nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਅਤੇ ਸਕੱਤਰ ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸ਼ਾਮ ਦੇ ਸੈਸ਼ਨ ਵਿੱ‘ਚ 1 ਮਾਰਚ ਤੋਂ 27 ਮਾਰਚ ਤੱਕ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਹੋਵੇਗਾ ਜਦੋਂਕਿ ਦਸਵੀਂ ਜਮਾਤ (ਸਮੇਤ ਓਪਨ ਸਕੂਲ) ਸਵੇਰ ਦੇ ਸੈਸ਼ਨ ਵਿੱ‘ਚ 15 ਮਾਰਚ ਤੋਂ 2 ਅਪਰੈਲ ਤੱਕ ਹੋਵੇਗੀ। ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1.15 ਵਜੇ ਤੱਕ ਦਾ ਹੋਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਈਆਂ ਜਾਣਗੀਆਂ। ਇਸ ਸਬੰਧੀ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਉਡਣ ਦਸਤਿਆਂ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਪ੍ਰਸ਼ਨ ਪੱਤਰ ਲੀਕੇਜ ਅਤੇ ਨਕਲ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਨਾਲ-ਨਾਲ ਓਪਨ ਸਕੂਲ, ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ ਪ੍ਰੀਖਿਆਵਾਂ ਲਈਆਂ ਜਾਣਗੀਆਂ। ਬਾਰ੍ਹਵੀਂ ਦਾ ਪਹਿਲਾ ਪੇਪਰ ਜਨਰਲ ਪੰਜਾਬੀ (002), ਪੰਜਾਬ ਹਿਸਟਰੀ ਐਂਡ ਕਲਚਰ (003) ਲਈ ਸਾਰੇ ਗਰੁੱਪਾਂ ਲਈ ਹੋਵੇਗਾ। ਇੰਝ ਹੀ ਦਸਵੀਂ ਦਾ ਪਹਿਲਾ ਪੇਪਰ ਪੰਜਾਬੀ-ਏ (01), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (07) ਵਿਸ਼ਿਆਂ ਦਾ ਹੋਵੇਗਾ ਅਤੇ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਹੈ।
ਉਨ੍ਹਾਂ ਦੱਸਿਆ ਕਿ ਸੁਣਨ ਤੋਂ ਅਸਮਰਥ ਪ੍ਰੀਖਿਆਵਾਂ ਨੂੰ ਵੱਖਰਾ ਪ੍ਰਸ਼ਨ ਪੱਤਰ (ਕੋਡ) ਦਿੱਤਾ ਜਾਵੇਗਾ। ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਨੇਤਰਹੀਣ, ਗੂੰਗੇ ਬੋਲੇ ਤੇ ਅਪੰਗ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਤਾਂ ਜੋ ਅਜਿਹੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਪ੍ਰੀਖਿਆਰਥੀ ਦਾ ਗ੍ਰੇਡਿੰਗ ਵਾਲੇ ਚੋਣਵੇਂ ਵਿਸ਼ਿਆਂ ’ਚੋਂ ਕਿਸੇ ਵਿਸ਼ੇ/ਵਿਸ਼ਿਆਂ ਦਾ ਕੋਈ ਪੇਪਰ ਕਲੈਸ਼ ਕਰਦਾ ਹੈ ਤਾਂ ਉਸਦੀ ਪ੍ਰਤੀ ਬੇਨਤੀ ’ਤੇ ਮੁੜ ਪ੍ਰੀਖਿਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਈਲ ਫੋਨ ਦੀ ਵਰਤੋਂ ਜਾਂ ਆਪਣੇ ਕੋਲ ਰੱਖਣ ’ਤੇ ਵੀ ਪੂਰੀ ਮਨਾਹੀ ਹੈ।
ਬੋਰਡ ਮੁਖੀ ਨੇ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਸਬੰਧੀ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਕਲ ਰੋਕਣ ਅਤੇ ਸੁਖਾਵੇਂ ਮਾਹੌਲ ਵਿੱਚ ਪ੍ਰੀਖਿਆਵਾਂ ਕਰਵਾਉਣ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੀਖਿਆ ਕੇਂਦਰ ਬਣਾ ਕੇ ਉੱਥੇ ਇੱਕ ਪੱਕਾ ਆਬਜ਼ਰਵਰ ਅਤੇ ਦੋ ਪੁਲੀਸ ਮੁਲਜ਼ਮ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਸਬੰਧੀ ਸਰਹੱਦੀ ਜ਼ਿਲ੍ਹਿਆਂ ਦੇ ਸਕੂਲ ਮੁਖੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗਾਂ ਕਰਕੇ ਪ੍ਰੀਖਿਆਵਾਂ ਦੌਰਾਨ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਤਕੀਂ ਪ੍ਰੀਖਿਆ ਕੇਂਦਰਾਂ ਵਿੱਚ ਹਰੇਕ ਸਕੂਲਾਂ ਦੇ 40 ਫੀਸਦੀ ਅਧਿਆਪਕਾਂ ਨੂੰ ਛੱਡ ਕੇ ਬਾਕੀ 60 ਫੀਸਦੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਤਾਂ ਜੋ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਦੂਜੀਆਂ ਕਲਾਸਾਂ ਦੀਆਂ ਪ੍ਰੀਖਿਆਵਾਂ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਮੁੱਢਲੀਆਂ ਸਹੂਲਤਾਂ ਵਾਲੇ ਪ੍ਰਾਈਵੇਟ ਸਕੂਲਾਂ ਵਿੱਚ ਹੀ ਪ੍ਰੀਖਿਆ ਕੇਂਦਰ ਬਣਾਏ ਜਾਣਗੇ ਅਤੇ ਇੱਕ ਪ੍ਰੀਖਿਆ ਕੇਂਦਰ ਵਿੱਚ 500 ਤੋਂ ਵੱਧ ਵਿਦਿਆਰਥੀ ਨਹੀਂ ਬਿਠਾਏ ਜਾਣਗੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…