮੇਤ ਓਪਨ ਸਕੂਲ ਸਾਇੰਸ, ਕਾਮਰਸ, ਹਿਊਮੈਨਟੀਜ਼, ਵੋਕੇਸ਼ਨਲ ਗਰੁੱਪ ਕੰਪਾਰਟਮੈਂਟ ਅਤੇ ਰੀ-ਅਪੀਅਰ (ਓਪਨ ਸਕੂਲ) ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਐਤਕੀਂ ਵੀ ਕੁੜੀਆਂ ਨੇ ਬਾਜੀ ਮਾਰਦਿਆਂ ਮੁੰਡਿਆਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਕੁੱਲ ਅੰਕ 500 ’ਚੋਂ 497 ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਮੱਲਿਆ ਹੈ। ਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਛੋਆਣਾ (ਮਾਨਸਾ) ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਵੀ 497 ਅੰਕਾਂ ਨਾਲ ਦੂਜਾ ਸਥਾਨ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ, ਜ਼ਿਲ੍ਹਾ ਫਰੀਦਕੋਟ ਦੀ ਵਿਦਿਆਰਥਣ ਕੁਲਵਿੰਦਰ ਕੌਰ ਨੇ ਵੀ 497 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਨੇ ਬਰਾਬਰ ਅੰਕ ਲਏ ਹਨ ਪ੍ਰੰਤੂ ਬੋਰਡ ਮੈਨੇਜਮੈਂਟ ਨੇ ਵਿਦਿਆਰਥਣਾਂ ਦੀ ਜਨਮ ਮਿਤੀ ਨੂੰ ਆਧਾਰ ਬਣਾ ਕੇ ਮੈਰਿਟ ਵਿੱਚ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਐਲਾਨੀ ਗਈ ਹੈ। ਇਸ ਮੌਕੇ ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਵੀ ਹਾਜ਼ਰ ਸਨ। ਚੇਅਰਮੈਨ ਨੇ ਦੱਸਿਆ ਕਿ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਕੁੱਲ 3 ਲੱਖ 1700 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 2 ਲੱਖ 92 ਹਜ਼ਾਰ 530 ਬੱਚੇ ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.96 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ 1 ਲੱਖ 37 ਹਜ਼ਾਰ 161 ਲੜਕੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 1 ਲੱਖ 34 ਹਜ਼ਾਰ 122 ਕੁੜੀਆਂ ਨੇ ਚੰਗੇ ਅੰਕ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.78 ਫੀਸਦੀ ਹੈ। 4587 ਬੱਚਿਆਂ ਦਾ ਨਤੀਜਾ ਫੇਲ੍ਹ ਹੈ ਅਤੇ 2624 ਬੱਚਿਆਂ ਦੀ ਕੰਪਾਰਟਮੈਂਟ ਆਈ ਹੈ ਜਦੋਂਕਿ 1959 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ। ਸ਼ਹਿਰੀ ਖੇਤਰ ਦੇ 1,21,050 ’ਚੋਂ 1,17,436 ਬੱਚੇ ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97 ਫੀਸਦੀ ਹੈ ਜਦੋਂਕਿ ਪੇਂਡੂ ਖੇਤਰ ਦੇ 1,80,650 ’ਚੋਂ 1,75,094 ਬੱਚੇ ਪਾਸ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.9 ਫੀਸਦੀ ਹੈ। ਬੋਰਡ ਮੁਖੀ ਨੇ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ ਟਰਮ-2 ਦੀ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆ 8 ਜੂਨ ਤੱਕ ਮੁਕੰਮਲ ਹੋਣ ਉਪਰੰਤ ਪ੍ਰੀਖਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹਾਇਰ ਅਥਾਰਟੀ, ਯੋਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਸਦਕਾ ਇਹ ਨਤੀਜਾ 20 ਦਿਨਾਂ ਵਿੱਚ ਹੀ ਘੋਸ਼ਿਤ ਕਰਨ ਵਿੱਚ ਸਫਲ ਹੋਏ ਹਨ। ਚੇਅਰਮੈਨ ਨੇ ਐਨੇ ਘੱਟ ਸਮੇਂ ਵਿੱਚ ਨਤੀਜਾ ਤਿਆਰ ਕਰਨ ਲਈ ਮੁਲਾਂਕਣ ਸਟਾਫ਼ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਾਲਮੇਲ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਨਤੀਜੇ ਸਬੰਧੀ ਪ੍ਰੀਖਿਆਰਥੀਆਂ ਦੇ ਵੇਰਵੇ/ਅੰਕਾਂ ਸਮੇਤ 29 ਜੂਨ ਨੂੰ ਸਵੇਰੇ 10 ਵਜੇ ਬੋਰਡ ਦੀ ਵੈਬਸਾਈਟ www.pseb.ac.in ਅਤੇ www.9ndiaresult.com ’ਤੇ ਉਪਲਬਧ ਕੀਤੇ ਜਾਣਗੇ। ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਕਿਹਾ ਕਿ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ 4igiloker ’ਤੇ ਅਪਲੋਡ ਹੋਣਗੇ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ ਪ੍ਰੀਖਿਆ ਫਾਰਮ ਵਿੱਚ ਜ਼ਿਕਰ ਕੀਤਾ ਹੈ, ਉਨ੍ਹਾਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਸਬੰਧਤ ਸਕੂਲਾਂ ਨੂੰ ਤਿੰਨ-ਚਾਰ ਹਫ਼ਤਿਆਂ ਤੱਕ ਭੇਜ ਦਿੱਤੀ ਜਾਵੇਗੀ। ਸਰਟੀਫਿਕੇਟ ਭੇਜਣ ਦੀ ਜਾਣਕਾਰੀ ਸਕੂਲਾਂ ਦੀ ਲਾਗ-ਇੰਨ ਆਈਡੀ ਅਤੇ ਬੋਰਡ ਦੀ ਵੈਬਸਾਈਟ ਰਾਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਾਰ੍ਹਵੀਂ ਸ਼੍ਰੇਣੀ ਸੈਸ਼ਨ 2021-22 ਟਰਮ-2 ਦੀ ਪ੍ਰੀਖਿਆ ਦੀ ਰੀ-ਚੈਕਿੰਗ ਅਤੇ ਮੁੜ ਮੁਲਾਂਕਣ ਕਰਵਾਉਣ ਲਈ ਫਾਰਮ ਅਤੇ ਫੀਸਾਂ ਦਾ ਸ਼ਡਿਊਲ ਵੱਖਰੇ ਤੌਰ ’ਤੇ ਜਾਰੀ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ