Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਪੱਬਾਂ ਭਾਰ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਲਈ 2484 ਪ੍ਰੀਖਿਆ ਕੇਂਦਰ ਬਣਾਏ, 176 ਸੰਵੇਦਨਸ਼ੀਲ ਤੇ 72 ਅਤਿ ਸੰਵੇਦਨਸ਼ੀਲ ਐਲਾਨੇ ਚੇਅਰਮੈਨ ਕਲੋਹੀਆ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪ੍ਰਸ਼ਨ ਪੱਤਰ ਜ਼ਿਲ੍ਹਾ ਡਿੱਪੂਆਂ ਰਾਹੀਂ ਵੱਖ ਵੱਖ ਬੈਂਕਾਂ ਵਿੱਚ ਭੇਜੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਵਿੱਚ ਲਈ ਜਾਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਦਾ ਤਹੱਈਆ ਕੀਤਾ ਹੈ। ਇਸ ਸਬੰਧੀ ਐਤਕੀਂ ਪਹਿਲੇ ਸਮਿਆਂ ਨਾਲੋਂ ਵਧੇਰੇ ਸਖ਼ਤੀ ਅਤੇ ਚੌਕਸੀ ਵਰਤੀ ਜਾ ਰਹੀ ਹੈ। ਪੰਜਾਬ ਭਰ ਵਿੱਚ 2484 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ’ਚੋਂ 176 ਸੰਵੇਦਨਸ਼ੀਲ ਅਤੇ 72 ਕੇਂਦਰਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆਂ ਗਿਆ ਹੈ। ਬਾਰ੍ਹਵੀਂ ਦੀ ਪ੍ਰੀਖਿਆ 1 ਮਾਰਚ ਨੂੰ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਅੱਜ ਬੋਰਡ ਮੈਨੇਜਮੈਂਟ ਵੱਲੋਂ ਸੋਮਵਾਰ ਨੂੰ ਪ੍ਰਸ਼ਨ ਪੱਤਰ 14 ਟਰੱਕਾਂ ਵਿੱਚ ਸੀਲ ਕਰਕੇ ਜ਼ਿਲ੍ਹਾ ਬੁੱਕ ਡਿੱਪੂਆਂ ਰਾਹੀਂ ਵੱਖ ਵੱਖ ਬੈਂਕਾਂ ਵਿੱਚ ਭੇਜੇ ਗਏ ਹਨ। ਇਸ ਤੋਂ ਪਹਿਲਾਂ ਸਿੱਖਿਆ ਬੋਰਡ ਚੇਅਰਮੈਨ ਮਨੋਹਰ ਕਾਂਤ ਕਲੋਹੀਆਂ ਨੇ ਪ੍ਰਸ਼ਨ ਪੱਤਰ ਲਿਜਾ ਰਹੇ ਟਰੱਕਾਂ ਦੀ ਚੈਕਿੰਗ ਕੀਤੀ ਅਤੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ ਨੇ ਬੋਰਡ ਮੁਖੀ ਨੂੰ ਦੱਸਿਆ ਕਿ 14 ਟਰੱਕਾਂ ਵਿੱਚ ਪ੍ਰਸ਼ਨ ਪੱਤਰਾਂ ਦੇ ਬੰਡਲ ਸਕੂਲ ਬੋਰਡ ਦੇ 22 ਜ਼ਿਲ੍ਹਿਆਂ ਵਿੱਚ ਸਥਿਤ ਜ਼ਿਲ੍ਹਾ ਪੱਧਰੀ ਬੁੱਕ ਡਿੱਪੂਆਂ ਵਿੱਚ ਭੇਜੇ ਗਏ ਹਨ। ਜਿੱਥੋਂ ਇਨ੍ਹਾਂ ਨੂੰ ਵੱਖ ਵੱਖ ਨਿਰਧਾਰਿਤ ਬੈਂਕਾਂ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਟਰੱਕ ਵਿੱਚ ਬੋਰਡ ਦੇ 2-2 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਇਨ੍ਹਾਂ ਬੰਡਲਾਂ ਨੂੰ ਖੇਤਰੀ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦਫ਼ਤਰੀ ਸਟਾਫ਼ ਨੇ ਸਨਿੱਚਰਵਾਰ ਅਤੇ ਐਤਵਾਰ ਦੀ ਵੀ ਛੁੱਟੀ ਨਹੀਂ ਕੀਤੀ ਸਗੋਂ ਤੜਕੇ ਸਵੇਰੇ ਤੱਕ ਸੇਵਾ ਭਾਵਨਾ ਨਾਲ ਡਿਊਟੀ ਨਿਭਾਈ ਹੈ। ਸਿੱਖਿਆ ਬੋਰਡ ਦੇ ਮੁਖੀ ਨੇ ਦੱਸਿਆ ਕਿ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸ਼ਾਮ ਦੇ ਸੈਸ਼ਨ ਵਿੱ‘ਚ 1 ਮਾਰਚ ਤੋਂ 27 ਮਾਰਚ ਤੱਕ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਹੋਵੇਗਾ ਜਦੋਂਕਿ ਦਸਵੀਂ ਜਮਾਤ (ਸਮੇਤ ਓਪਨ ਸਕੂਲ) ਸਵੇਰ ਦੇ ਸੈਸ਼ਨ ਵਿੱ‘ਚ 15 ਮਾਰਚ ਤੋਂ 2 ਅਪਰੈਲ ਤੱਕ ਹੋਵੇਗੀ। ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1.15 ਵਜੇ ਤੱਕ ਦਾ ਹੋਵੇਗਾ। ਡੇਟਸ਼ੀਟ, ਵਿਦਿਆਰਥੀਆਂ ਦੇ ਰੋਲ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਹੈ। ਸ੍ਰੀ ਕਲੋਹੀਆ ਨੇ ਦੱਸਿਆ ਕਿ ਇਸ ਵਾਰ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 3 ਲੱਖ 13 ਹਜ਼ਾਰ 202 ਵਿਦਿਆਰਥੀ ਅਪੀਅਰ ਹੋਣਗੇ ਜਦੋਂਕਿ 3 ਲੱਖ 93 ਹਜ਼ਾਰ 476 ਵਿਦਿਆਰਥੀ ਦਸਵੀਂ ਦੀ ਪ੍ਰੀਖਿਆ ਦੇਣਗੇ। ਵਿਦਿਆਰਥੀਆਂ ਦੀ ਸਹੂਲਤ ਲਈ ਪੰਜਾਬ ਭਰ ਵਿੱਚ 2484 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ’ਚੋਂ 176 ਸੰਵੇਦਨਸ਼ੀਲ ਅਤੇ 72 ਕੇਂਦਰਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆਂ ਗਿਆ ਹੈ। ਇਨ੍ਹਾਂ ਥਾਵਾਂ ’ਤੇ ਸੀਸੀਟੀਵੀ ਕੈਮਰਿਆਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਕਲ ਰੋਕਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਬੋਰਡ ਮੁਖੀ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ 270 ਉਡਣ ਦਸਤੇ ਬਣਾਏ ਗਏ ਹਨ। ਜਿਨ੍ਹਾਂ ਨੂੰ ਬੀਟਾਂ ਦੀ ਵੰਡ ਕਰਕੇ ਡਿਊਟੀਆਂ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਓਵਰਆਲ ਇੰਚਾਰਜ ਹੋਣਗੇ। ਉਨ੍ਹਾਂ ਦੱਸਿਆ ਕਿ ਉਡਣ ਦਸਤਿਆਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਚੈਕਿੰਗ ਦੌਰਾਨ ਪ੍ਰੀਖਿਆ ਦਾ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਤਲਾਸ਼ੀ ਦੌਰਾਨ ਵਿਦਿਆਰਥੀਆਂ ਦੇ ਮਨਾਂ ਵਿੱਚ ਦਹਿਸ਼ਤ ਨਾ ਪਾਈ ਜਾਵੇ। (ਬਾਕਸ ਆਈਟਮ) ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ ਨੇ ਦੱਸਿਆ ਕਿ ਹਰੇਕ ਪ੍ਰੀਖਿਆ ਕੇਂਦਰ ਵਿੱਚ 11 ਸੁਪਰਡੈਂਟ ਅਤੇ ਅਬਜ਼ਰਵਰ ਸਮੇਤ ਸਬੰਧਤ ਪ੍ਰੀਖਿਆ ਅਮਲੇ ਦੀ ਤਾਇਨਾਤੀ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਅਬਜ਼ਰਵਰਾਂ ਦੀ ਰੋਜ਼ਾਨਾ ਡਿਊਟੀ ਚੇਂਜ ਹੋਵੇਗੀ ਜਦੋਂਕਿ ਡਿਪਟੀ ਕੰਟਰੋਲਰ (ਵਿਜੀਲੈਂਸ) ਪ੍ਰੀਖਿਆ ਕੇਂਦਰਾਂ ਦੇ ਬਾਹਰ ਅਮਨ ਕਾਨੂੰਨ ਅਤੇ ਬਾਹਰਲੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਡਿਊਟੀ ਦੇਣਗੇ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਮਹਿਜ਼ ਅੱਧਾ ਘੰਟਾ ਪਹਿਲਾਂ ਹੀ ਬੈਂਕਾਂ ’ਚੋਂ ਪ੍ਰਸ਼ਨ ਪੱਤਰ ਕੱਢੇ ਜਾ ਸਕਣਗੇ। ਇਸ ਸਬੰਧੀ ਬੈਂਕ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਪ੍ਰਸ਼ਨ ਪੱਤਰਾਂ ਦੇ ਬੰਡਲ ਸਿਰਫ਼ ਅਧਿਕਾਰਤ ਨੁਮਾਇੰਦਿਆਂ ਨੂੰ ਦਿੱਤੇ ਜਾਣ ਤਾਂ ਜੋ ਪ੍ਰਸ਼ਨ ਪੱਤਰ ਲੀਕ ਨਾ ਹੋ ਸਕਣ। (ਬਾਕਸ ਆਈਟਮ) ਸੁਣਨ ਤੋਂ ਅਸਮਰਥ ਪ੍ਰੀਖਿਆਵਾਂ ਨੂੰ ਵੱਖਰਾ ਪ੍ਰਸ਼ਨ ਪੱਤਰ (ਕੋਡ) ਦਿੱਤਾ ਜਾਵੇਗਾ। ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਨੇਤਰਹੀਣ, ਗੂੰਗੇ ਬੋਲੇ ਤੇ ਅਪੰਗ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਤਾਂ ਜੋ ਅਜਿਹੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਪ੍ਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਈਲ ਫੋਨ ਦੀ ਵਰਤੋਂ ਜਾਂ ਆਪਣੇ ਕੋਲ ਰੱਖਣ ’ਤੇ ਵੀ ਪੂਰੀ ਮਨਾਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ