ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦਾ ਨਤੀਜਾ ਘੋਸ਼ਿਤ, ਕੁੜੀਆਂ ਦੀ ਝੰਡੀ

ਲੁਧਿਆਣਾ ਦੀ ਅਮੀਸ਼ਾ ਅਰੋੜਾ ਨੇ ਪਹਿਲਾ, ਪ੍ਰਭਜੋਤ ਜੋਸ਼ੀ ਨੂੰ ਦੂਜਾ ਤੇ ਗੁਰਦਾਸਪੁਰ ਦੀ ਰੀਆ ਨੇ ਕੀਤਾ ਤੀਜਾ ਸਥਾਨ ਹਾਸਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਮਾਰਚ 2017 ਵਿੱਚ ਲਈ ਗਈ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆਂ ਗਿਆ। ਪਹਿਲੇ ਤਿੰਨ ਸਥਾਨ ਹਾਸਲ ਕਰਕੇ ਕੁੜੀਆਂ ਫਿਰ ਬਾਜੀ ਮਾਰ ਗਈਆਂ ਹਨ। ਇਸ ਪ੍ਰੀਖਿਆ ਵਿੱਚ ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਦੀ ਵਿਦਿਆਰਥਣ ਅਮੀਸ਼ਾ ਅਰੋੜਾ ਨੇ 450 ’ਚੋਂ 425 ਅੰਕ (98.44 ਫੀਸਦੀ) ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਲੁਧਿਆਣਾ ਦੇ ਹੀ ਬੀ.ਸੀ. ਐਮ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ ਦੀ ਵਿਦਿਆਰਥਣ ਪ੍ਰਭਜੋਤ ਜੋਸ਼ੀ ਨੇ 442 ਅੰਕ (98.22 ਫੀਸਦੀ) ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਟੈਗੋਰ ਸੈਂਟਨਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਰੋਡ ਗੁਰਦਾਸਪੁਰ ਦੀ ਵਿਦਿਆਰਥਣ ਰੀਆ ਨੇ 441 (98 ਫੀਸਦੀ) ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਇਸੇ ਤਰ੍ਹਾਂ ਸਪੋਰਟਸ ਦੀ ਮੈਰਿਟ ਵਿੱਚ ਬਾਬਾ ਸਾਹਿਬ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਫੱਗੂਵਾਲਾ, ਸੰਗਰੂਰ ਦੀ ਹੁਸਨਦੀਪ ਕੌਰ ਨੇ ਪਹਿਲਾ, ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਐਚ.ਐਮ. 150, ਜਮਾਲਪੁਰ ਕਲੋਨੀ, ਫੋਕਲ ਪੁਆਇੰਟ ਲੁਧਿਆਣਾ ਦੀ ਨੈਨਸੀ ਗੋਇਲ ਨੇ ਦੂਜਾ ਅਤੇ ਆਰਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ (ਲੁਧਿਆਣਾ) ਦੇ ਸ਼ਿਵਮ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ। ਜਿਨ੍ਹਾਂ ਦੀ ਜਨਮ ਤਰੀਕ ਨੂੰ ਆਧਾਰ ਬਣਾ ਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਦਿੱਤਾ ਗਿਆ ਹੈ।
ਸਕੂੂਲ ਬੋਰਡ ਦੇ ਚੇਅਰਮੈਨ ਸ੍ਰ. ਬਲਬੀਰ ਸਿੰਘ ਢੋਲ ਵੱਲੋਂ ਜਾਰੀ 12ਵੀਂ ਜਮਾਤ ਦੇ ਨਤੀਜਿਆਂ ਅਨੁਸਾਰ ਇਸ ਵਾਰ ਕੁੱੁਲ 3 ਲੱਖ 14 ਹਜ਼ਾਰ 815 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ। ਜਿਹਨਾਂ ’ਚੋਂ 1,96,321 (62.36 ਫੀਸਦੀ) ਵਿਦਿਆਰਥੀ ਪ੍ਰੀਖਿਆ ਪਾਸ ਕਰਨ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਦੱਸਿਆ ਕਿ 2,85,138 ਵਿਦਿਆਰਥੀਆਂ ਨੇ ਰੈਗੂਲਰ ਅਤੇ 29 ਹਜ਼ਾਰ 677 ਓਪਨ ਸਕੂਲ ਤਹਿਤ ਪ੍ਰੀਖਿਆ ਦਿੱਤੀ ਸੀ। ਜਿਸ ’ਚੋਂ ਕ੍ਰਮਵਾਰ 1,86,278 (65.33 ਫੀਸਦੀ) ਅਤੇ 10043 (33.84 ਫੀਸਦੀ) ਵਿਦਿਅਰਾਥੀ ਪਾਸ ਹੋਏ ਹਨ। ਇਹਨਾਂ ਨਤੀਜਿਆਂ ਵਿੱਚ ਖਾਸ ਗੱਲ ਇਹ ਹੈ ਕਿ ਇਹ ਪ੍ਰੀਖਿਆ ਦੇਣ ਵਾਲੀਆਂ 1,37,600 ’ਚੋਂ 99,877 (72.59 ਫੀਸਦੀ) ਕੁੜੀਆਂ ਪਾਸ ਹੋਈਆਂ ਹਨ ਜਦੋਂ ਕਿ 1,77,215 ਮੁੰਡਿਆਂ ਵਿੱਚੋਂ 96,444 (52.42 ਫੀਸਦੀ) ਮੁੰਡੇ ਹੀ ਪਾਸ ਹੋਏ ਹਨ। ਇਹ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਦੇ ਕੁੱਲ 2995 ਵਿਦਿਆਰਥੀਆਂ ਵਿੱਚੋਂ 92,747 (98.28 ਫੀਸਦੀ) ਵਿਦਿਆਰਥੀ ਪਾਸ ਹੋਏ ਹਨ।
ਬੋਰਡ ਵੱਲੋਂ ਜਾਰੀ ਕੀਤੀ ਗਈ 350 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਲੁਧਿਆਣਾ ਦੇ 139 ਵਿਦਿਆਰਥੀਆਂ ਨੇ ਥਾਂ ਹਾਸਲ ਕੀਤੀ ਹੈ ਜਦੋਂ ਕਿ ਜ਼ਿਲ੍ਹਾ ਫਰੀਦਕੋਟ ਦਾ ਕੋਈ ਵੀ ਵਿਦਿਆਰਥੀ ਮੈਰਿਟ ਸੂਚੀ ਵਿੱਚ ਥਾਂ ਨਹੀਂ ਬਣਾ ਪਾਇਆ। ਇਸ ਵਾਰ ਜ਼ਿਲ੍ਹਾ ਐਸਏਐਸ ਨਗਰ ਦੇ ਚਾਰ ਵਿਦਿਆਰਥੀਆਂ ਨੂੰ ਮੈਰਿਟ ਸੂਚੀ ਵਿੱਚ ਥਾਂ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀ ਆਪਣਾ ਨਤੀਜਾ ਭਲਕੇ 14 ਮਈ ਨੂੰ ਸਵੇਰੇ 9 ਵਜੇ ਤੋਂ ਬਾਅਦ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ’ਤੇ ਦੇਖ ਸਕਣਗੇ। ਬੋਰਡ ਮੁਖੀ ਨੇ ਕਿਹਾ ਕਿ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਆਪਣੇ ਨਤੀਜੇ ਦੀ ਰੀਚੈਕਿੰਗ ਕਰਵਾਉਣੀ ਹੈ, ਉਹ ਨਤੀਜਾ ਜਾਰੀ ਹੋਣ ਤੋਂ 10 ਦਿਨਾਂ ਦੇ ਅੰਦਰ-ਅੰਦਰ ਆਪਣੇ ਫਾਰਮ ਬੋਰਡ ਕੋਲ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ। ਇਹ ਫਾਰਮ ਅਤੇ ਫੀਸ ਬੋਰਡ ਦੇ ਮੁੱਖ ਦਫ਼ਤਰ ਵਿੱਚ ਜਮ੍ਹਾ ਹੋਵੇਗੀ। ਰੀਚੈਕਿੰਗ ਸਬੰਧੀ ਫਾਰਮ ਬੋਰਡ ਦੀ ਵੈਬਸਾਈਟ ’ਤੇ ਉਪਲਬਧ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਤੀਜਾ ਛਾਪ ਰਹੀਆਂ ਫਰਮਾਂ ਅਤੇ ਇਸ ਨਾਲ ਸਬੰਧਤ ਕੋਈ ਵੀ ਸੰਸਥਾ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਤੀਜੇ ਦੇ ਛਪਣ ਵਿੱਚ ਕਿਸੇ ਗਲਤੀ ਲਈ ਜ਼ਿੰਮੇਵਾਰ ਨਹੀਂ ਹੈ। ਘੋਸ਼ਿਤ ਕੀਤਾ ਗਿਆ ਨਤੀਜਾ ਕੇਵਲ ਤੇ ਕੇਵਲ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਇਸ ਨੂੰ ਅਸਲ ਨਤੀਜਾ ਨਹੀਂ ਮੰਨਿਆ ਜਾ ਸਕਦਾ ਹੈ। ਅਸਲ ਨਤੀਜਾ ਕਾਰਡ ਬੋਰਡ ਵੱਲੋਂ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…