
ਕਰੋਨਾ ਦਾ ਖ਼ੌਫ਼: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ ਤੇ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ
ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਅਗਲੀ ਸ਼ੇ੍ਰਣੀ ’ਚ ਦਿੱਤੇ ਜਾਣਗੇ ਦਾਖ਼ਲੇ: ਪ੍ਰੋ. ਯੋਗਰਾਜ
ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਫਿਲਹਾਲ ਅਗਲੇ ਹੁਕਮਾਂ ਤੱਕ ਕੀਤੀ ਮੁਲਤਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਵਾਰ ਵੀ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਦੋਂਕਿ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ ਹੈ। ਬੋਰਡ ਮੈਨੇਜਮੈਂਟ ਨੇ ਇਹ ਫੈਸਲਾ ਸੂਬੇ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਉਕਤ ਸ਼੍ਰੇਣੀਆਂ ਦੀ ਪ੍ਰੀਖਿਆਵਾਂ ਵਿੱਚ ਲਗਪਗ 9 ਲੱਖ 50 ਹਜ਼ਾਰ ਵਿਦਿਆਰਥੀਆਂ ਨੇ ਅਪੀਅਰ ਹੋਣਾ ਸੀ। ਪਿਛਲੇ ਸਾਲ ਵੀ ਕਰੋਨਾ ਦੇ ਖ਼ੌਫ਼ ਕਾਰਨ ਸਕੂਲ ਬੋਰਡ ਵੱਲੋਂ ਸਰਕਾਰ ਦੀਆਂ ਹਦਾਇਤਾਂ ’ਤੇ ਪ੍ਰੀਖਿਆਵਾਂ ਨਾ ਲੈਣ ਅਤੇ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ਵਿੱਚ ਦਾਖ਼ਲੇ ਦਿੱਤੇ ਗਏ ਸੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਹੁਕਮਾਂ ਤਹਿਤ ਪੰਜਵੀਂ, ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ ਅਤੇ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤਾਂ ਵਿੱਚ ਦਾਖ਼ਲੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਦੀ ਪ੍ਰੀਖਿਆ ਫਿਲਹਾਲ ਮੁਲਤਵੀ ਕੀਤੀ ਗਈ ਹੈ ਅਤੇ ਹਾਲਾਤ ਸੁਖਾਵੇਂ ਹੋਣ ’ਤੇ ਪ੍ਰੀਖਿਆ ਲੈਣ ਬਾਰੇ ਵਿਚਾਰ ਕੀਤਾ ਜਾਵੇਗਾ। ਉਂਜ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਕਰਵਾਉਣ ਲਈ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਪ੍ਰਸ਼ਨ ਪੱਤਰ ਅਤੇ ਪ੍ਰੀਖਿਆ ਕੇਂਦਰ ਅਤੇ ਨਿਗਰਾਨ ਅਮਲੇ ਦੀਆਂ ਡਿਊਟੀਆਂ ਦਾ ਕੰਮ ਪਹਿਲਾਂ ਹੀ ਨੇਪਰੇ ਚਾੜ ਲਿਆ ਗਿਆ ਸੀ। ਦੇਸ਼ ਵਿੱਚ ਕਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿਉਂਕਿ ਸਰਕਾਰ ਲਈ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।
ਪ੍ਰੋ. ਯੋਗਰਾਜ ਨੇ ਦੱਸਿਆ ਕਿ ਪੰਜਵੀਂ ਸ਼੍ਰੇਣੀ ਲਈ 3 ਲੱਖ 20 ਹਜ਼ਾਰ 167 ਵਿਦਿਆਰਥੀਆਂ ਸਨ। ਪੰਜਵੀਂ ਜਮਾਤ ਦੇ 4 ਵਿਸ਼ਿਆਂ ਦੀ ਪੇਪਰ ਹੋ ਚੁੱਕੇ ਸਨ ਜਦੋਂ ਕਿ 2 ਜ਼ਰੂਰੀ ਵਿਸ਼ਿਆਂ ਦੀ ਪ੍ਰੀਖਿਆ ਰਹਿੰਦੀ ਸੀ, ਪ੍ਰੰਤੂ ਹੁਣ ਇਨ੍ਹਾਂ ਬੱਚਿਆਂ ਨੂੰ ਪਹਿਲੇ ਪੇਪਰਾਂ ਦੇ ਅੰਕਾਂ ਦੇ ਅਧਾਰ ’ਤੇ ਛੇਵੀਂ ਜਮਾਤ ਵਿੱਚ ਦਾਖ਼ਲ ਦਿੱਤਾ ਜਾਵੇਗਾ। ਇੰਜ ਹੀ ਅੱਠਵੀਂ ਵਿੱਚ ਕੁੱਲ 3 ਲੱਖ 11 ਹਜ਼ਾਰ 847 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਅਪੀਅਰ ਹੋਣਾ ਸੀ ਜਦੋਂਕਿ ਦਸਵੀਂ ਵਿੱਚ 3 ਲੱਖ 32 ਹਜ਼ਾਰ 757 ਵਿਦਿਆਰਥੀਆਂ ਨੇ ਅਪੀਅਰ ਹੋਣਾ ਸੀ। ਇਨ੍ਹਾਂ ਵਿਦਿਆਰਥੀਆਂ ਨੂੰ ਘਰੇਲੂ ਪ੍ਰੀਖਿਆ ਦੇ ਅਧਾਰ ’ਤੇ ਅਗਲੀ ਜਮਾਤ ਵਿੱਚ ਪ੍ਰਮੋਟ ਕੀਤਾ ਜਾਵੇਗਾ।
ਚੇਅਰਮੈਨ ਨੇ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਅਪੀਅਰ ਹੋਣਾ ਹੈ। ਫਿਲਹਾਲ ਅਗਲੇ ਹੁਕਮਾਂ ਤੱਕ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ ਅਤੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮਾਹੌਲ ਸੁਖਾਵਾਂ ’ਤੇ ਬਾਰ੍ਹਵੀਂ ਦੀ ਪ੍ਰੀਖਿਆ ਲੈਣ ਬਾਰੇ ਵਿਚਾਰ ਕੀਤਾ ਜਾਵੇਗਾ।