ਪੰਜਾਬ ਸਕੂਲ ਸਿੱਖਿਆ ਬੋਰਡ: ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਸ਼ੁਰੂ
ਬਾਰ੍ਹਵੀਂ ਜਮਾਤ ਦਾ ਰੱਦ ਕੀਤਾ ਅੰਗਰੇਜ਼ੀ ਦਾ ਪੇਪਰ ਦੁਬਾਰਾ ਜਲਦੀ ਲਿਆ ਜਾਵੇਗਾ: ਲਵਿਸ਼ ਚਾਵਲਾ
ਅੱਠਵੀਂ ਅਤੇ ਬਾਰ੍ਹਵੀਂ ਦੀਆਂ ਪਹਿਲਾਂ ਹੀ ਚੱਲ ਰਹੀਆਂ ਹਨ ਪ੍ਰੀਖਿਆਵਾਂ
ਨਬਜ਼-ਏ-ਪੰਜਾਬ, ਮੁਹਾਲੀ, 10 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਅੱਜ ਦਸਵੀਂ ਜਮਾਤ ਦੀ ਪ੍ਰੀਖਿਆ ਵੀ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਦਸਵੀਂ ਜਮਾਤ ਦਾ ਗ੍ਰਹਿ ਵਿਗਿਆਨ ਵਿਸ਼ੇ ਦਾ ਪੇਪਰ ਲਿਆ ਗਿਆ। ਭਲਕੇ 11 ਮਾਰਚ ਨੂੰ ਪੰਜਾਬੀ-ਏ, ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ-ਏ ਦਾ ਪੇਪਰ ਲਿਆ ਜਾਵੇਗਾ। ਵੱਖ-ਵੱਖ ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਆਏ ਵਿਦਿਆਰਥੀ ਕਾਫ਼ੀ ਉਤਸ਼ਾਹਿਤ ਸਨ। ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਬਾਹਰ ਕਾਫ਼ੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਕਾਬਿਲੇਗੌਰ ਹੈ ਕਿ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਬੀਤੀ 19 ਫਰਵਰੀ ਤੋਂ ਲਈਆਂ ਜਾ ਰਹੀਆਂ ਹਨ।
ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਲਵਿਸ਼ ਚਾਵਲਾ ਨੇ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਵਿੱਚ 2 ਲੱਖ 93 ਹਜ਼ਾਰ 601 ਵਿਦਿਆਰਥੀ ਅਪੀਅਰ ਹੋ ਰਹੇ ਹਨ, ਜਿਨ੍ਹਾਂ ਵਿੱਚ ਓਪਨ ਸਕੂਲ ਪ੍ਰੀਖਿਆ ਵਿੱਚ 9,877 ਵਿਦਿਆਰਥੀ ਸ਼ਾਮਲ ਹਨ। ਅੱਜ ਗ੍ਰਹਿ ਵਿਗਿਆਨ ਦਾ ਪੇਪਰ ਸ਼ਾਂਤਮਈ ਤਰੀਕੇ ਨਾਲ ਹੋਇਆ। ਪੰਜਾਬ ਭਰ ਵਿੱਚ 2579 ਪ੍ਰੀਖਿਆ ਕੇਂਦਰਾਂ ਸਥਾਪਿਤ ਕੀਤੇ ਗਏ। ਸਾਲਾਨਾ ਪ੍ਰੀਖਿਆਵਾਂ ਨੂੰ ਸੁਚਾਰੂ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ 2579 ਸੁਪਰਡੈਂਟ ਅਤੇ 3269 ਡਿਪਟੀ ਸੁਪਰਡੈਂਟ ਨਿਯੁਕਤ ਕੀਤੇ ਗਏ ਹਨ। ਪ੍ਰੀਖਿਆਵਾਂ ਦੀ ਨਿਗਰਾਨੀ ਲਈ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਕੰਟਰੋਲ ਰੂਮ (0172-5227136, 137,138) ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਦੇ ਲਗਪਗ 3,02,189 ਵਿਦਿਆਰਥੀ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 2,72,105 ਵਿਦਿਆਰਥੀ ਅਤੇ ਸੀਨੀਅਰ ਸੈਕੰਡਰੀ ਓਪਨ ਸਕੂਲ ਪ੍ਰੀਖਿਆ ਵਿੱਚ 13,363 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ।
ਲਵਿਸ਼ ਚਾਵਲਾ ਨੇ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਣ ਕਰਵਾਉਣ ਪੰਜਾਬ ਬੋਰਡ ਵੱਲੋਂ 278 ਉੱਡਣ ਦਸਤੇ ਬਣਾਏ ਗਏ ਹਨ। ਇਨ੍ਹਾਂ ਉੱਡਣ ਦਸਤਿਆਂ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ, ਬੋਰਡ ਅਧਿਕਾਰੀ ਅਤੇ ਅਕਾਦਮਿਕ ਕੌਂਸਲ ਦੇ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ। ਉਡਣ ਦਸਤਿਆਂ ਨੂੰ ਸਰਹੱਦੀ ਇਲਾਕਿਆਂ ਦੇ ਪ੍ਰੀਖਿਆ ਕੇਂਦਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ, ਕਿਉਂਕਿ ਪਿਛਲੇ ਸਮਿਆਂ ਦੌਰਾਨ ਨਕਲ ਦੇ ਜ਼ਿਆਦਾਤਰ ਕੇਸ ਸਰਹੱਦੀ ਇਲਾਕਿਆਂ ਦੇ ਸਕੂਲਾਂ ’ਚੋਂ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਵਾਰ ਨਕਲ ਰੋਕਣ ਲਈ ਸਖ਼ਤੀ ਵਰਤੀ ਜਾ ਰਹੀ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਕੰਟਰੋਲਰ (ਪ੍ਰੀਖਿਆਵਾਂ) ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦਾ ਰੱਦ ਕੀਤਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਦੁਬਾਰਾ ਲੈਣ ਲਈ ਜਲਦੀ ਸ਼ਡਿਊਲ ਜਾਰੀ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਸਮੂਹਿਕ ਨਕਲ ਅਤੇ ਹੋਰ ਬੇਨਿਯਮੀਆਂ ਦੇ ਚੱਲਦਿਆਂ ਤਲਵੰਡੀ ਭਾਈ-2 ਸਕੂਲ ਵਿੱਚ ਹੋਇਆ ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਰੱਦ ਕੀਤਾ ਸੀ। ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ ਨਕਲ ਦਾ ਇਹ ਪਹਿਲਾ ਕੇਸ ਹੈ। ਪ੍ਰਾਪਤ ਰਿਪੋਰਟ ਅਨੁਸਾਰ ਪ੍ਰੀਖਿਆ ਕੇਂਦਰ ਨੰਬਰ 220681 ਤਲਵੰਡੀ ਭਾਈ-2, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੈ, ਉੱਥੇ ਸਮੂਹਿਕ ਨਕਲ ਅਤੇ ਹੋਰ ਬੇਨਿਯਮੀਆਂ ਦੀ ਘਟਨਾ ਦਰਜ ਕੀਤੀ ਗਈ ਸੀ। ਇਸ ਕੇਂਦਰ ਵਿੱਚ 115 ਵਿਦਿਆਰਥੀ ਪ੍ਰੀਖਿਆ ਦੇ ਰਹੇ ਸਨ।